ਖੇਤੀ ਸੈਕਟਰ ਲਈ 1.52 ਲੱਖ ਕਰੋੜ ਦਾ ਬਜਟ
ਨਵੀਂ ਦਿੱਲੀ:
ਵਿੱਤ ਮੰਤਰੀ ਨੇ ਬਜਟ ’ਚ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ 1.52 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਖੇਤੀ ਸੈਕਟਰ ’ਚ ਪੈਦਾਵਾਰ ਵਧਾਉਣ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੀ ਵਰਤੋਂ, ਤੇਲ ਬੀਜਾਂ ਲਈ ਆਤਮ-ਨਿਰਭਰਤਾ, ਸਬਜ਼ੀ ਪੈਦਾਵਾਰ ਲਈ ਵੱਡੇ ਪੱਧਰ ’ਤੇ ਕਲੱਸਟਰ ਅਤੇ ਝੀਂਗਿਆਂ ਲਈ ਨਿਊਕਲਿਅਸ ਬ੍ਰੀਡਿੰਗ ਸੈਂਟਰਾਂ ਦੇ ਨੈੱਟਵਰਕ ਲਈ ਵਿੱਤੀ ਸਹਾਇਤਾ ਜਿਹੇ ਕਦਮ ਐਲਾਨੇ ਗਏ ਹਨ। ਮੰਤਰੀ ਨੇ ਕਿਹਾ ਸਰਕਾਰ ਨੇ ਮਹੀਨਾ ਕੁ ਪਹਿਲਾਂ ਸਾਰੀਆਂ ਅਹਿਮ ਫ਼ਸਲਾਂ ’ਤੇ ਵਧੇਰੇ ਘੱਟੋ ਘੱਟ ਸਮਰਥਨ ਮੁੱਲ ਦਾ ਐਲਾਨ ਕਰਦਿਆਂ ਲਾਗਤਾਂ ’ਤੇ 50 ਫ਼ੀਸਦੀ ਮੁਨਾਫ਼ੇ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਡਿਜੀਟਲ ਪਬਲਿਕ ਇੰਫਰਾਸਟ੍ਰੱਕਚਰ ਦੀ ਵਰਤੋਂ ਕਰਦਿਆਂ ਸਾਉਣੀ ਦੀਆਂ ਫ਼ਸਲਾਂ ਦਾ 400 ਜ਼ਿਲ੍ਹਿਆਂ ’ਚ ਸਰਵੇਖਣ ਕੀਤਾ ਜਾਵੇਗਾ। ਇਸੇ ਤਰ੍ਹਾਂ ਛੇ ਕਰੋੜ ਕਿਸਾਨਾਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦੇ ਵੇਰਵੇ ਦਰਜ ਕੀਤੇ ਜਾਣਗੇ। ਪੰਜ ਸੂਬਿਆਂ ’ਚ ਜਨ ਸਮਰੱਥਾ ਆਧਾਰਿਤ ਕਿਸਾਨ ਕਰੈਡਿਟ ਕਾਰਡ ਜਾਰੀ ਕੀਤੇ ਜਾਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ 32 ਫ਼ਸਲਾਂ ਦੀਆਂ 109 ਵਧੀਆ ਕਿਸਮਾਂ ਕਿਸਾਨਾਂ ਲਈ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਦੋ ਸਾਲਾਂ ’ਚ ਇਕ ਕਰੋੜ ਕਿਸਾਨ ਕੁਦਰਤੀ ਖੇਤੀ ਨਾਲ ਜੋੜੇ ਜਾਣਗੇ। -ਆਈਏਐੱਨਐੱਸ