ਦਸਵੀਂ ਦੇ ਨਤੀਜੇ: ਨਕੋਦਰ ਦੀ ਜਸਿਕਾ ਤੇ ਬਲਰਾਜ ਸੂਬੇ ’ਚੋਂ ਪੰਜਵੇਂ ਸਥਾਨ ’ਤੇ
ਹਤਿੰਦਰ ਮਹਿਤਾ
ਜਲੰਧਰ, 18 ਅਪਰੈਲ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਕੋਦਰ ਦੀ ਵਿਦਿਆਰਥਣ ਜਸਿਕਾ ਅਤੇ ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ, ਬੁਲੰਦਪੁਰੀ ਸਾਹਿਬ, ਨਕੋਦਰ ਦਾ ਵਿਦਿਆਰਥੀ ਬਲਰਾਜ ਸਿੰਘ 98.62 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਅੱਵਲ ਰਹੇ ਹਨ। ਦੋਵਾਂ ਨੇ 650 ਵਿੱਚੋਂ 641 ਅੰਕ ਪ੍ਰਾਪਤ ਕਰ ਕੇ ਸੂਬੇ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ। ਕੇਪੀਐਸ ਬਾਲ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੂਹੜ ਦੇ ਦੋਵੇਂ ਵਿਦਿਆਰਥੀ ਮਨਪ੍ਰੀਤ ਸਿੰਘ ਅਤੇ ਨਵਪ੍ਰੀਤ ਕੌਰ ਨੇ 97.38 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਇਸ ਦੌਰਾਨ ਜ਼ਿਲ੍ਹੇ ਦੇ ਕੁੱਲ 18 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਥਾਂ ਬਣਾਈ ਹੈ। ਇਨ੍ਹਾਂ ਵਿੱਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪ੍ਰੀਤ ਨਗਰ ਸੋਢਲ ਰੋਡ ਦੀ ਗੁਰਲੀਨ ਕੌਰ, ਜਪਲੀਨ ਕੌਰ ਅਤੇ ਸੁਖਮੀਤ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਦੀ ਕ੍ਰਿਤਿਕਾ, ਕੇਪੀਐਸ ਬਾਲ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੂਹੜ ਦੀ ਨਿਧੀ ਤੇ ਨੇਹਾ, ਤੁਸਾਂਸ਼ੂ, ਪ੍ਰਾਚੀ ਗੌੜ, ਐਕਸਲਜ਼ੀਅਰ ਕਾਨਵੈਂਟ ਹਾਈ ਸਕੂਲ ਅੱਟਾ ਦੀ ਨਵਨੀਤ ਕੌਰ ਅਤੇ ਰੇਹਵੀਰ ਕੌਰ, ਸੇਂਟ ਭ੍ਰਿਗੂ ਪਬਲਿਕ ਸਕੂਲ ਲਾਂਬੜਾ ਦਾ ਬਲਜੀਤ ਮਹੇ, ਨਿਊ ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਰਵਿਦਾਸ ਨਗਰ ਦੀ ਅਨਾਮਿਕਾ ਅਤੇ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਮਰਵਾਲ ਬਿੱਲਾ ਦੀ ਅਨਮੋਲਪ੍ਰੀਤ ਕੌਰ ਹਨ। ਸਮੁੱਚੀ ਪਾਸ ਫ਼ੀਸਦੀ ਦੇ ਨਾਲ, ਜਲੰਧਰ ਸੂਬੇ ਵਿੱਚ 14ਵੇਂ ਸਥਾਨ ’ਤੇ ਹੈ।
ਤਲਵਾੜਾ (ਦੀਪਕ ਠਾਕੁਰ): 10ਵੀਂ ਜਮਾਤ ਦੇ ਨਤੀਜਿਆਂ ’ਚ ਸਥਾਨਕ ਸਰਕਾਰੀ ਮੈਰੀਟੋਰੀਅਸ ਸਕੂਲ ਦੀਆਂ ਸੱਤ ਵਿਦਿਆਰਥਣਾਂ ਨੇ ਮੈਰਿਟ ਸੂਚੀ ’ਚ ਥਾਂ ਬਣਾਈ ਹੈ। ਸਕੂਲ ਪ੍ਰਿੰਸੀਪਲ ਸੁਨੀਲ ਮਹਰਾਲ ਨੇ ਦੱਸਿਆ ਕਿ ਵਿਦਿਆਰਥਣ ਰਾਸ਼ੀ ਚੌਧਰੀ ਨੇ 650 ’ਚੋਂ 640 ਅੰਕ ਪ੍ਰਾਪਤ ਕਰ ਕੇ ਪੰਜਾਬ ’ਚੋਂ 6ਵਾਂ, ਪ੍ਰਤੀਕਸ਼ਾ ਕੁਮਾਰੀ ਅਤੇ ਰੁਪਿੰਦਰ ਕੌਰ ਨੇ 636 ਅੰਕਾਂ ਨਾਲ 9ਵਾਂ ਅਤੇ 10ਵਾਂ, ਆਇਸ਼ਾ ਕੁਮਾਰੀ ਨੇ 633 ਅੰਕਾਂ ਨਾਲ 13ਵਾਂ, ਇਸ਼ਤਾ ਨੇ 629 ਅੰਕਾਂ ਨਾਲ 17ਵਾਂ, ਅਕਸ਼ਿਤਾ ਤੇ ਮੁਸਕਾਨ ਨੇ ਕ੍ਰਮਵਾਰ 627 ਅੰਕ ਪ੍ਰਾਪਤ ਕਰ ਕੇ 19ਵਾਂ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਮੁਖੀ ਨੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥਣਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਹਨ।
ਫਗਵਾੜਾ (ਜਸਬੀਰ ਸਿੰਘ ਚਾਨਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚਾਚੋਕੀ ਦੀ ਵਿਦਿਆਰਥਣ ਪ੍ਰਭਜੀਤ ਕੌਰ ਪੁੱਤਰ ਜਸਵੰਤ ਸਿੰਘ ਵਾਸੀ ਚਾਚੋਕੀ ਨੇ 650 ’ਚੋਂ 630 ਅੰਕ ਹਾਸਲ ਕਰ ਕੇ ਮੈਰਿਟ ’ਚ 16ਵਾਂ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਮਹਾਂਵੀਰ ਜੈਨ ਮਾਡਲ ਸਕੂਲ ਦੀ ਲਵੀਨਾ ਨਰੂਲਾ ਪੁੱਤਰੀ ਰਕੇਸ਼ ਕੁਮਾਰ ਨੇ 628 ਅੰਕਾਂ ਨਾਲ ਮੈਰਿਟ ’ਚ 18ਵਾਂ ਸਥਾਨ ਹਾਸਲ ਕੀਤਾ ਹੈ। ਜੈ ਮਾਂ ਅੰਬੇ ਸੀਨੀਅਰ ਸੈਕੰਡਰੀ ਸਕੂਲ ਭਾਣੌਕੀ ਦੀ ਵਿਦਿਆਰਥਣ ਰੀਆ ਪੁੱਤਰੀ ਜੋਗਿੰਦਰਪਾਲ ਨੇ 627 ਅੰਕਾਂ ਸੂਬੇ ਭਰ ’ਚੋਂ 19ਵਾਂ ਸਥਾਨ ਹਾਸਲ ਕੀਤਾ ਹੈ।
ਗੁਰਾਇਆ (ਨਰਿੰਦਰ ਸਿੰਘ ਦੌਧਰ): ਐਕਸੈਲਸ਼ੀਅਰ ਕਾਨਵੈਂਟ ਹਾਈ ਸਕੂਲ ਦਾ ਦਸਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ। ਸਕੂਲ ਦੇ ਪੰਜ ਬੱਚੇ ਮੈਰਿਟ ਸੂਚੀ ਵਿਚ ਆਏ ਹਨ। ਪ੍ਰਿੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਮੈਰਿਟ ਸੂਚੀ ਵਿਚ ਆਉਣ ਵਾਲੇ ਵਿਦਿਆਰਥੀ ਮੰਨਤ ਭਾਟੀਆ ਨੇ 650 ਵਿਚੋਂ 634 ਅੰਕ, ਤੁਸ਼ਾਸੂ ਅਗਰਵਾਲ ਨੇ 650 ਵਿਚੋਂ 630 ਅੰਕ, ਪ੍ਰਾਚੀ ਗੌੜ ਨੇ 650 ਵਿੱਚੋਂ 629, ਨਵਨੀਤ ਕੌਰ ਨੇ 650 ਵਿੱਚੋਂ 629 ਅੰਕ ਤੇ ਰਹਿਵੀਰ ਕੌਰ ਨੇ 650 ਵਿੱਚੋਂ 627 ਅੰਕ ਪ੍ਰਾਪਤ ਕੀਤੇ ਹਨ।