ਸਰਹੱਦ ਟੱਪਣ ਦੀ ਕੋਸ਼ਿਸ਼ ਕਰਦੇ 11 ਬੰਗਲਾਦੇਸ਼ੀ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ/ਦਿਲਬਾਗ ਸਿੰਘ ਗਿੱਲ
ਅੰਮ੍ਰਿਤਸਰ/ਅਟਾਰੀ, 13 ਅਕਤੂਬਰ
ਪਾਕਿਸਤਾਨ ਜਾਣ ਦਾ ਯਤਨ ਕਰ ਰਹੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਅਟਾਰੀ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ’ਚ ਮੁਹੰਮਦ ਸਨੂਰ ਅਲੀ (52), ਅਲਾਉਦੀਨ (25), ਖਾਲਿਦ ਹੁਸੈਨ (32), ਮਿਮਾਰ ਮੀਆ (15), ਇਸਮਾਈਲ ਹੁਸੈਨ (13), ਰਜਨਾ ਬੇਗਮ (23), ਮੈਨਾ ਬੇਗਮ (24), ਨਾਜ਼ਮੀਨ (13), ਤਮੀਮ (13), ਜੋਮੀਰ ਅਲੀ (20) ਅਤੇ ਫੈਮ (13) ਸ਼ਾਮਲ ਹਨ। ਇਨ੍ਹਾਂ ’ਚ ਇੱਕ ਔਰਤ ਗਰਭਵਤੀ ਹੈ। ਇਸ ਤੋਂ ਇਲਾਵਾ ਇਕ ਸਥਾਨਕ ਵਿਅਕਤੀ ਰਣਜੀਤ ਸਿੰਘ ਵਾਸੀ ਝਬਾਲ ਜ਼ਿਲ੍ਹਾ ਤਰਨ ਤਾਰਨ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਇਹ ਸਾਰੇ ਚੰਗੇ ਰੁਜ਼ਗਾਰ ਦੀ ਭਾਲ ਵਿੱਚ ਪਾਕਿਸਤਾਨ ਰਸਤੇ ਇਰਾਨ ਜਾਣਾ ਚਾਹੁੰਦੇ ਸਨ। ਇਹ ਸਾਰੇ ਰਣਜੀਤ ਸਿੰਘ ਤੇ ਇੱਕ ਹੋਰ ਅਣਪਛਾਤੇ ਵਿਅਕਤੀ ਦੀ ਮਦਦ ਨਾਲ ਸਰਹੱਦੀ ਪਿੰਡ ਰੋੜਾਂਵਾਲਾ ਦੇ ਕੋਲੋਂ ਆਈਸੀਪੀ ਦੀ 11 ਫੁੱਟ ਉੱਚੀ ਕੰਧ ’ਤੇ ਲੱਗੀ ਕੰਡਿਆਲੀ ਤਾਰ ਨੂੰ ਕੱਟਣ ਮਗਰੋਂ ਕੰਧ ਤੋਂ ਪਾਰ ਜਾਣ ਵਿੱਚ ਸਫਲ ਹੋ ਗਏ ਸਨ। ਜਾਣਕਾਰੀ ਮੁਤਾਬਕ ਇਹ ਸਾਰੇ ਪੱਛਮੀ ਬੰਗਾਲ ਦੇ ਏਜੰਟਾਂ ਦੀ ਮਦਦ ਨਾਲ ਦੋ ਅਕਤੂਬਰ ਨੂੰ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਏ ਅਤੇ 11 ਅਕਤੂਬਰ ਨੂੰ ਅੰਮ੍ਰਿਤਸਰ ਪੁੱਜੇ। ਉਨ੍ਹਾਂ ਨੇ ਅਟਾਰੀ ਸਰਹੱਦ ’ਤੇ ਰੀਟਰੀਟ ਰਸਮ ਦੇਖੀ ਅਤੇ ਪਾਕਿਸਤਾਨ ਵਿਚ ਦਾਖਲ ਹੋਣ ਦੀ ਸਥਿਤੀ ਦਾ ਜਾਇਜ਼ਾ ਲਿਆ। ਇਥੇ ਹੀ ਉਹ ਰਣਜੀਤ ਸਿੰਘ ਦੇ ਸੰਪਰਕ ਵਿਚ ਆਏ, ਜਿਸ ਨੇ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੇ ਬਦਲੇ ਪ੍ਰਤੀ ਵਿਅਕਤੀ 25,000 ਰੁਪਏ ਦੀ ਮੰਗ ਕੀਤੀ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਉਪ ਕਪਤਾਨ ਗੁਰਿੰਦਰ ਪਾਲ ਸਿੰਘ ਨਾਗਰਾ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਪੰਜ ਪਾਸਪੋਰਟ ਬਰਾਮਦ ਕੀਤੇ ਹਨ, ਜਿਸ ਉਪਰ ਨਾ ਤਾਂ ਭਾਰਤ ਵਿੱਚ ਅਤੇ ਨਾ ਹੀ ਪਾਕਿਸਤਾਨ ’ਚ ਦਾਖਲ ਹੋਣ ਦਾ ਵੀਜ਼ਾ ਹੈ। ਇਸ ਮਾਮਲੇ ’ਚ ਪੱਛਮੀ ਬੰਗਾਲ ਦੇ ਤਿੰਨ ਫਰਜ਼ੀ ਏਜੰਟਾਂ ’ਤੇ ਵੀ ਕੇਸ ਦਰਜ ਕੀਤਾ ਹੈ।
ਸਰਹੱਦ ਤੋਂ ਇੱਕ ਭਾਰਤੀ ਨਾਗਰਿਕ ਕਾਬੂ
ਅਟਾਰੀ (ਪੱਤਰ ਪ੍ਰੇਰਕ): ਭਾਰਤ-ਪਾਕਿਸਤਾਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਨੇੜੇ ਘੁੰਮ ਰਹੇ ਇੱਕ ਭਾਰਤੀ ਨਾਗਰਿਕ ਨੂੰ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦੀ ਪਛਾਣ ਰਵਿੰਦਰ ਵਾਸੀ ਡੀ ਬਲਾਕ ਸ਼ਾਸਤਰੀ ਨਗਰ, ਜ਼ਿਲ੍ਹਾ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਕਤ ਭਾਰਤੀ ਨਾਗਰਿਕ ਗੈਰਕਾਨੂੰਨੀ ਢੰਗ ਨਾਲ ਕੰਡਿਆਲੀ ਤਾਰ ਨੇੜੇ ਘੁੰਮ ਰਿਹਾ ਸੀ, ਜਿਸ ’ਤੇ ਥਾਣਾ ਘਰਿੰਡਾ ਵਿੱਚ ਕੇਸ ਦਰਜ ਕੀਤਾ ਗਿਆ ਹੈ।