ਹੱਕਾਂ ਲਈ ਸੰਘਰਸ਼ਸ਼ੀਲ ਔਰਤਾਂ
ਐਤਵਾਰ ਬਹਾਈ ਭਾਈਚਾਰੇ ਨਾਲ ਸਬੰਧਿਤ ਉਨ੍ਹਾਂ ਦਸ ਔਰਤਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੂੰ ਚਾਲੀ ਸਾਲ ਪਹਿਲਾਂ (18 ਜੂਨ 1983 ਨੂੰ) ਇਰਾਨ ਦੇ ਸ਼ਹਿਰ ਸ਼ਿਰਾਜ ਵਿਚ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਨੂੰ ਅਕਤੂਬਰ-ਨਵੰਬਰ 1982 ਵਿਚ ਗ੍ਰਿਫ਼ਤਾਰ ਕੀਤਾ ਗਿਆ। ਸਭ ਤੋਂ ਪਹਿਲਾਂ ਸਭ ਤੋਂ ਵੱਡੀ 57 ਸਾਲ ਦੀ ਔਰਤ ਨੂੰ ਫਾਂਸੀ ਦਿੱਤੀ ਗਈ ਤੇ ਅਖ਼ੀਰ ਵਿਚ ਸਭ ਤੋਂ ਛੋਟੀ 17 ਸਾਲ ਦੀ ਕੁੜੀ ਨੂੰ। ਉਨ੍ਹਾਂ ‘ਤੇ ਇਜ਼ਰਾਈਲ ਲਈ ਜਾਸੂਸੀ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਅੱਗੇ ਇਹ ਬਦਲ ਰੱਖਿਆ ਗਿਆ ਕਿ ਉਹ ਬਹਾਈ ਧਰਮ ਨੂੰ ਛੱਡ ਕੇ ਇਸਲਾਮ ਅਪਣਾ ਲੈਣ ਪਰ ਉਨ੍ਹਾਂ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ। ਇਰਾਨ ਵਿਚ ਕਈ ਦਹਾਕਿਆਂ ਤੋਂ ਬਹਾਈ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਇਰਾਨ ਦਾ ਸਭ ਤੋਂ ਵੱਡਾ ਘੱਟਗਿਣਤੀ ਭਾਈਚਾਰਾ ਹੈ ਪਰ ਇਰਾਨ ਦੀ ਸਰਕਾਰ ਤੇ ਕਾਨੂੰਨ ਇਸ ਨੂੰ ਮਾਨਤਾ ਨਹੀਂ ਦਿੰਦੇ ਜਦੋਂਕਿ ਇਸਲਾਮ ਦੇ ਨਾਲ ਨਾਲ ਈਸਾਈ, ਪਾਰਸੀ ਤੇ ਯਹੂਦੀ ਧਰਮਾਂ ਨੂੰ ਮਾਨਤਾ ਦਿੱਤੀ ਗਈ ਹੈ। 1983 ਵਿਚ ਬਹਾਈ ਧਰਮ ਨਾਲ ਸਬੰਧਿਤ ਸਮਾਗਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਸਰਕਾਰ ਨੇ ਇਸ ਫ਼ਿਰਕੇ ਨਾਲ ਸਬੰਧਿਤ ਹੋਣ ਨੂੰ ਜੁਰਮ ਕਰਾਰ ਦੇ ਦਿੱਤਾ।
ਬਹਾਈ ਧਰਮ 19ਵੀਂ ਸਦੀ ਵਿਚ ਇਰਾਨ ਵਿਚ ਪੈਦਾ ਹੋਇਆ। ਇਸ ਦੀ ਨੀਂਹ ਬਹਾਉੱਲਾ ਨੇ ਰੱਖੀ। ਇਹ ਧਰਮ ਸਭ ਧਰਮਾਂ ਦੀ ਏਕਤਾ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਦੀ ਵਿਗਿਆਨ ਪ੍ਰਤੀ ਪਹੁੰਚ ਸਕਾਰਾਤਮਕ ਹੈ। ਇਰਾਨ ਦੇ ਸ਼ੀਆ ਧਾਰਮਿਕ ਆਗੂ ਇਸ ਫ਼ਿਰਕੇ ਦੇ ਇਸ ਲਈ ਵਿਰੁੱਧ ਹਨ ਕਿ ਬਹਾਈ ਫ਼ਿਰਕੇ ਦੇ ਲੋਕ ਬਹਾਉੱਲਾ ਨੂੰ ਪੈਗੰਬਰ ਮੰਨਦੇ ਹਨ ਜਦੋਂਕਿ ਇਸਲਾਮ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ ਆਖ਼ਰੀ ਪੈਗੰਬਰ ਮੰਨਦਾ ਹੈ। ਪਾਕਿਸਤਾਨ ਵਿਚ ਅਹਿਮਦੀਆ ਫ਼ਿਰਕੇ ਦੇ ਲੋਕਾਂ ਨੂੰ ਵੀ ਅਜਿਹੇ ਕਾਰਨ ਕਰ ਕੇ ਹੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਫ਼ਿਰਕੇ ਨੂੰ ਗ਼ੈਰ-ਮੁਸਲਿਮ ਕਰਾਰ ਦਿੱਤਾ ਗਿਆ ਹੈ। ਬਹਾਈ ਫ਼ਿਰਕੇ ਨੂੰ ਅਫ਼ਗਾਨਿਸਤਾਨ, ਮਿਸਰ, ਇੰਡੋਨੇਸ਼ੀਆ ਤੇ ਹੋਰ ਮੁਸਲਿਮ ਦੇਸ਼ਾਂ ਵਿਚ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਰਾਨ ‘ਚ ਇਹ ਵਿਤਕਰਾ 20ਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਸ਼ੁਰੂ ਹੋਇਆ ਤੇ 1955 ‘ਚ ਤਹਿਰਾਨ ਸਥਿਤ ਬਹਾਈ ਧਾਰਮਿਕ ਕੇਂਦਰ ਨੂੰ ਤਬਾਹ ਕਰ ਦਿੱਤਾ ਗਿਆ। 1979 ਦੇ ਇਸਲਾਮਿਕ ਇਨਕਲਾਬ ਤੋਂ ਬਾਅਦ ਬਹਾਈ ਫ਼ਿਰਕੇ ਪ੍ਰਤੀ ਵਿਤਕਰਾ ਤੇ ਜਬਰ ਹੋਰ ਵਧਿਆ। ਸ਼ਿਰਾਜ ਵਿਚ ਉਨ੍ਹਾਂ ਦੇ ਇਕ ਧਾਰਮਿਕ ਕੇਂਦਰ ਨੂੰ ਦੋ ਵਾਰ ਤਬਾਹ ਕੀਤਾ ਅਤੇ ਬਹਾਈ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿਚੋਂ ਕੱਢਿਆ ਗਿਆ। ਮਿਸਰ ਵਿਚ 1960 ਵਿਚ ਬਹਾਈ ਫ਼ਿਰਕੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ। 1990ਵਿਆਂ ਵਿਚ ਜਾਰੀ ਕੀਤੇ ਫਰਮਾਨਾਂ ਅਨੁਸਾਰ ਮਿਸਰ ਵਿਚ ਰਹਿਣ ਵਾਲੇ ਵਿਅਕਤੀਆਂ ਨੂੰ ਪਛਾਣ ਪੱਤਰਾਂ ਵਿਚ ਆਪਣਾ ਧਰਮ ਮੁਸਲਿਮ, ਈਸਾਈ ਜਾਂ ਯਹੂਦੀ ਦੱਸਣਾ ਪੈਂਦਾ ਹੈ ਜਿਸ ਦੇ ਅਰਥ ਇਹ ਹਨ ਕਿ ਬਹਾਈ ਫ਼ਿਰਕੇ ਦੇ ਲੋਕਾਂ ਨੂੰ ਪਛਾਣ ਪੱਤਰ ਜਾਰੀ ਨਹੀਂ ਕੀਤੇ ਗਏ। ਵੱਖ ਵੱਖ ਅਨੁਮਾਨਾਂ ਅਨੁਸਾਰ ਦੁਨੀਆ ਵਿਚ ਬਹਾਈ ਫ਼ਿਰਕੇ ਨਾਲ ਸਬੰਧਿਤ ਲੋਕਾਂ ਦੀ ਗਿਣਤੀ 50 ਤੋਂ 80 ਲੱਖ ਦੱਸੀ ਜਾਂਦੀ ਹੈ।
ਸ਼ਿਰਾਜ ਵਿਚ 40 ਸਾਲ ਪਹਿਲਾਂ ਫਾਂਸੀ ‘ਤੇ ਲਟਕਾਈਆਂ ਗਈਆਂ ਔਰਤਾਂ ਦੀ ਦਰਦਨਾਕ ਕਹਾਣੀ ਇਹ ਦੱਸਦੀ ਹੈ ਕਿ ਧਰਮ ਦੇ ਨਾਂ ‘ਤੇ ਕਿਹੋ ਜਿਹੇ ਜ਼ੁਲਮ ਕੀਤੇ ਜਾ ਸਕਦੇ ਹਨ। ਤਾਨਾਸ਼ਾਹ ਤੇ ਧਰਮ ਆਧਾਰਿਤ ਰਿਆਸਤ/ਸਟੇਟ ਵਿਚ ਤਰਕ ਲਈ ਕੋਈ ਥਾਂ ਨਹੀਂ ਹੁੰਦੀ; ਰਿਆਸਤ/ਸਟੇਟ ਦੇ ਧਰਮ ਤੋਂ ਬਿਨਾ ਬਾਕੀ ਧਰਮਾਂ ਨੂੰ ਦੂਜੈਲਾ ਦਰਜਾ ਦਿੱਤਾ ਜਾਂਦਾ ਹੈ। ਇਰਾਨ ਵਿਚ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ, ਔਰਤਾਂ ਤੇ ਅਗਾਂਹਵਧੂ ਤਾਕਤਾਂ ਨੂੰ ਉਮੀਦ ਸੀ ਕਿ 1978-79 ਦਾ ਇਰਾਨ ਇਨਕਲਾਬ ਉਨ੍ਹਾਂ ਲਈ ਨਵੀਆਂ ਆਸਾਂ-ਉਮੀਦਾਂ ਦਾ ਸਮਾਂ ਲੈ ਕੇ ਆਏਗਾ। ਇਸ ਇਨਕਲਾਬ ਨੇ ਅਮਰੀਕਾ ਪੱਖੀ ਰਜ਼ਾ ਸ਼ਾਹ ਪਹਿਲਵੀ ਦਾ ਤਖ਼ਤਾ ਤਾਂ ਜ਼ਰੂਰ ਪਲਟਿਆ ਪਰ ਨਾਲ ਹੀ ਉਦਾਰਵਾਦੀਆਂ, ਖੱਬੇ ਪੱਖੀਆਂ, ਔਰਤਾਂ ਤੇ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਔਰਤਾਂ ‘ਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਪਿਛਲੇ ਕੁਝ ਸਮੇਂ ਵਿਚ ਔਰਤਾਂ ਨੇ ਹਿਜਾਬ ਪਹਿਨਣ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਹਿਜਾਬ ਸਾੜੇ ਹਨ। ਉਹ ਜੇਲ੍ਹ ਵੀ ਗਈਆਂ ਅਤੇ ਕਈਆਂ ਦੀ ਜਾਨ ਵੀ ਗਈ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਨੁੱਖ ਹਰ ਥਾਂ ‘ਤੇ ਆਜ਼ਾਦੀ ਲੋਚਦਾ ਹੈ। ਲੋਕ ਕੁਝ ਦੇਰ ਤਕ ਤਾਂ ਜਬਰ ਸਹਿੰਦੇ ਹਨ ਪਰ ਇਕ ਦਿਨ ਅਜਿਹਾ ਆ ਜਾਂਦਾ ਹੈ ਜਦੋਂ ਉਹ ਇਸ ਵਿਰੁੱਧ ਬਗ਼ਾਵਤ ਕਰਦੇ ਹਨ। ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿਚ ਔਰਤਾਂ ਨੇ ਆਪਣੇ ਹੱਕ ਲਈ ਸੰਘਰਸ਼ ਕੀਤੇ ਹਨ ਤੇ ਅੱਜ ਵੀ ਕਰ ਰਹੀਆਂ ਹਨ।