ਬੰਗਲਾਦੇਸ਼ੀਆਂ ਦੀ ਘੁਸਪੈਠ ਕਰਾਉਣ ਦੇ ਦੋਸ਼ ਹੇਠ 11 ਗ੍ਰਿਫ਼ਤਾਰ
ਨਵੀਂ ਦਿੱਲੀ, 24 ਦਸੰਬਰ
ਸਥਾਨਕ ਪੁਲੀਸ ਨੇ ਅੱਜ ਬੰਗਾਲਾਦੇਸ਼ੀਆਂ ਨੂੰ ਗ਼ੈਰਕਾਨੂੰਨੀ ਘੁਸਪੈਠ ਕਰਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ 11 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਵਿੱਚੋਂ ਚਾਰ ਵਿਅਕਤੀ ਬੰਗਲਾਦੇਸ਼ੀ ਹਨ ਅਤੇ ਬਾਕੀ ਫ਼ਰਜ਼ੀ ਦਸਤਾਵੇਜ਼ ਬਣਾਉਣ ਦੇ ਮਾਹਿਰ ਸਨ। ਪੁਲੀਸ ਉਪ ਕਪਤਾਨ (ਡੀਸੀਪੀ) ਦੱਖਣ ਅੰਕਿਤ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ 21 ਅਕਤੂਬਰ ਨੂੰ ਸੰਗਮ ਵਿਹਾਰ ਵਿੱਚ ਹੱਤਿਆ ਦੇ ਮਾਮਲੇ ਸਬੰਧੀ ਚਾਰ ਮੁਲਜ਼ਮਾਂ ਨੂੰ ਲੱਭਿਆ ਤਾਂ ਇਸ ਗਰੋਹ ਦਾ ਪਰਦਾਫਾਸ਼ ਹੋਇਆ। ਬੰਗਲਾਦੇਸ਼ੀ ਨਾਗਰਿਕ ਮਿਦੁਲ ਮੀਆਂ ਉਰਫ਼ ਅਕਾਸ਼ ਅਹਿਮਦ ਅਤੇ ਫਰਦੀਨ ਅਹਿਮਦ ਉਰਫ਼ ਅਭੀ ਅਹਿਮਦ ਨੂੰ ਉਸ ਦੀਆਂ ਪਤਨੀਆਂ ਨਾਲ ਸੇਂਤੂ ਸ਼ੇਖ ਉਰਫ਼ ਰਾਜਾ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਗ਼ੈਰਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖ਼ਲ ਹੋ ਗਏ ਸਨ ਅਤੇ ਕਈ ਸਾਲਾਂ ਤੋਂ ਸੰਗਮ ਵਿਹਾਰ ਵਿੱਚ ਰਹਿ ਰਹੇ ਸਨ। ਉਨ੍ਹਾਂ ਕੋਲ ਬੰਗਲਾਦੇਸ਼ ਦੇ ਪਛਾਣ ਪੱਤਰ ਅਤੇ ਜਨਮ ਸਰਟੀਫਿਕੇਟ ਮਿਲੇ। ਮੁਲਜ਼ਮ ਦੇ ਘਰੋਂ ਕਰੀਬ 21 ਆਧਾਰ ਕਾਰਡ, ਚਾਰ ਵੋਟਰ ਪਛਾਣ ਕਾਰਡ ਅਤੇ ਅੱਠ ਪੈਨ ਕਾਰਡ ਮਿਲੇ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਮਗਰੋਂ ਰੋਹਿਣੀ ਸੈਕਟਰ ਪੰਜ ਵਿੱਚ ਸਥਿਤ ਪੂਨਮ ਆਨਲਾਈਨ ਕੰਪਿਊਟਰ ਸੈਂਟਰ ਦੇ ਸੰਚਾਲਕ ਸਾਹਿਲ ਸਹਿਗਲ (26) ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਕੇਂਦਰ ਤੋਂ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ ਸਨ। ਰੋਹਿਨੀ ਸੈਕਟਰ ਸੱਤ ਵਾਸੀ ਰਣਜੀਤ ਸੈਕਟਰ ਪੰਜ ਵਿੱਚ ਸਥਿਤ ਕਰਨਾਟਕ ਬੈਂਕ ਵਿੱਚ ਅਧਿਕਾਰਰਤ ਆਧਾਰ ਕਾਰਡ ਆਪਰੇਟਰ ਅਫਰੋਜ਼ (25) ਨਾਲ ਮਿਲ ਕੇ ਕੰਮ ਕਰਦਾ ਸੀ। ਉਸ ਨੇ ਫਰਜ਼ੀ ਦਸਤਾਵੇਜ਼ਾਂ ’ਤੇ ਆਧਾਰ ਕਾਰਡ ਬਣਾਉਣ ਵਿੱਚ ਅਫਰੋਜ਼ ਦੀ ਮਦਦ ਕੀਤੀ। ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਰਜ਼ੀ ਦਸਤਾਵੇਜ਼ਾਂ ਲਈ ਪੇਟੀਐੱਮ ਰਾਹੀਂ ਉੱਤਮ ਨਗਰ ਵਾਸੀ ਮੁਹੰਮਦ ਚਾਂਦ(28) ਨੂੰ ਅਦਾਇਗੀ ਕੀਤੀ ਜਾਂਦੀ ਸੀ। ਉਸ ਨੂੰ ਵਿਕਾਸ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਚਾਂਦ ਆਪ ਦੋ ਫ਼ੀਸਦ ਕਮਿਸ਼ਨ ਰੱਖਦਾ ਸੀ ਜਦੋਂਕਿ ਬਾਕੀ ਰਾਸ਼ੀ ਉੱਤਮ ਨਗਰ ਵਾਸੀ ਸਦਾਮ ਹੁਸੈਨ ਨੂੰ ਦਿੰਦਾ ਸੀ। ਪੁਲੀਸ ਨੇ ਸਦਾਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਵੈੱਬਸਾਈਟ ਉਸ ਦਾ ਸਾਥੀ ਦੀਪਕ ਮਿਸ਼ਰਾ ਚਲਾਉਂਦਾ ਸੀ। ਪੁਲੀਸ ਨੇ ਦੀਪਕ ਮਿਸ਼ਰਾ (34) ਨੂੰ ਅੰਬਾਲਾ ਤੋਂ ਕਾਬੂ ਕਰ ਲਿਆ। ਇਸੇ ਸਬੰਧ ਵਿੱਚ ਪੁਲੀਸ ਨੇ ਉਸ ਦੇ ਸਾਲੇ ਸੋਨੂੰ ਕੁਮਾਰ ਨੂੰ ਨੌਇਡਾ ਤੋਂ ਗ੍ਰਿਫ਼ਤਾਰ ਕਰ ਲਿਆ। -ਪੀਟੀਆਈ