ਉਮਰ ਵੱਲੋਂ ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ
ਜੰਮੂ (ਟਨਸ): ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਰੱਖੀ। ਆਪਣੇ ਭਾਸ਼ਣ ਦੌਰਾਨ ਉਮਰ ਨੇ ਕਿਹਾ, ‘‘ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਦੋਂ ਵੀ ਜੰਮੂ ਕਸ਼ਮੀਰ ਲਈ ਕੋਈ ਅਹਿਮ ਕਦਮ ਚੁੱਕਿਆ ਜਾਂਦਾ ਹੈ ਤਾਂ ਮੈਂ ਉਥੇ ਹਾਜ਼ਰ ਹੁੰਦਾ ਹਾਂ। ਸਾਲ 2014 ’ਚ ਜਦੋਂ ਤੁਸੀਂ ਪ੍ਰਧਾਨ ਮੰਤਰੀ ਬਣੇ ਸੀ ਤਾਂ ਕਟੜਾ ’ਚ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਲਈ ਆਏ ਸੀ। ਸਟੇਜ ’ਤੇ ਅੱਜ ਬੈਠੇ ਚਾਰ ਵਿਅਕਤੀ ਉਸ ਸਮੇਂ ਵੀ ਮੌਜੂਦ ਸਨ।’’ ਉਮਰ ਨੇ ਕਿਹਾ ਕਿ ਪਹਿਲਾਂ ਉਹ ਸੂਬੇ ਦੇ ਮੁੱਖ ਮੰਤਰੀ ਸਨ ਅਤੇ ਹੁਣ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਮੰਤਰੀ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਗਲਤੀ ਛੇਤੀ ਠੀਕ ਹੋ ਜਾਵੇਗੀ ਅਤੇ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਛੇਤੀ ਬਹਾਲ ਕਰਨਗੇ। ਉਨ੍ਹਾਂ ਕਸ਼ਮੀਰ ਦੇ ਰੇਲ ਰਾਹੀਂ ਮੁਲਕ ਦੇ ਹੋਰ ਹਿੱਸਿਆਂ ਨਾਲ ਜੁੜਨ ਨੂੰ ਇਤਿਹਾਸਕ ਘਟਨਾ ਕਰਾਰ ਦਿੱਤਾ।
ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ ਹੋਣਾ ਚੰਗੀ ਸ਼ੁਰੂਆਤ: ਨੈਸ਼ਨਲ ਕਾਨਫਰੰਸ
ਸ੍ਰੀਨਗਰ: ਜੰਮੂ ਕਸ਼ਮੀਰ ’ਚ ਹੁਕਮਰਾਨ ਧਿਰ ਨੈਸ਼ਨਲ ਕਾਨਫਰੰਸ ਨੇ ਕਿਹਾ ਕਿ ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ ਹੋਣਾ ਚੰਗੀ ਸ਼ੁਰੂਆਤ ਹੈ ਅਤੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦਾ ਸਨਮਾਨ ਹੋਣਾ ਚਾਹੀਦਾ ਹੈ। ਨੈਸ਼ਨਲ ਕਾਨਫਰੰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਜਸਟਿਸ (ਸੇਵਾਮੁਕਤ) ਹਸਨੈਨ ਮਸੂਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਲ ਸੇਵਾ ਸ਼ੁਰੂ ਹੋਣ ਨਾਲ ਸੈਰ-ਸਪਾਟੇ ਅਤੇ ਹੋਰ ਖੇਤਰਾਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ’ਚ ਸਹਾਇਤਾ ਮਿਲੇਗੀ। ਮਸੂਦੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਦੇ ਹੱਕਾਂ ਅਤੇ ਸੰਵਿਧਾਨਕ ਗਾਰੰਟੀਆਂ ਦਾ ਸਨਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਗੱਡੀ ਤਾਂ ਹੀ ਅਗਾਂਹ ਵੱਧ ਸਕਦੀ ਹੈ ਜਦੋਂ ਉਸ ਦੇ ਦੋਵੇਂ ਪਹੀਏ, ਵਿਕਾਸ ਅਤੇ ਸਿਆਸੀ ਖਾਹਿਸ਼ਾਂ, ਵਧੀਆ ਢੰਗ ਨਾਲ ਚੱਲਣ। ਇਸ ਦਾ ਤਾਂ ਹੀ ਪੂਰੇ ਮੁਲਕ ਨੂੰ ਲਾਭ ਮਿਲ ਸਕਦਾ ਹੈ। -ਪੀਟੀਆਈ
ਕਸ਼ਮੀਰ ਰੇਲ ਸੇਵਾ ਨੇ ਲੋਕਾਂ ਦੇ ਦਿਲ ਜੋੜੇ: ਸਿਨਹਾ
ਕਟੜਾ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਵਾਦੀ ’ਚ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾਉਣ ਨਾਲ ‘ਕਸ਼ਮੀਰ ਤੋਂ ਕੰਨਿਆਕੁਮਾਰੀ’ ਦਾ ਨਾਅਰਾ ਹੁਣ ਹਕੀਕਤ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਰੇਲ ਸੇਵਾ ਦੇ ਉਦਘਾਟਨ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਦੇ ਦਿਲ ਬਾਕੀ ਮੁਲਕ ਨਾਲ ਜੁੜ ਗਏ ਹਨ ਅਤੇ ਇਸ ਨਾਲ ਖ਼ਿੱਤੇ ’ਚ ਆਰਥਿਕ ਖ਼ੁਸ਼ਹਾਲੀ ਦਾ ਰਾਹ ਪੱਧਰਾ ਹੋ ਗਿਆ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਉਪ ਰਾਜਪਾਲ ਨੇ ਕਿਹਾ ਕਿ ਰੇਲ ਨਾਲ ਦੇਸ਼ ਦੇ ਦੋ ਦੂਰ-ਦਰਾਡੇ ਵਾਲੇ ਖ਼ਿੱਤੇ ਜੁੜਨ ਕਰਕੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੁਫ਼ਨੇ ਪੂਰੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸਿਰਫ਼ ਰੇਲਵੇ ਨੈੱਟਵਰਕ ਨਾਲ ਨਹੀਂ ਸਗੋਂ ਲੱਖਾਂ ਭਾਰਤੀ ਨਾਗਰਿਕਾਂ ਦੇ ਦਿਲ ਵੀ ਜੁੜ ਗਏ ਹਨ। -ਪੀਟੀਆਈ
ਕਸ਼ਮੀਰ ’ਚ ਰੇਲ ਲਿੰਕ ਦਾ ਸੁਫ਼ਨਾ ਪੂਰਾ ਹੋਇਆ: ਵੈਸ਼ਨਵ
ਕਟੜਾ: ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕਸ਼ਮੀਰ ਨੂੰ ਰੇਲ ਲਿੰਕ ਰਾਹੀਂ ਬਾਕੀ ਮੁਲਕ ਨਾਲ ਜੋੜਨ ਦਾ ਸੁਫ਼ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦ੍ਰਿੜ੍ਹ ਇੱਛਾ ਸ਼ਕਤੀ ਕਾਰਨ ਪੂਰਾ ਹੋ ਸਕਿਆ ਹੈ। ਵੈਸ਼ਨਵ ਨੇ ਕਿਹਾ ਕਿ ਦੇਸ਼ ਨੇ ਕਈ ਦਹਾਕੇ ਪਹਿਲਾਂ ਜੰਮੂ-ਸ੍ਰੀਨਗਰ-ਬਾਰਾਮੁੱਲਾ ਰੇਲਵੇ ਲਾਈਨ ਦਾ ਸੁਫ਼ਨਾ ਲਿਆ ਸੀ। ਉਨ੍ਹਾਂ ਕਿਹਾ, ‘‘ਵੱਡੀਆਂ ਪਹਾੜੀਆਂ ਅਤੇ ਵਾਦੀਆਂ ਕਾਰਨ ਉਥੇ ਕਈ ਮੁਸ਼ਕਲਾਂ ਸਨ। ਅਸੀਂ ਕੁਦਰਤ ਨਾਲ ਨਹੀਂ ਲੜ ਸਕਦੇ ਹਾਂ ਪਰ ਪੁੱਲਾਂ ਤੇ ਸੁਰੰਗਾਂ ਦੇ ਨੈੱਟਵਰਕ ਰਾਹੀਂ ਅਸੀਂ ਰੇਲਵੇ ਲਾਈਨ ਨੂੰ ਹਕੀਕਤ ਬਣਾ ਦਿੱਤਾ।’’ ਵੈਸ਼ਨਵ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਹੈ ਕਿਉਂਕਿ ਮਾਂ ਭਾਰਤੀ ਦੇ ਤਾਜ ’ਚ ਇਕ ਹੋਰ ਨਗੀਨਾ ਜੜ੍ਹ ਦਿੱਤਾ ਗਿਆ ਹੈ। -ਪੀਟੀਆਈ
ਕਾਂਗਰਸ ਦੇ ਸ਼ਾਸਨ ’ਚ ਪ੍ਰਾਜੈਕਟ ’ਤੇ ਧੂੜ ਪੈ ਗਈ ਸੀ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਕਸ਼ਮੀਰ ਰੇਲ ਲਿੰਕ ਬਾਰੇ ‘ਅੱਧਾ ਸੱਚ ਫੈਲਾਉਣ’ ਲਈ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਮੁਕੰਮਲ ਕੀਤਾ। ਭਾਜਪਾ ਤਰਜਮਾਨ ਪ੍ਰਦੀਪ ਭੰਡਾਰੀ ਨੇ ‘ਐਕਸ’ ’ਤੇ ਕਿਹਾ ਕਿ ਵਿਰੋਧੀ ਧਿਰ ਨੇ ਸੱਤਾ ’ਚ ਰਹਿੰਦਿਆਂ ਸਿਰਫ਼ ਐਲਾਨ ਹੀ ਕੀਤੇ ਸਨ ਅਤੇ ਉਹ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਪੂਰਾ ਕਰਨਾ ਭੁੱਲ ਗਈ ਸੀ ਅਤੇ ਪ੍ਰਾਜੈਕਟਾਂ ’ਤੇ ਧੂੜ ਪੈ ਗਈ ਸੀ। ਭਾਜਪਾ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲਵੇ ਲਾਈਨ ਸ਼ਾਸਨ ’ਚ ਨਿਰੰਤਰਤਾ ਦੀ ਇਕ ਮਿਸਾਲ ਹੈ ਜਿਸ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਵਡਿਆਈ ਲਈ ਇਸ ਤੋਂ ਲਗਾਤਾਰ ਇਨਕਾਰ ਕਰਦੇ ਆ ਰਹੇ ਸਨ। -ਪੀਟੀਆਈ