For the best experience, open
https://m.punjabitribuneonline.com
on your mobile browser.
Advertisement

ਬ੍ਰਿਟੇਨ ’ਚ ਹਿੰਸਕ ਝੜਪਾਂ ਦੇ ਦੋਸ਼ ਹੇਠ 100 ਗ੍ਰਿਫ਼ਤਾਰ

07:06 AM Aug 05, 2024 IST
ਬ੍ਰਿਟੇਨ ’ਚ ਹਿੰਸਕ ਝੜਪਾਂ ਦੇ ਦੋਸ਼ ਹੇਠ 100 ਗ੍ਰਿਫ਼ਤਾਰ
Advertisement

ਲੰਡਨ, 4 ਅਗਸਤ
ਬ੍ਰਿਟੇਨ ’ਚ ਕਈ ਥਾਵਾਂ ’ਤੇ ਹਿੰਸਕ ਪ੍ਰਦਰਸ਼ਨ ਫੈਲਣ ਮਗਰੋਂ ਪੁਲੀਸ ਨੇ 100 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਅਧਿਕਾਰੀਆਂ ਨੂੰ ਪੂਰੀ ਖੁੱਲ੍ਹ ਦਿੱਤੀ ਹੈ। ਹਿੰਸਾ ਲਿਵਰਪੂਲ, ਬ੍ਰਿਸਟਲ, ਲੀਡਜ਼, ਬਲੈਕਪੂਲ, ਬੇਲਫਾਸਟ, ਨੌਟਿੰਘਮ ਅਤੇ ਮਾਨਚੈਸਟਰ ਆਦਿ ਇਲਾਕਿਆਂ ’ਚ ਭੜਕ ਗਈ ਹੈ ਜਿਥੇ ਪੁਲੀਸ ਅਤੇ ਹਜੂਮ ਵਿਚਾਲੇ ਝੜਪਾਂ ਹੋਈਆਂ। ਇਸ ਦੌਰਾਨ ਪਥਰਾਅ, ਅੱਗਜ਼ਨੀ ਅਤੇ ਭੰਨ-ਤੋੜ ਦੀਆਂ ਘਟਨਾਵਾਂ ਵਾਪਰੀਆਂ।
ਗ੍ਰਹਿ ਮੰਤਰੀ ਯਵੇਟੇ ਕੂਪਰ ਨੇ ਦੰਗਾਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਬਾਜ਼ ਨਾ ਆਏ ਤਾਂ ਉਨ੍ਹਾਂ ਨੂੰ ਕੀਮਤ ਤਾਰਨੀ ਪਵੇਗੀ। ਸਟਾਰਮਰ ਨੇ ਸ਼ਨਿਚਰਵਾਰ ਨੂੰ ਮੰਤਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਮਗਰੋਂ ਡਾਊਨਿੰਗ ਸਟਰੀਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੁਲੀਸ ਨੂੰ ਪੂਰੀ ਖੁੱਲ੍ਹ ਦਿੱਤੀ ਹੈ ਕਿ ਪੁਲੀਸ ਅਧਿਕਾਰੀਆਂ ’ਤੇ ਹਮਲੇ, ਕਾਰੋਬਾਰ ਠੱਪ ਕਰਨ ਅਤੇ ਫ਼ਿਰਕਿਆਂ ’ਚ ਨਫ਼ਰਤ ਦੇ ਬੀਜ ਪੈਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਹਿੰਸਾ ਲਈ ਕੋਈ ਥਾਂ ਨਹੀਂ ਹੈ।
ਯੂਕੇ ’ਚ ਮੁਸਲਮਾਨ ਵਿਰੋਧੀ ਘਟਨਾਵਾਂ ’ਤੇ ਨਜ਼ਰ ਰੱਖਣ ਵਾਲੇ ਗਰੁੱਪਾਂ ਨੇ ਕਿਹਾ ਕਿ ਕਈ ਬ੍ਰਿਟਿਸ਼ ਮੁਸਲਮਾਨ ਆਪਣੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਹਨ ਅਤੇ ਉਨ੍ਹਾਂ ’ਚੋਂ ਬਹੁਤੇ ਮਸਜਿਦਾਂ ’ਚ ਵੀ ਨਹੀਂ ਜਾ ਰਹੇ ਹਨ। ਮੰਤਰੀ ਡਾਇਨਾ ਜੌਹਨਸਨ ਨੇ ਬੀਬੀਸੀ ਨੂੰ ਦੱਸਿਆ ਕਿ ਚਮੜੀ ਦੇ ਰੰਗ ਕਾਰਨ ਲੋਕ ਡਰ ਰਹੇ ਹਨ ਅਤੇ ਇਹ ਸਹੀ ਨਹੀਂ ਹੈ। ਸਰਕਾਰ ਇਸ ਨੂੰ ਪੂਰੀ ਸਖ਼ਤੀ ਨਾਲ ਸਿੱਝੇਗੀ। ਉਨ੍ਹਾਂ ਕਿਹਾ, ‘‘ਜਦੋਂ ਮੈਂ ਲੋਕਾਂ ਨੂੰ ਕੁਝ ਦੁਕਾਨਾਂ ਲੁੱਟਦਿਆਂ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਵਿਰੋਧ ਪ੍ਰਦਰਸ਼ਨ ਦਾ ਇਹ ਤਰੀਕਾ ਸਹੀ ਨਹੀਂ ਹੈ। ਅਜਿਹੇ ਅਪਰਾਧਕ ਵਤੀਰੇ ਖ਼ਿਲਾਫ਼ ਸਖ਼ਤੀ ਨਾਲ ਸਿੱਝਣ ਦੀ ਲੋੜ ਹੈ। ਦੋਸ਼ੀਆਂ ਨੂੰ ਡੱਕਣ ਲਈ ਸਾਡੇ ਕੋਲ ਵਾਧੂ ਜੇਲ੍ਹਾਂ ਹਨ।’’ -ਪੀਟੀਆਈ

Advertisement
Advertisement
Author Image

Advertisement