ਲਾਰੈਂਸ ਦੇ ਭਰਾ ਦੀ ਗ੍ਰਿਫ਼ਤਾਰੀ ’ਤੇ 10 ਲੱਖ ਦਾ ਇਨਾਮ
ਨਵੀਂ ਦਿੱਲੀ:
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ ਗ੍ਰਿਫ਼ਤਾਰੀ ਲਈ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਅਨਮੋਲ ਬਿਸ਼ਨੋਈ ਅਦਾਕਾਰ ਸਲਮਾਨ ਖ਼ਾਨ ਦੀ ਮੁੰਬਈ ਸਥਿਤ ਰਿਹਾਇਸ਼ ਦੇ ਬਾਹਰ ਅਪਰੈਲ ਵਿਚ ਹੋਈ ਫਾਇਰਿੰਗ ਮਾਮਲੇ ਵਿਚ ਕਥਿਤ ਸ਼ਮੂਲੀਅਤ ਲਈ ਐੱਨਆਈਏ ਦੀ ਰਡਾਰ ਉੱਤੇ ਹੈ। ਅਧਿਕਾਰੀਆਂ ਨੇ ਕਿਹਾ ਕਿ ਅਨਮੋਲ ਬਿਸ਼ਨੋਈ ਨੂੰ ਅਤਿਵਾਦ ਵਿਰੋਧੀ ਏਜੰਸੀ ਦੀ ਅਤਿ ਲੋੜੀਂਦੇ ਵਿਅਕਤੀਆਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਨਮੋਲ ਬਿਸ਼ਨੋਈ ਉਰਫ਼ ਭਾਨੂ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕੈਨੇਡਾ ਵਿਚ ਰਹਿ ਰਿਹਾ ਹੈ ਤੇ ਉਹ ਅਕਸਰ ਅਮਰੀਕਾ ਜਾਂਦਾ ਹੈ, ਦੇ ਸਿਰ ਉੱਤੇ ਇਨਾਮ ਪਿਛਲੇ ਮਹੀਨੇ ਐਲਾਨਿਆ ਗਿਆ ਸੀ। ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ 12 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਵਿਚ ਹੋਏ ਕਤਲ ਪਿੱਛੇ ਵੀ ਅਨਮੋਲ ਬਿਸ਼ਨੋਈ ਦਾ ਹੱਥ ਦੱਸਿਆ ਜਾਂਦਾ ਹੈ। ਅਨਮੋਲ ਬਿਸ਼ਨੋਈ ਤੇ ਲਾਰੈਂਸ ਬਿਸ਼ਨੋਈ, ਜੋ ਪੰਜਾਬ ਦੇ ਫ਼ਾਜ਼ਿਲਕਾ ਨਾਲ ਸਬੰਧਤ ਹਨ, ਨੂੰ ਕੇਸ ਵਿਚ ਲੋੜੀਂਦੇ ਮੁਲਜ਼ਮ ਵਜੋਂ ਦਿਖਾਇਆ ਗਿਆ ਹੈ। -ਪੀਟੀਆਈ