ਪਿੰਡ ਬੇਹੜਾ ਵਿੱਚੋਂ 1000 ਲਿਟਰ ਲਾਹਣ ਤੇ ਪੰਜ ਲਿਟਰ ਸ਼ਰਾਬ ਬਰਾਮਦ
ਹਰਜੀਤ ਸਿੰਘ
ਡੇਰਾਬੱਸੀ, 26 ਮਾਰਚ
ਇੱਥੇ ਬਰਵਾਲਾ ਰੋਡ ’ਤੇ ਸਥਿਤ ਪਿੰਡ ਬੇਹੜਾ ਵਿੱਚ ਆਬਕਾਰੀ ਵਿਭਾਗ ਦੀ ਸ਼ਿਕਾਇਤ ’ਤੇ ਛਾਪਾ ਮਾਰ ਕੇ ਪੁਲੀਸ ਨੇ ਹਜ਼ਾਰਾਂ ਲਿਟਰ ਲਾਹਣ ਅਤੇ ਸ਼ਰਾਬ ਬਰਾਮਦ ਕੀਤੀ ਹੈ। ਇਸ ਮੌਕੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਕੇਵਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਆਬਕਾਰੀ ਵਿਭਾਗ ਵੱਲੋਂ ਦਿੱਤੀ ਗਈ ਸੀ ਕਿ ਪਿੰਡ ਬੇਹੜਾ ਵਿੱਚ ਨਾਜਾਇਜ਼ ਤਰੀਕੇ ਨਾਲ ਸ਼ਰਾਬ ਕੱਢਣ ਦਾ ਗੋਰਖਧੰਦਾ ਪਿਛਲੇ ਲੰਬੇ ਤੋਂ ਚੱਲ ਰਿਹਾ ਹੈ। ਉਨ੍ਹਾਂ ਸਾਥੀ ਪੁਲੀਸ ਮੁਲਾਜ਼ਮਾਂ ਦੇ ਨਾਲ ਪਿੰਡ ਬੇਹੜਾ ਵਿੱਚ ਛਾਪਾ ਮਾਰਿਆ ਤਾਂ ਦੇਖਿਆ ਕਿ ਪੰਚਾਇਤੀ ਜ਼ਮੀਨ ’ਤੇ ਦੋ ਨਾ-ਮਾਲੂਮ ਵਿਅਕਤੀ ਇੱਕ ਵੱਡੀ ਪਲਾਸਟਿਕ ਦੀ ਤਰਪਾਲ ਫੜ ਕੇ ਪੁਲੀਸ ਪਾਰਟੀ ਨੂੰ ਦੇਖ ਕੇ ਭੱਜ ਰਹੇ ਸਨ। ਪੁਲੀਸ ਪਾਰਟੀ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਤਰਪਾਲ ਵਿੱਚ ਲਾਹਣ ਜ਼ਮੀਨ ’ਤੇ ਡੋਲ ਕੇ ਫ਼ਰਾਰ ਹੋ ਗਏ, ਜਿਸ ਵਿੱਚ ਕਰੀਬ ਇਕ ਹਜ਼ਾਰ ਲਿਟਰ ਲਾਹਣ ਭਰੀ ਹੋਈ ਸੀ। ਪੁਲੀਸ ਨੇ ਮੌਕੇ ’ਤੇ ਇੱਕ 200 ਲਿਟਰ ਦਾ ਖਾਲੀ ਡਰੰਮ ਬਰਾਮਦ ਕਰ ਲਿਆ ਅਤੇ ਇੱਕ 20 ਲਿਟਰ ਦੀ ਪਲਾਸਟਿਕ ਦੀ ਕੈਨੀ ਜਿਸ ਵਿੱਚ ਲਾਹਣ ਵਿੱਚ ਕਸ਼ੀਦ ਕੀਤੀ ਹੋਈ ਕਰੀਬ ਪੰਜ ਲਿਟਰ ਨਾਜਾਇਜ਼ ਸਰਾਬ ਹੈ, ਇੱਕ ਗੈਸ ਚੁੱਲ੍ਹੇ ਸਮੇਤ ਪਾਈਪ ਵੀ ਬਰਾਮਦ ਕਰ ਲਿਆ ਹੈ। ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।