ਕੈਂਟਰ ਤੇ ਪਿੱਕਅਪ ਵਿਚਾਲੇ ਟੱਕਰ ਕਾਰਨ 11 ਹਲਾਕ
ਅਸ਼ੋਕ ਸੀਕਰੀ/ਸੰਜੀਵ ਹਾਂਡਾ
ਗੁਰੂਹਰਸਹਾਏ/ਫਿਰੋਜ਼ਪੁਰ, 31 ਜਨਵਰੀ
ਗੁਰੂਹਰਸਹਾਏ ਨੇੜਲੇ ਪਿੰਡ ਮੋਹਨ ਕੇ ਹਿਠਾੜ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਸਾਹਮਣੇ ਅੱਜ ਸਵੇਰੇ ਕੈਂਟਰ ਅਤੇ ਪਿੱਕਅਪ ਵਿਚਾਲੇ ਹੋਈ ਟੱਕਰ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲੀਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ’ਤੇ ਦੁੁੱਖ ਪ੍ਰਗਟਾਇਆ ਹੈ।
ਜ਼ਖ਼ਮੀ ਲੜਕੇ ਨੇ ਦੱਸਿਆ ਕਿ ਪਿੱਕਅਪ (ਪੀਬੀ22 ਸੀਸੀ8791) ਵਿੱਚ ਸਵਾਰ 40 ਲੜਕੇ ਗੁਰੂ ਹਰਸਹਾਏ ਤੋਂ ਜਲਾਲਾਬਾਦ ਵੇਟਰ ਦਾ ਕੰਮ ਕਰਨ ਜਾ ਰਹੇ ਸਨ। ਇਸ ਦੌਰਾਨ ਪਿੱਕਅਪ ਸਾਹਮਣਿਓਂ ਆ ਰਹੇ ਕੈਂਟਰ (ਆਰਜੇ19 ਜੀਜੀ2581) ਨਾਲ ਟਕਰਾਅ ਗਈ। ਮ੍ਰਿਤਕਾਂ ਦੀ ਪਛਾਣ ਰਾਕੇਸ਼, ਰੋਹਿਤ, ਸਾਹਿਲ, ਬੱਗਾ, ਅਜੈ, ਚਾਂਦ, ਵਿੱਕੀ, ਸਤਨਾਮ, ਬਾਊ, ਰਾਮ, ਰਵੀ ਅਤੇ ਵਿੱਕੀ ਵਜੋਂ ਹੋਈ ਹੈ। ਇਹ ਸਾਰੇ ਗੁਰੂਹਰਸਹਾਏ ਦੇ ਵਸਨੀਕ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਐਕਸ ’ਤੇ ਕਿਹਾ, ‘ਫਿਰੋਜ਼ਪੁਰ ਵਿੱਚ ਚੜ੍ਹਦੀ ਸਵੇਰ ਕੈਂਟਰ ਅਤੇ ਪਿੱਕਅਪ ਗੱਡੀ ਦੀ ਆਪਸੀ ਟੱਕਰ ਕਾਰਨ ਹਾਦਸੇ ਦੀ ਖ਼ਬਰ ਮਿਲੀ, ਜਿਸ ਵਿੱਚ ਵਿਆਹ ਲਈ ਜਾ ਰਹੇ ਕੁੱਝ ਵੇਟਰਾਂ ਦੀ ਮੌਤ ਹੋ ਗਈ ਅਤੇ ਕੁੱਝ ਜ਼ਖ਼ਮੀ ਦੱਸੇ ਜਾ ਰਹੇ ਹਨ। ਮੈਂ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ਵਿੱਚ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ।’ ਇਸੇ ਤਰ੍ਹਾਂ ਵਿਧਾਇਕ ਫ਼ੌਜਾ ਸਿੰਘ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾ ਦੌਰਾ ਕਰਕੇ ਜ਼ਖਮੀਆਂ ਦਾ ਹਾਲ ਪੁੱਛਿਆ ਅਤੇ ਉਨ੍ਹਾਂ ਦਾ ਸਮੁੱਚਾ ਇਲਾਜ ਸੂਬਾ ਸਰਕਾਰ ਵੱਲੋਂ ਕਰਵਾਉਣ ਦਾ ਭਰੋਸਾ ਦਿੱਤਾ।