ਚੋਰੀ ਦੇ ਮੋਬਾਈਲ ਫੋਨਾਂ ਤੇ ਵਾਹਨਾਂ ਸਣੇ 11 ਕਾਬੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਅਕਤੂਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਚੋਰੀ ਦੇ ਮੋਬਾਈਲ ਫੋਨਾਂ ਅਤੇ ਵਾਹਨਾਂ ਸਣੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਰਾਇਮ ਬ੍ਰਾਂਚ-2 ਦੇ ਥਾਣੇਦਾਰ ਧਨਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਗੋਪਾਲ ਨਗਰ ਚੌਕ ਟਿੱਬਾ ਰੋਡ ਤੋਂ ਲਵਲੀ ਵਰਮਾ ਤੇ ਵਿਨੈ ਕੁਮਾਰ ਨੂੰ ਸਕੂਟਰੀ ’ਤੇ ਸਵਾਰ ਹੋ ਕੇ ਸ਼ੰਕਰ ਕਲੋਨੀ ਨੇੜੇ ਕੂੜਾ ਡੰਪ ਪਾਸ ਖੜਕੇ ਖੋਹ ਕੀਤੇ ਫੋਨ ਵੇਚਣ ਲਈ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰਕੇ ਉਨ੍ਹਾਂ ਕੋਲੋਂ ਸੱਤ ਮੋਬਾਈਲ ਫੋਨ, ਇੱਕ ਦਾਤ ਲੋਹਾ ਤੇ ਸਕੂਟਰੀ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਉਨ੍ਹਾਂ ਦੇ ਸਾਥੀ ਸੋਨੂੰ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੂੰ ਰਾਜੂ ਕਲੋਨੀ ਵਾਸੀ ਅਨੀਕੇਤ ਕੁਮਾਰ ਦੀ ਸ਼ਿਕਾਇਤ ’ਤੇ ਪੜਤਾਲ ਦੌਰਾਨ ਗੁਰਪ੍ਰੀਤ ਸਿੰਘ ਵਾਸੀ ਨਿਊ ਸ਼ਿਮਲਾਪੁਰੀ, ਹਰਦੀਪ ਸਿੰਘ ਵਾਸੀ ਪ੍ਰੀਤ ਨਗਰ ਨਿਊ ਸ਼ਿਮਲਾਪੁਰੀ, ਪਲਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਤੇ ਰਾਹੁਲ ਵਾਸੀ ਜੁਝਾਰ ਨਗਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਥਾਣਾ ਸ਼ਿਮਲਾਪੁਰੀ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ ਗਸ਼ਤ ਦੌਰਾਨ ਚਰਨਜੀਤ ਸਿੰਘ ਵਾਸੀ ਨਿਊ ਅਜ਼ਾਦ ਨਗਰ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਦਾਣਾ ਮੰਡੀ ਵੋਲ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਦੁੱਗਰੀ ਦੇ ਥਾਣੇਦਾਰ ਸੁਖਦੇਵ ਰਾਜ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਆਹਦ, ਮੁਹੰਮਦ ਫੈਜਲ, ਆਸ ਮੁਹੰਮਦ ਤੇ ਮੁਹੰਮਦ ਸੋਇਬ ਵਾਸੀਆਨ ਫੁੱਲਾਂਵਾਲ ਨੂੰ ਐਕਟਿਵਾ ਤੇ ਮੋਟਰਸਾਈਕਲ ’ਤੇ ਫਰਜ਼ੀ ਨੰਬਰ ਲਗਾ ਕਿ ਸੀਆਰਪੀ ਕਲੋਨੀ ਦੁੱਗਰੀ ਪੀਰਾਂ ਦੀ ਜਗ੍ਹਾ ਪਾਸ ਕੋਲ ਘੁੰਮਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ ਐਕਟਿਵਾ ਸਕੂਟਰ ਅਤੇ ਬਰਾਮਦ ਕੀਤਾ ਹੈ।