🔴Punjab bypolls Results LIVE : ਆਮ ਆਦਮੀ ਪਾਰਟੀ ਤਿੰਨ ਅਤੇ ਕਾਂਗਰਸ ਇੱਕ ਸੀਟ ’ਤੇ ਅੱਗੇ
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 23 ਨਵੰਬਰ
🔴Punjab bypolls Results LIVE : ਪੰਜਾਬ ਸੂਬੇ ਵਿਚ ਵਿਚ 20 ਨਵੰਬਰ ਨੂੰ ਚਾਰ ਹਲਕਿਆਂ ਲਈ ਜ਼ਿਮਨੀ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ। ਵਿਧਾਨ ਸਭਾ ਹਲਕਾ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਰਾਖਵਾਂ ਹਲਕਾ ਚੱਬੇਵਾਲ ਤੋਂ ਚੋਣ ਲੜਨ ਵਾਲੇ 45 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਜਨਤਕ ਹੋਵੇਗਾ। 11:50 ਤੱਕ ਦੇ ਨਤੀਜਿਆਂ ਅਨੁਸਾਰ ਹਲਕਾ ਬਰਨਾਲਾ ਤੋਂ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ 14ਵੇਂ ਰਾਉਂਡ ਵਿਚ 3244 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਧਰ ਹਲਕਾ ਚੱਬੇਵਾਲ ਤੋਂ ਆਪ ਆਗੂ ਡਾ. ਇਸ਼ਾਂਕ ਕੁਮਾਰ 12ਵੇਂ ਰਾਉਂਡ ਤੋਂ ਬਾਅਦ 23962 ਵੋਟਾਂ ਨਾਲ ਅੱਗੇ ਹਨ। ਹਲਕਾ ਡੇਰਾ ਬਾਬਾ ਨਾਨਕ ਤੋਂ 17ਵੇਂ ਰਾਉਂਡ ਆਪ ਆਗੂ ਗੁਰਦੀਪ ਸਿੰਘ ਰੰਧਾਵਾ 5477 ਵੋਟਾਂ ਨਾਲ ਅੱਗੇ ਹਨ। ਹਲਕਾ ਗਿੱਦੜਬਾਹਾ ਤੋਂ ਆਪ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ 7974 ਵੋਟਾਂ ’ਤੇ ਅੱਗੇ ਚੱਲ ਰਹੇ ਹਨ।
ਇਨ੍ਹਾਂ ਚੋਣਾਂ ਵਿਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਸਿਆਸੀ ਧਨੰਤਰਾਂ ਦਾ ਭਵਿੱਖ ਵੀ ਤੈਅ ਹੋਣਾ ਹੈ। ਇਨ੍ਹਾਂ ਦੋਵੇਂ ਆਗੂਆਂ ਦੀਆਂ ਪਤਨੀਆਂ ਚੋਣ ਮੈਦਾਨ ਵਿਚ ਸਨ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਲਈ ਬਰਨਾਲਾ ਸੀਟ ਵੱਕਾਰੀ ਹੈ। ਇਸ ਹਲਕੇ ਤੋਂ ‘ਆਪ’ ਜਿੱਤਣ ’ਤੇ ਮੀਤ ਹੇਅਰ ਦਾ ਸਿਆਸੀ ਕੱਦ ਵੱਡਾ ਹੋਵੇਗਾ ਅਤੇ ਹਾਰਨ ’ਤੇ ਉਨ੍ਹਾਂ ਦੀ ਰਾਜਸੀ ਭੱਲ ਪ੍ਰਭਾਵਿਤ ਹੋਵੇਗੀ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸਾਰੇ ਗਿਣਤੀ ਕੇਂਦਰਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਰਾਹੀਂ ਕੀਤੀ ਜਾਵੇਗੀ। ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਤਿੰਨ-ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਪੁਲੀਸ ਦੇ ਜਵਾਨ ਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਲਕਾ ਡੇਰਾ ਬਾਬਾ ਨਾਨਕ ’ਚ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟਸ, ਇੰਜਨੀਅਰਿੰਗ ਵਿੰਗ ਗੁਰਦਾਸਪੁਰ ਵਿੱਚ 18 ਗੇੜਾਂ ਵਿੱਚ ਹੋਵੇਗੀ। ਚੱਬੇਵਾਲ (ਐੱਸਸੀ) ਵਿੱਚ ਵੋਟਾਂ ਦੀ ਗਿਣਤੀ ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿੱਚ 15 ਗੇੜਾਂ ਵਿੱਚ ਕੀਤੀ ਜਾਵੇਗੀ। ਗਿੱਦੜਬਾਹਾ ਹਲਕੇ ਵਿੱਚ ਸਭ ਤੋਂ ਵੱਧ 81.90 ਫ਼ੀਸਦੀ ਵੋਟਿੰਗ ਹੋਈ। ਇਸ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ, ਗਿੱਦੜਬਾਹਾ ਵਿੱਚ 13 ਗੇੜਾਂ ਵਿੱਚ ਕੀਤੀ ਜਾਵੇਗੀ। ਇਸੇ ਤਰ੍ਹਾਂ ਬਰਨਾਲਾ ਹਲਕੇ ’ਚ 56.34 ਫ਼ੀਸਦੀ ਵੋਟਿੰਗ ਹੋਈ। ਇਸ ਹਲਕੇ ਦੀਆਂ ਵੋਟਾਂ ਦੀ ਗਿਣਤੀ ਐੱਸਡੀ ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿੱਚ 16 ਗੇੜਾਂ ’ਚ ਕੀਤੀ ਜਾਵੇਗੀ।