ਹੱਤਿਆ ਕਾਂਡ: ਲੋਕਾਂ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਧਰਨਾ
ਪਿੰਡ ਕਿੱਲਿਆਂਵਾਲੀ ਵਿੱਚ ਨਸ਼ਿਆਂ ਦੇ ਵਿਰੋਧ ਕਾਰਨ ਵਾਪਰੇ ਵਿਕਰਮ ਹੱਤਿਆ ਕਾਂਡ ਵਿੱਚ ਨਾਮਜ਼ਦ ਮੁੱਖ ਮੁਲਜ਼ਮ ਗੱਗੂ ਦੀ ਗ੍ਰਿਫਤਾਰੀ ਨਾ ਹੋਣ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਕਿਸਾਨ ਆਗੂ ਹਰਪਾਲ ਸਿੰਘ ਨੂੰ ਧਮਕੀਆਂ ਮਿਲਣ ਕਾਰਨ ਅੱਜ ਪਿੰਡ ਵਾਸੀ ਸੜਕ ’ਤੇ ਉੱਤਰ ਆਏ। ਲੋਕਾਂ ਨੇ ਭਾਕਿਯੂ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਡੀਐੱਸਪੀ ਦਫ਼ਤਰ ਲੰਬੀ ਮੂਹਰੇ ਧਰਨਾ ਦਿੱਤਾ ਜਿਥੇ ਕੋਈ ਵੀ ਅਧਿਕਾਰੀ ਗੱਲਬਾਤ ਲਈ ਨਹੀਂ ਪੁੱਜਿਆ। ਉਪਰੰਤ ਲੋਕਾਂ ਨੇ ਡੱਬਵਾਲੀ-ਮਲੋਟ ਕੌਮੀ ਮਾਰਗ-9 ’ਤੇ ਕਰੀਬ ਡੇਢ ਘੰਟਾ ਆਵਾਜਾਈ ਠੱਪ ਰੱਖੀ। ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ, ਜ਼ਿਲ੍ਹਾ ਆਗੂ ਮਨੋਹਰ ਸਿੰਘ ਸਿੱਖਵਾਲਾ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਦੇ ਨਸ਼ੇ ਖ਼ਤਮ ਕਰਨ ਦੇ ਚੋਣ ਵਾਅਦੇ ਦੇ ਉਲਟ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਕਤਲ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹਨ। ਮੁਜ਼ਾਹਰਾਕਾਰੀਆਂ ਨੇ ਥਾਣਾ ਕਿੱਲਿਆਂਵਾਲੀ ਦੇ ਮੁਖੀ ਦੇ ਤਬਾਦਲੇ ਦੀ ਵੀ ਮੰਗ ਕੀਤੀ। ਇਸ ਦੌਰਾਨ ਮਲੋਟ ਦੇ ਡੀਐੱਸਪੀ ਇਕਬਾਲ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਗੱਗੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਥਾਣਾ ਮੁਖੀ ਦੇ ਤਬਾਦਲੇ ਸਬੰਧੀ ਕਾਰਵਾਈ ਉੱਚ ਅਧਿਕਾਰੀਆਂ ਨੇ ਕਰਨੀ ਹੈ। ਜ਼ਿਕਰਯੋਗ ਹੈ ਕਿ ਛੇ ਦਸੰਬਰ ਨੂੰ ਪਿੰਡ ਕਿਲਿਆਂਵਾਲੀ ਵਿਖੇ ਨਸ਼ੇ ਵੇਚਣ ਦਾ ਵਿਰੋਧ ਕਰਨ 'ਤੇ ਕਥਿਤ ਨਸ਼ਾ ਤਸਕਰਾਂ ਵੱਲੋਂ ਮਜ਼ਦੂਰ ਨੌਜਵਾਨ ਵਿਕਰਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਅੱਠ ਜਣਿਆਂ ਨੂੰ ਨਾਮਜ਼ਦ ਕਰਕੇ ਕੁੱਲ 13 ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ।