ਹੱਥ ਖੜ੍ਹੇ ਕਰਵਾ ਕੇ ਮੇਅਰ ਦੀ ਚੋਣ ਕਰਵਾਉਣ ਦੀ ਮੰਗ
ਮੁਕੇਸ਼ ਕੁਮਾਰ
ਚੰਡੀਗੜ੍ਹ, 2 ਜਨਵਰੀ
ਚੰਡੀਗੜ੍ਹ ਸ਼ਹਿਰ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਅੱਜ ਆਮ ਆਦਮੀ ਪਾਰਟੀ (ਆਪ), ਚੰਡੀਗੜ੍ਹ ਦਾ ਵਫਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੂੰ ਮਿਲਿਆ।
ਇਸ ਦੌਰਾਨ ਵਫਦ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਗਈ ਕਿ ਸਾਲ 2024 ਵਿੱਚ ਸੁਪਰੀਮ ਕੋਰਟ ਨੇ 2024 ਦੀ ਸਿਵਲ ਅਪੀਲ ਨੰਬਰ 2874 ਵਿੱਚ ਸਪੈਸ਼ਲ ਲੀਵ ਪਟੀਸ਼ਨ (ਸਿਵਲ) ਨੰਬਰ 2998 ਵਿੱਚ ਮਿਤੀ 20.ਫ਼ਰਵਰੀ 2024 ਦੇ ਫ਼ੈਸਲੇ ਰਾਹੀਂ, ਕੁਲਦੀਪ ਕੁਮਾਰ ਨੂੰ ਨਗਰ ਨਿਗਮ, ਚੰਡੀਗੜ੍ਹ ਦੇ ਮੇਅਰ ਵਜੋਂ ਚੋਣ ਲਈ ਯੋਗ ਉਮੀਦਵਾਰ ਵਜੋਂ ਚੁਣੇ ਜਾਣ ਦਾ ਐਲਾਨ ਕੀਤਾ ਸੀ। ਚੰਡੀਗੜ੍ਹ ਨਗਰ ਨਿਗਮ ਵਿੱਚ ਚੁਣੇ ਹੋਏ ਮੇਅਰ ਦਾ ਕਾਰਜਕਾਲ ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਐਕਟ, 1976 ਦੇ ਸੈਕਸ਼ਨ 38 (1) ਦੇ ਤਹਿਤ ਇੱਕ ਸਾਲ ਦਾ ਹੁੰਦਾ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਨਾਲ 20..2024 ਨੂੰ ਕੁਲਦੀਪ ਕੁਮਾਰ ਵੱਲੋਂ ਮੇਅਰ ਦਾ ਅਹੁਦਾ ਸੰਭਾਲਿਆ ਗਿਆ ਸੀ, ਜਿਸ ਦਾ ਇੱਕ ਸਾਲ ਦਾ ਕਾਰਜਕਾਲ 19 ਫਰਵਰੀ, 2025 ਨੂੰ ਪੂਰਾ ਹੋਵੇਗਾ। ਇਸ ਲਈ ਸਾਲ 2025 ਲਈ ਨਗਰ ਨਿਗਮ ਦੀ ਪਹਿਲੀ ਮੀਟਿੰਗ ਮੌਜੂਦਾ ਮੇਅਰ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੋਣੀ ਚਾਹੀਦੀ ਹੈ ਜੋ ਕਿ 19 ਫਰਵਰੀ ਨੂੰ ਖਤਮ ਹੋ ਰਹੀ ਹੈ। ਇਸ ਲਈ ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੇਅਰ ਦੀ ਚੋਣ 19 ਫ਼ਰਵਰੀ 2025 ਨੂੰ ਮੇਅਰ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਨਿਸ਼ਚਿਤ ਕਰਨ ਦੀ ਮੰਗ ਕੀਤੀ ਗਈ। ਆਪ ਦੇ ਵਫਦ ਵਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ, ਕਿ ਨਗਰ ਨਿਗਮ ਚੰਡੀਗੜ੍ਹ ਦੇ ਜਨਰਲ ਹਾਊਸ ਦੀ 29 ਅਕਤੂਬਰ 2024 ਨੂੰ ਮੀਟਿੰਗ ਹੋਈ ਸੀ। ਇਸ 341ਵੀਂ ਮੀਟਿੰਗ ਵਿੱਚ ਟੇਬਲ ਏਜੰਡਾ ਆਈਟਮ ਨੰਬਰ 3 ’ਤੇ ਚਰਚਾ ਕਰਦਿਆਂ ਬਹੁਮਤ ਨਾਲ ਇਹ ਮਤਾ ਪਾਇਆ ਗਿਆ ਕਿ ਚੰਡੀਗੜ੍ਹ ਨਗਰ ਨਿਗਮ ਦੇ ਰੈਗੂਲੇਸ਼ਨ 6 (ਪ੍ਰਕਿਰਿਆ ਅਤੇ ਸੰਚਾਲਨ) ਬਿਜ਼ਨਸ) ਰੈਗੂਲੇਸ਼ਨਜ਼, 1996 ਵਿੱਚ ਸੋਧ ਕੀਤੀ ਜਾਵੇ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਗੁਪਤ ਮਤਦਾਨ ਦੀ ਬਜਾਏ ਹੱਥ ਦਿਖਾ ਕੇ (ਹੱਥ ਖੜ੍ਹੇ ਕਰਕੇ) ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਾਲਾਂ ਲਈ ਪਾਰਦਰਸ਼ੀ ਅਤੇ ਬਰਾਬਰੀ ਵਾਲੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਵਫ਼ਦ ਨੇ ਮੰਗ ਕੀਤੀ ਕਿ 29 ਅਕਤੂਬਰ 2024 ਨੂੰ ਹੋਈ ਜਨਰਲ ਹਾਊਸ ਦੀ 341ਵੀਂ ਮੀਟਿੰਗ ਵਿੱਚ ਪਾਸ ਕੀਤੇ ਮਤੇ ਅਨੁਸਾਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਗੁਪਤ ਬੈਲਟ ਪੇਪਰ ਦੀ ਬਜਾਏ ਹੱਥ ਦਿਖਾ ਕੇ (ਹੱਥ ਖੜ੍ਹੇ ਕਰਕੇ) ਕਰਵਾਈ ਜਾਵੇ। ਵਫ਼ਦ ਵਿੱਚ ‘ਆਪ’ ਦੇ ਪ੍ਰਧਾਨ ਡੀਐੱਸਪੀ ਵਿਜੇ ਪਾਲ, ਮੇਅਰ ਕੁਲਦੀਪ ਕੁਮਾਰ ਅਤੇ ‘ਆਪ’ ਦੇ ਸੀਨੀਅਰ ਆਗੂ ਡਾ. ਹਰਮੀਤ ਸਿੰਘ ਸ਼ਾਮਲ ਸਨ।