ਜਗਜੀਤ ਸਿੰਘਮੁਕੇਰੀਆਂ, 24 ਦਸੰਬਰਬੀਤੇ ਸਾਲ ਹੜ੍ਹ ਦੇ ਪਾਣੀ ’ਚ ਘਿਰਨ ਕਾਰਨ ਨੁਕਸਾਨ ਝੱਲ ਚੁੱਕੇ ਹੰਦਵਾਲ ਦੇ ਪਿੰਡ ਪੱਤੀ ਨਵੇਂ ਘਰ ਦੇ ਵਸਨੀਕਾਂ ਨੇ ਨੇੜੇ ਹੀ ਲੱਗਣ ਵਾਲੇ ਦੋ ਨਵੇਂ ਸਟੋਨ ਕਰੱਸ਼ਰਾਂ ਵਿਰੁੱਧ ਸੰਘਰਸ਼ ਲਈ 21 ਮੈਂਬਰੀ ਕਮੇਟੀ ਬਣਾਈਹੈ। ‘ਖਣਨ ਰੋਕੋ ਜ਼ਮੀਨ ਬਚਾਓ’ ਕਮੇਟੀ ਵੱਲੋਂ ਪ੍ਰਦੂਸ਼ਣ ਵਿਭਾਗ ਨੂੰ ਦਿੱਤੇ ਮੰਗ ਪੱਤਰਾਂ ’ਤੇ ਅਧਿਕਾਰੀਆਂ ਨੇ ਕਮੇਟੀ ਬਣਾ ਕੇ ਲੋਕਾਂ ਦੇ ਇਤਰਾਜ਼ ਦੂਰ ਕਰਨ ਦਾ ਭਰੋਸਾ ਦਿੱਤਾ ਹੈ।ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਅਤੇ ਖਣਨ ਵਿਰੋਧੀ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਸਿੰਬਲੀ ਨੇ ਕਿਹਾ ਕਿ ਨਵੇਂ ਘਰਾਂ ਦੇ ਕੋਲ ਲਾਏ ਜਾ ਰਹੇ ਨਵੇਂ ਕਰੱਸ਼ਰਾਂ ਦੇ ਆਸ-ਪਾਸ ਵੱਡੀ ਰਿਹਾਇਸ਼ੀ ਅਬਾਦੀ ਹੈ। ਉਨ੍ਹਾਂ ਦੱਸਿਆ ਕਿ ਕਰੱਸ਼ਰਾਂ ਵੱਲੋਂ ਕੀਤੀ ਗੈਰ-ਕਾਨੂੰਨੀ ਮਾਈਨਿੰਗ ਕਾਰਨ ਹੀ ਪਿੰਡ ਨਵੇਂ ਘਰਾਂ ਨੇ ਪਿਛਲੇ ਸਾਲ ਹੜ੍ਹ ਦੀ ਮਾਰ ਝੱਲੀ ਸੀ ਅਤੇ ਮੌਕਾ ਦੇਖਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਰੀਬ 6 ਕਿਲੋਮੀਟਰ ਘੁੰਮ ਕੇ ਲੋਕਾਂ ਦੀ ਸਾਰ ਲੈਣ ਲਈ ਪੁੱਜਣਾ ਪਿਆ ਸੀ। ਅਜਿਹੀ ਮਾਰ ਝੱਲ ਚੁੱਕੇ ਪਿੰਡ ਵਿੱਚ ਹੋਰ ਨਵੇਂ ਸਟੋਨ ਕਰੱਸ਼ਰ ਲਗਾਉਣ ਦੀ ਪ੍ਰਵਾਨਗੀ ਦੇਣਾ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵੱਡਾ ਕਰ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੰਘਰਸ਼ੀ ਨੋਟਿਸ ਦੇ ਕੇ ਮੰਗ ਕੀਤੀ ਕਿ ਕਰੱਸ਼ਰਾਂ ਦੀ ਉਸਾਰੀ ਦਾ ਕੰਮ ਬੰਦ ਕੀਤਾ ਜਾਵੇ ਅਤੇ ਇਸ ਇਲਾਕੇ ਵਿੱਚ ਕਿਸੇ ਵੀ ਹੋਰ ਸਟੋਨ ਕਰੱਸ਼ਰ ਨੂੰ ਐੱਨਓਸੀ ਨਾ ਦਿੱਤੀ ਜਾਵੇ। ਕਮੇਟੀ ਆਗੂ ਮਨੋਜ ਕੁਮਾਰ ਨੇ ਸਟੋਨ ਕਰੱਸ਼ਰਾਂ ਅਤੇ ਨਾਜਾਇਜ਼ ਮਾਈਨਿੰਗ ’ਤੇ ਪੂਰਨ ਰੋਕ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਸਰਪੰਚ ਗੁਰਮੀਤ ਕੌਰ ਨੂੰ ਚੇਅਰਮੈਨ, ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸਕੱਤਰ ਸੁਭਾਸ਼ ਚੰਦ ਸਮੇਤ 21 ਮੈਂਬਰੀ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ।ਤੈਅ ਸ਼ਰਤਾਂ ਪੂਰੀਆਂ ਕਰਨ ਉਪਰੰਤ ਕਰੱਸ਼ਰ ਲਾਉਣ ਦੀ ਇਜਾਜ਼ਤ ਦਿੱਤੀ: ਐਕਸੀਅਨਪ੍ਰਦੂਸ਼ਣ ਵਿਭਾਗ ਦੇ ਐਕਸੀਐਨ ਦੀਪਕ ਚੱਢਾ ਨੇ ਕਿਹਾ ਕਿ ਹੰਦਵਾਲ ਖੇਤਰ ਵਿੱਚ ਲੱਗ ਰਹੇ ਦੋ ਕਰੱਸ਼ਰਾਂ ਵੱਲੋਂ ਮਾਲ ਵਿਭਾਗ ਤੇ ਮਾਈਨਿੰਗ ਵਿਭਾਗ ਵੱਲੋਂ ਤੈਅ ਸ਼ਰਤਾਂ ਪੂਰੀਆਂ ਕਰਨ ਉਪਰੰਤ ‘ਕੰਸੈਂਟ ਟੂ ਅਸਟੈਬਲਿਸ਼’ ਦੀ ਇਜਾਜ਼ਤ ਦਿੱਤੀ ਗਈ ਹੈ। ਕਰੱਸ਼ਰਾਂ ਖ਼ਿਲਾਫ਼ ਸੰਘਰਸ਼ ਕਮੇਟੀ ਦੇ ਮੰਗ ਪੱਤਰ ਉਪਰੰਤ ਏਡੀਸੀ ਰਾਹੁਲ ਚਾਬਾ ਦੀ ਅਗਵਾਈ ਵਿੱਚ ਜਾਂਚ ਕਮੇਟੀ ਬਣਾਈ ਜਾ ਰਹੀ ਹੈ, ਜੋ ਸਥਾਨਕ ਲੋਕਾਂ ਦੇ ਇਤਰਾਜ਼ ਸੁਣੇਗੀ।