For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਵੱਲੋਂ ਵਾਤਾਵਰਨ ਅਨੁਕੂਲ ਬੀਜਾਂ ਦੀਆਂ 109 ਕਿਸਮਾਂ ਜਾਰੀ

07:18 AM Aug 12, 2024 IST
ਪ੍ਰਧਾਨ ਮੰਤਰੀ ਵੱਲੋਂ ਵਾਤਾਵਰਨ ਅਨੁਕੂਲ ਬੀਜਾਂ ਦੀਆਂ 109 ਕਿਸਮਾਂ ਜਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿੱਚ ਕਿਸਾਨਾਂ ਨੂੰ ਮਿਲਦੇ ਹੋਏ। -ਫੋਟੋ: ਏਐਨਆਈ
Advertisement

ਨਵੀਂ ਦਿੱਲੀ, 11 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖੇਤੀਬਾੜੀ ਅਤੇ ਬਾਗ਼ਬਾਨੀ ਫ਼ਸਲਾਂ ਦੀਆਂ ਉੱਚ ਝਾੜ ਵਾਲੀਆਂ, ਵਾਤਾਵਰਨ ਅਨੁਕੂਲ ਅਤੇ ਬਾਇਓ-ਫੋਰਟੀਫਾਈਡ ਬੀਜਾਂ ਦੀਆਂ 109 ਕਿਸਮਾਂ ਜਾਰੀ ਕੀਤੀਆਂ ਹਨ। ਇਸ ਪਹਿਲਕਦਮੀ ਦਾ ਮੰਤਵ ਖੇਤੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ।
ਇਹ ਕਿਸਮਾਂ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਵੱਲੋਂ ਵਿਕਸਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 61 ਕਿਸਮਾਂ ਫ਼ਸਲਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ 34 ਖੇਤੀ ਫ਼ਸਲਾਂ ਅਤੇ 27 ਬਾਗ਼ਬਾਨੀ ਫ਼ਸਲਾਂ ਹਨ। ਮੋਦੀ ਨੇ ਦਿੱਲੀ ਦੇ ਪੂਸਾ ਕੈਂਪਸ ਵਿੱਚ ਤਿੰਨ ਪ੍ਰਯੋਗਾਤਮਕ ਖੇਤੀ ਪਲਾਟਾਂ ਵਿੱਚ ਬੀਜ ਪੇਸ਼ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ।
ਕਾਸ਼ਤ ਕੀਤੀਆਂ ਫਸਲਾਂ ਵਿੱਚ ਅਨਾਜ, ਬਾਜਰਾ, ਚਾਰਾ, ਤੇਲ ਬੀਜ, ਦਾਲਾਂ, ਗੰਨਾ, ਕਪਾਹ ਅਤੇ ਰੇਸ਼ੇਦਾਰ ਫਸਲਾਂ ਸ਼ਾਮਲ ਹਨ। ਬਾਗ਼ਬਾਨੀ ਫ਼ਸਲਾਂ ਵਿੱਚ ਫਲ, ਸਬਜ਼ੀਆਂ, ਮਸਾਲੇ, ਫੁੱਲ ਅਤੇ ਦਵਾਈ ਵਾਲੇ ਪੌਦਿਆਂ ਦੀਆਂ ਨਵੀਆਂ ਕਿਸਮਾਂ ਸ਼ਾਮਲ ਹਨ।
ਇੱਕ ਅਧਿਕਾਰਤ ਬਿਆਨ ਮੁਤਾਬਕ, ਇਸ ਮੌਕੇ ਮੌਜੂਦ ਕਿਸਾਨਾਂ ਨੇ ਕਿਹਾ ਕਿ 61 ਫਸਲਾਂ ਸਬੰਧੀ ਇਹ ਨਵੀਆਂ ਕਿਸਮਾਂ ਘੱਟ ਲਾਗਤ ਕਾਰਨ ਉਨ੍ਹਾਂ ਲਈ ਕਾਫ਼ੀ ਜ਼ਿਆਦਾ ਫਾਇਦੇਮੰਦ ਹੋਣਗੀਆਂ। ਪ੍ਰਧਾਨ ਮੰਤਰੀ ਨੇ ਬਾਜਰੇ ਦੇ ਮਹੱਤਵ ਬਾਰੇ ਚਰਚਾ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕ ਕਿਸ ਤਰ੍ਹਾਂ ਪੌਸ਼ਟਿਕ ਭੋਜਨ ਵੱਲ ਰੁਖ਼ ਕਰ ਰਹੇ ਹਨ। ਉਨ੍ਹਾਂ ਨੇ ਕੁਦਰਤੀ ਖੇਤੀ ਦੇ ਲਾਭਾਂ ਅਤੇ ਕੁਦਰਤੀ ਖੇਤੀ ਪ੍ਰਤੀ ਆਮ ਲੋਕਾਂ ਦੀ ਵਧਦੀ ਦਿਲਚਸਪੀ ਬਾਰੇ ਵੀ ਗੱਲਬਾਤ ਕੀਤੀ।
ਮੋਦੀ ਨੇ ਕਿਹਾ ਕਿ ਲੋਕਾਂ ਨੇ ਕੁਦਰਤੀ ਖਾਦ ਪਦਾਰਥਾਂ ਦੀ ਵਰਤੋਂ ਅਤੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਬਿਆਨ ਮੁਤਾਬਕ, ਕਿਸਾਨਾਂ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਵਿੱਚ ਸਰਕਾਰ ਦੇ ਯਤਨਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਦੀ ਭੂਮਿਕਾ ਦੀ ਪ੍ਰਸ਼ੰਸਾ ਵੀ ਕੀਤੀ। ਮੋਦੀ ਨੇ ਸੁਝਾਅ ਦਿੱਤਾ ਕਿ ਕੇਵੀਕੇ ਨੂੰ ਹਰ ਮਹੀਨੇ ਵਿਕਸਤ ਕੀਤੀਆਂ ਜਾ ਰਹੀਆਂ ਨਵੀਆਂ ਕਿਸਮਾਂ ਦੇ ਲਾਭਾਂ ਬਾਰੇ ਕਿਸਾਨਾਂ ਨੂੰ ਸਰਗਰਮੀ ਨਾਲ ਦੱਸਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਇਨ੍ਹਾਂ ਫ਼ਸਲਾਂ ਦੀਆਂ ਕਿਸਮਾਂ ਦੇ ਵਿਕਾਸ ਲਈ ਵਿਗਿਆਨੀਆਂ ਦੀ ਵੀ ਸ਼ਲਾਘਾ ਕੀਤੀ। ਵਿਗਿਆਨੀਆਂ ਨੇ ਕਿਹਾ ਕਿ ਉਹ ਘੱਟ ਤਵੱਜੋ ਵਾਲੀਆਂ ਫ਼ਸਲਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਸੁਝਾਅ ਤਹਿਤ ਕੰਮ ਕਰ ਰਹੇ ਹਨ। ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਦਾ ਦਿਨ ਕਿਸਾਨਾਂ ਲਈ ਇਤਿਹਾਸਕ ਹੈ ਕਿਉਂਕਿ 61 ਫ਼ਸਲਾਂ ਦੇ ਬੀਜਾਂ ਦੀਆਂ 109 ਕਿਸਮਾਂ ਜਾਰੀ ਕੀਤੀਆਂ ਗਈਆਂ ਹਨ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣਾ, ਪੈਦਾਵਾਰ ਵਧਾਉਣ ਅਤੇ ਲਾਗਤ ਘਟਾਉਣ ਵਿੱਚ ਮਦਦ ਮਿਲੇਗੀ। ਚੌਹਾਨ ਨੇ ਕਿਹਾ ਕਿ ਇਨ੍ਹਾਂ ਫਸਲਾਂ ਦੇ ਬੀਜ ਵਾਤਾਵਰਨ ਅਨੁਕੂਲ ਹਨ ਅਤੇ ਉਲਟ ਮੌਸਮ ਵਿੱਚ ਵੀ ਚੰਗੀ ਫ਼ਸਲ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸਾਲ 2014 ਤੋਂ ਹੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਟਿਕਾਊ ਖੇਤੀ ਦੇ ਢੰਗ ਤਰੀਕਿਆਂ ਅਤੇ ਵਾਤਾਵਰਨ ਅਨੁਕੂਲ ਤਰੀਕਿਆਂ ਦੀ ਵਕਾਲਤ ਕਰਦੇ ਰਹੇ ਹਨ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement