ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਐੱਸਡੀਐੱਮ ਵੱਲੋਂ ਮੀਟਿੰਗ
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 9 ਮਈ
ਭਾਰਤ- ਪਾਕਿਸਤਾਨ ਦਰਮਿਆਨ ਚੱਲ ਤਣਾਅ ਦੇ ਮੱਦੇਨਜ਼ਰ ਇੱਥੇ ਅੱਜ ਉਪ ਮੰਡਲ ਮੈਜਿਸਟਰੇਟ (ਐੱਸਡੀਐੱਮ) ਪਰਮਪ੍ਰੀਤ ਸਿੰਘ ਵੱਲੋਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਵਿਚ ਡੀਐੱਸਪੀ ਦਵਿੰਦਰ ਸਿੰਘ ਬਾਜਵਾ, ਤਹਿਸੀਲਦਾਰ ਮਨਪ੍ਰੀਤ ਸਿੰਘ, ਬੀਡੀਪੀਓ ਰਾਜਵਿੰਦਰ ਕੌਰ, ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ, ਐੱਸਐੱਮਓ ਕਰਨ ਸੈਣੀ, ਐੱਸਡੀਓ ਸਿਟੀ ਇੰਦਰ ਪਾਲ ਸਿੰਘ, ਐੱਸਡੀਓ ਅਰਬਨ ਸੁਖਵੰਤ ਸਿੰਘ ਨੇ ਭਾਗ ਲਿਆ। ਇਸ ਮੌਕੇ ਐੱਸਡੀਐੱਮ ਨੇ ਅਫਸਰਾਂ ਅਤੇ ਮੀਡੀਆ ਕਰਮੀਆਂ ਕੋਲੋਂ ਸੁਝਾਅ ਮੰਗੇ। ਉਨ੍ਹਾਂ ਕਿ ਕੌਮੀ ਸੁਰੱਖਿਆ ਦੇ ਮਾਮਲੇ ਵਿਚ ਜਿੱਥੇ ਹਰ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਏ ਉੱਥੇ ਲੋਕ ਵੀ ਸਾਥ ਦੇਣ। ਇਸ ਮੌਕੇ ਬਲੈਕਆਊਟ ਦੌਰਾਨ ਪਾਈਆਂ ਗਈਆਂ ਘਾਟਾਂ ਨੂੰ ਦੂਰ ਕਰਨ ਲਈ ਚਰਚਾ ਕੀਤੀ ਗਈ। ਐੱਸਡੀਐੱਮ ਨੇ ਕਿਹਾ ਕਿ ਪੰਜਾਬ ਸਰਕਾਰ ’ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲੈਕਆਊਟ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਇਹ ਵੀ ਇਹ ਅਪੀਲ ਹੈ ਕਿ ਬਲੈਕਆਊਟ ਦੌਰਾਨ ਲੋਕ ਆਪਣੇ ਘਰਾਂ ਵਿਚ ਇਨਵਰਟਰ ਜਾਂ ਜੈਨਰੇਟਰ ਬੰਦ ਰੱਖਣ। ਜੇਕਰ ਉਨ੍ਹਾਂ ਕਿਸੇ ਵਜ੍ਹਾ ਇਹ ਚਾਲੂ ਰੱਖਣੇ ਹਨ ਤਾਂ ਉਹ ਆਪਣੀਆਂ ਲਾਈਟਾਂ ਇਸ ਢੰਗ ਨਾਲ ਚਲਾਉਣ ਕਿ ਉਨ੍ਹਾਂ ਦੀ ਰੌਸ਼ਨੀ ਖਿੜਕੀ ਜਾਂ ਦਰਵਾਜ਼ੇ ਤੋਂ ਬਾਹਰ ਨਾ ਜਾਵੇ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ’ਤੇ ਆਪਣੇ ਆਪ ਚੱਲਦੀ ਹੈ, ਨੂੰ ਵੀ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਅਫਵਾਹਾਂ ਫੈਲਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਮਦਦ ਲਈ ਸਿਵਲ ਡਿਫੈਂਸ ਕਮੇਟੀ ਤਿਆਰ ਕੀਤੀ ਜਾ ਰਹੀ ਜਿਸ ਵਿਚ ਵੱਧ ਤੋਂ ਵੱਧ ਵਾਲੰਟੀਅਰ ਤਿਆਰ ਕਰਕੇ ਉਨ੍ਹਾਂ ਦੀ ਪਹਿਲੀ ਟਰੇਨਿੰਗ ਭਲਕੇ ਸਕੂਲ ਆਫ ਐਮੀਨੈਂਸ ਵਿਚ ਕਰਵਾਈ ਜਾਵੇਗੀ।