ਬਰਾਜ਼ੀਲਿਆਈ ਨਾਗਰਿਕ ਤੋਂ 21 ਕਰੋੜ ਦੀ 1.383 ਕਿਲੋਗ੍ਰਾਮ ਕੋਕੀਨ ਬਰਾਮਦ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਦਸੰਬਰ
ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਬਰਾਜ਼ੀਲ ਦੇ ਨਾਗਰਿਕ ਤੋਂ ਲਗਪਗ 21 ਕਰੋੜ ਰੁਪਏ ਦੀ 1.383 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ। ਐਕਸ ’ਤੇ ਪੋਸਟ ਵਿੱਚ ਦਿੱਲੀ ਕਸਟਮਜ਼ ਨੇ ਕਿਹਾ ਕਿ 11 ਦਸੰਬਰ ਨੂੰ, ਆਈਜੀਆਈ ਏਅਰਪੋਰਟ, ਟਰਮੀਨਲ-3, ਨਵੀਂ ਦਿੱਲੀ ਵਿੱਚ ਕਸਟਮ ਅਧਿਕਾਰੀਆਂ ਨੇ ਬਰਾਜ਼ੀਲ ਦੇ ਨਾਗਰਿਕ, ਲੂਕਾਸ ਹੈਨਰੀਕ ਡੀ ਓਲੀਵੀਰਾ ਬ੍ਰਿਟੋ ਨੂੰ ਰੋਕਿਆ, ਜੋ ਕਿ ਫਲਾਈਟ ਏਐਫ-214 ‘ਤੇ ਪੈਰਿਸ ਰਾਹੀਂ ਗੁਆਰੁਲਹੋਸ ਤੋਂ ਆਇਆ ਸੀ। ਉਨ੍ਹਾਂ ਕਿਹਾ ਕਿ ਆਮਦ ਦੌਰਾਨ ਯਾਤਰੀ ਦੀ ਅਸਾਧਾਰਨ ਚਾਲ ਅਤੇ ਵਿਵਹਾਰ ਨੇ ਸ਼ੱਕ ਪੈਦਾ ਕੀਤਾ। ਗ੍ਰੀਨ ਚੈਨਲ ਪਾਰ ਕਰਨ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਉਸ ਦੀ ਨੇੜਿਓਂ ਨਿਗਰਾਨੀ ਕੀਤੀ ਅਤੇ ਉਸ ਨੂੰ ਰੋਕਿਆ। ਪੁੱਛਗਿੱਛ ਕਰਨ ’ਤੇ ਉਸ ਨੇ ਨਸ਼ੀਲੇ ਪਦਾਰਥਾਂ ਵਾਲੇ ਕੈਪਸੂਲ ਖਾਣ ਦੀ ਗੱਲ ਮੰਨੀ ਅਤੇ ਆਪਣੀ ਮਰਜ਼ੀ ਨਾਲ ਅਗਲੀ ਕਾਰਵਾਈ ਲਈ ਆਪਣੇ ਆਪ ਨੂੰ ਸੌਂਪ ਦਿੱਤਾ। ਕਸਟਮ ਵਿਭਾਗ ਨੇ ਅੱਗੇ ਕਿਹਾ ਕਿ ਮੁਸਾਫਰ ਨੂੰ ਮਾਹਿਰਾਂ ਦੀ ਨਿਗਰਾਨੀ ਹੇਠ ਡਾਕਟਰੀ ਪ੍ਰਕਿਰਿਆਵਾਂ ਲਈ ਸਫਦਰਜੰਗ ਹਸਪਤਾਲ, ਨਵੀਂ ਦਿੱਲੀ ਲਿਜਾਇਆ ਗਿਆ। ਕਈ ਦਿਨਾਂ ਦੌਰਾਨ ਉਸ ਦੇ ਢਿੱਡ ਵਿੱਚੋਂ 127 ਕੈਪਸੂਲ ਕੱਢੇ ਗਏ। ਨਸ਼ੀਲੇ ਪਦਾਰਥਾਂ ਨੂੰ ਐਨਡੀਪੀਐਸ ਐਕਟ, 1985 ਦੀ ਧਾਰਾ 43 (ਏ) ਤਹਿਤ ਜ਼ਬਤ ਕੀਤਾ ਗਿਆ ਸੀ ਅਤੇ ਯਾਤਰੀ ਨੂੰ 21 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ, ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ 44 ਸਾਲਾ ਔਰਤ ਨੂੰ ਕਥਿਤ ਤੌਰ ’ਤੇ ਦੁਬਈ ਤੋਂ 50 ਲੱਖ ਰੁਪਏ ਦਾ ਸੋਨਾ ਛੁਪਾ ਕੇ ਲਿਆਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।