ਚੋਣ ਜ਼ਾਬਤੇ ਦੀ ਉਲੰਘਣਾ ਦੇ 1,049 ਕੇਸ ਦਰਜ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਫਰਵਰੀ
ਦਿੱਲੀ ਪੁਲੀਸ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ 1,049 ਕੇਸ ਦਰਜ ਕੀਤੇ ਅਤੇ 11 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ। ਪੁਲੀਸ ਦੇ ਅੰਕੜਿਆਂ ਅਨੁਸਾਰ 7 ਜਨਵਰੀ ਤੋਂ 2 ਫਰਵਰੀ ਤੱਕ 1,08,258 ਲਿਟਰ ਨਾਜਾਇਜ਼ ਸ਼ਰਾਬ, ਆਬਕਾਰੀ ਐਕਟ ਤਹਿਤ 1,353 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ, 77 ਕਰੋੜ ਤੋਂ ਵੱਧ ਕੀਮਤ ਦੀ 196 ਕਿੱਲੋ ਨਸ਼ੀਲੀਆਂ ਦਵਾਈਆਂ ਸਣੇ 177 ਮੁਲਜ਼ਮਾਂ ਨੂੰ ਐੱਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਅੰਕੜਿਆਂ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਸਮੇਂ ਦੌਰਾਨ 37 ਕਿੰਲੋ ਚਾਂਦੀ, 850 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਅਤੇ 510 ਗੋਲੀਆਂ ਸਣੇ 462 ਗੈਰ ਲਾਇਸੈਂਸੀ ਹਥਿਆਰ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 33,434 ਲੋਕਾਂ ਨੂੰ ਰੋਕਥਾਮ ਕਾਰਵਾਈ ਅਤੇ ਹੋਰ ਕਾਨੂੰਨਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਚੋਣਾਂ ਨੂੰ ਸੁਚਾਰੂ ਰੂਪ ਵਿੱਚ ਕਰਵਾਉਣ ਨੂੰ ਯਕੀਨੀ ਬਣਾਉਣ ਲਈ, ਪੁਲੀਸ ਮੁਲਾਜ਼ਮ ਪੂਰੀ ਮੁਸਤੈਦੀ ਵਰਤ ਰਹੇ ਹਨ। ਇਸ ਸਬੰਧੀ ਰਾਜਧਾਨੀ ਵਿੱਚ ਕਈ ਥਾਈਂ ਨਾਕੇ ਲਗਾਏ ਗਏ ਹਨ।
ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਲਗਾਤਾਰ ਮਨੁੱਖੀ ਅਤੇ ਤਕਨੀਕੀ ਨਿਗਰਾਨੀ ਰਾਹੀਂ ਸ਼ੱਕੀ ਤੱਤ ਰਾਡਾਰ ’ਤੇ ਹਨ। ਜ਼ਿਕਰਯੋਗ ਹੈ ਕਿ ਕੌਮੀ ਰਾਜਧਾਨੀ ਦੀਆਂ ਸਾਰੀਆਂ 70 ਵਿਧਾਨ ਸਭਾਵਾਂ ਲਈ 5 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਜਦਕਿ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।