1.74 ਲੱਖ ਦੀ ਧੋਖਾਧੜੀ ਕਰਨ ਵਾਲੇ ਮੁੰਬਈ ਤੋਂ ਗ੍ਰਿਫ਼ਤਾਰ
ਜਗਤਾਰ ਸਮਾਲਸਰ
ਏਲਨਾਬਾਦ, 8 ਮਾਰਚ
ਬੀਤੇ 20 ਸਤੰਬਰ 2023 ਨੂੰ ਪਿੰਡ ਤਲਵਾੜਾ ਖੁਰਦ ਨਿਵਾਸੀ ਇੱਕ ਲੜਕੀ ਨਾਲ ਹੋਈ ਲੱਖਾਂ ਰੁਪਏ ਦੇ ਏਟੀਐਮ ਧੋਖਾਧੜੀ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਮੁੰਬਈ ਤੋਂ ਗਿ੍ਫ਼ਤਾਰ ਕੀਤਾ ਹੈ। ਡੀਐਸਪੀ ਜਗਤ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਤੋਹਿਦ, ਮੁਹੰਮਦ ਤੌਸਿਫ਼ ਅਤੇ ਮੁਹੰਮਦ ਜੁਨੈਦ ਅਲੀ ਸਾਰੇ ਵਾਸੀ ਮੁੰਬਈ ਦੇ ਰੂਪ ਵਿੱਚ ਹੋਈ ਹੈ। ਡੀਐਸਪੀ ਨੇ ਦੱਸਿਆ ਕਿ 13 ਸਤੰਬਰ 2023 ਨੂੰ ਤਲਵਾੜਾ ਖੁਰਦ ਨਿਵਾਸੀ ਸ਼ੈਫ਼ਾਲੀ ਮਹਿਤਾ ਪੁੱਤਰੀ ਸ਼ਤੀਸ ਕੁਮਾਰ ਨੇ ਐਕਸਿਸ ਬੈਂਕ ਵਿੱਚ ਖਾਤਾ ਖੁਲ੍ਹਵਾ ਕੇ ਕਰੀਬ 1 ਲੱਖ 74 ਹਜ਼ਾਰ ਰੁਪਏ ਐਫ਼ਡੀ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾਏ ਸਨ। 20 ਸਤੰਬਰ 2023 ਨੂੰ ਏਟੀਐਮ ਵੈਰੀਫੀਕੇਸ਼ਨ ਕਰਨ ਦੇ ਬਹਾਨੇ ਉਸ ਕੋਲ ਕਿਸੇ ਨੰਬਰ ਤੋਂ ਕਾਲ ਆਈ ਅਤੇ ਉਸ ਤੋਂ ਬਾਅਦ ਕਾਲ ਕਰਨ ਵਾਲੇ ਨੇ ਸ਼ੈਫ਼ਾਲੀ ਮਹਿਤਾ ਕੋਲੋਂ ਓਟੀਪੀ ਨੰਬਰ ਲੈ ਕੇ ਉਸ ਦੇ ਖਾਤੇ ਵਿੱਚੋਂ 1 ਲੱਖ 73 ਹਜ਼ਾਰ 400 ਰੁਪਏ ਕਢਵਾ ਲਏ ਸਨ। ਸ਼ੈਫ਼ਾਲੀ ਮਹਿਤਾ ਦੀ ਸ਼ਿਕਾਇਤ ਤੇ ਇਸ ਮਾਮਲੇ ਵਿੱਚ ਸਾਈਬਰ ਪੁਲੀਸ ਸਟੇਸ਼ਨ ਸਿਰਸਾ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।