For the best experience, open
https://m.punjabitribuneonline.com
on your mobile browser.
Advertisement

ਸੀਵਰੇਜ ਦੇ ਪਾਣੀ ਕਾਰਨ 11 ਏਕੜ ਜ਼ਮੀਨ ਬਰਬਾਦ

07:33 AM Jun 11, 2024 IST
ਸੀਵਰੇਜ ਦੇ ਪਾਣੀ ਕਾਰਨ 11 ਏਕੜ ਜ਼ਮੀਨ ਬਰਬਾਦ
ਕਿਸਾਨਾਂ ਦੀ ਜ਼ਮੀਨ ਵਿੱਚ ਭਰਿਆ ਹੋਇਆ ਸੀਵਰੇਜ ਦਾ ਪਾਣੀ।
Advertisement

ਸੰਜੀਵ ਤੇਜਪਾਲ
ਮੋਰਿੰਡਾ, 10 ਜੂਨ
ਮੋਰਿੰਡਾ ਦੇ ਲਗਪਗ ਛੇ ਕਿਸਾਨਾਂ ਦੀ 11 ਏਕੜ ਦੇ ਕਰੀਬ ਜ਼ਮੀਨ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਪਾਣੀ ਦੀ ਭੇਂਟ ਚੜ੍ਹ ਰਹੀ ਹੈ। ਇਸ ਜ਼ਮੀਨ ਦੇ ਮਾਲਕ ਛੋਟੇ ਕਿਸਾਨ ਹਨ, ਉਨ੍ਹਾਂ ਕੋਲ ਸਰਕਾਰ ਨਾਲ ਮੱਥਾ ਲਾਉਣ ਦੀ ਹਿੰਮਤ ਨਹੀਂ ਹੈ ਅਤੇ ਨਾ ਹੀ ਅਦਾਲਤ ਵਿੱਚ ਜਾ ਕੇ ਆਪਣਾ ਹੱਕ ਲੈਣ ਦੀ ਸਮਰੱਥਾ ਹੈ। ਪੀੜਤ ਕਿਸਾਨ ਸੰਤੋਖ ਸਿੰਘ, ਰੁਪਿੰਦਰ ਸਿੰਘ, ਦਲਜਿੰਦਰ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 11 ਏਕੜ ਦੇ ਕਰੀਬ ਜ਼ਮੀਨ ਹੈ ਜੋ ਸੀਵਰੇਜ ਦੇ ਪਾਣੀ ਕਾਰਨ ਬੇਕਾਰ ਹੋਈ ਪਈ ਹੈ। ਸੰਤੋਖ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਕੁੱਲ ਚਾਰ ਏਕੜ ਜ਼ਮੀਨ ਵਿੱਚੋਂ ਢਾਈ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਹੈ। ਉਹ ਆਪਣਾ ਗੁਜ਼ਾਰਾ ਠੇਕੇ ਦੀ ਜ਼ਮੀਨ ਵਾਹ ਕੇ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਨਗਰ ਕੌਂਸਲ ਮੋਰਿੰਡਾ ਨੂੰ ਕਈ ਵਾਰੀ ਲਿਖਤੀ ਅਤੇ ਜੁਬਾਨੀ ਦੱਸਿਆ ਜਾ ਚੁੱਕਿਆ ਹੈ। ਇਸ ਮਾਮਲੇ ’ਤੇ ਉਨ੍ਹਾਂ ਨੇ ਕਈ ਵਾਰ ਆਪਣੇ ਖੇਤਾਂ ’ਚ ਸੀਵਰੇਜ ਦਾ ਪਾਣੀ ਵੜਨ ਤੋਂ ਰੋਕਣ ਲਈ ਜੇਸੀਬੀ ਲਗਾ ਕੇ ਰੋਕਾਂ ਵੀ ਲਗਾਈਆਂ ਅਤੇ ਜੇਸੀਬੀ ਵਾਲਿਆਂ ਨੂੰ ਵੀ ਹਜ਼ਾਰਾਂ ਰੁਪਏ ਦਿੱਤੇ ਪਰ ਸੀਵਰੇਜ ਅਤੇ ਨਗਰ ਕੌਂਸਲ ਵਾਲੇ ਧੱਕੇ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਨੱਕਾ ਵੱਢ ਦਿੰਦੇ ਹਨ। ਉਨ੍ਹਾਂ ਦੱਸਿਆ ਕਿ 5-6 ਸਾਲ ਪਹਿਲਾਂ ਉਨ੍ਹਾਂ ਵਲੋਂ ਕਈ ਦਿਨ ਰੇਲਵੇ ਲਾਈਨ ਦੇ ਨਜ਼ਦੀਕ ਧਰਨਾ ਵੀ ਦਿੱਤਾ ਸੀ। ਜਦੋਂ ਸ਼ਹਿਰ ਵਿੱਚ ਪਾਣੀ ਰੁਕਣ ਲੱਗਿਆ ਤਾਂ ਡੀਸੀ ਰੂਪਨਗਰ ਵਲੋਂ ਪੁਲੀਸ ਲਿਆ ਕੇ ਉਨ੍ਹਾਂ ਦਾ ਧਰਨਾ ਚੁਕਵਾ ਦਿੱਤਾ ਗਿਆ ਤੇ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਸਲਾ ਕਿਸਾਨ ਯੂਨੀਅਨਾਂ ਕੋਲ ਉਠਾਇਆ ਹੈ। ਯੂਨੀਅਨਾਂ ਵੱਲੋਂ ਭਰੋਸਾ ਦਿੱਤਾ ਹੈ ਕਿ ਉਹ ਪੀੜਤਾਂ ਦੀ ਮਦਦ ਕਰਨਗੀਆਂ। ਪੀੜਤ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਦਾ ਹੋਰ ਮਾਲੀ ਨੁਕਸਾਨ ਨਾ ਹੋਵੇ ਅਤੇ ਉਹ ਆਪਣੇ ਪਰਿਵਾਰ ਪਾਲ ਸਕਣ।
ਇਸ ਬਾਰੇ ਪੱਖ ਜਾਣਨ ਲਈ ਨਗਰ ਕੌਂਸਲ ਦੇ ਈਓ ਅਤੇ ਸੀਵਰੇਜ ਵਿਭਾਗ ਦੇ ਐੱਸਡੀਓ ਨਾਲ ਕਈ ਵਾਰ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

Advertisement

Advertisement
Author Image

Advertisement
Advertisement
×