ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ ਤੇ ਬਲੈਕਆਊਟ
ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਮਈ
ਸੰਗਰੂਰ ਸ਼ਹਿਰ ਵਿੱਚ ਸਿਵਲ ਡਿਫੈਂਸ ਦੇ ਉਪਾਅ ਦੇ ਹਿੱਸੇ ਵਜੋਂ ਰਾਤ 8 ਵਜੇ ਤੋਂ 8:30 ਵਜੇ ਤੱਕ ਬਲੈਕਆਊਟ ਦਾ ਅਭਿਆਸ ਹੋਇਆ। ਇਸ ਦੌਰਾਨ ਰਾਤ ਅੱਠ ਵਜੇ ਸਾਇਰਨ ਵਜਾਇਆ ਗਿਆ। ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਾਅਵਾ ਕੀਤਾ ਗਿਆ ਕਿ ਬਲੈਕਆਊਟ ਅਭਿਆਸ ਦੌਰਾਨ ਪੂਰੇ ਸ਼ਹਿਰ ਵਿਚ 30 ਮਿੰਟ ਹਨੇਰਾ ਪਸਰਿਆ ਰਿਹਾ ਪਰ ਫ਼ਿਰ ਵੀ ਕਈ ਦੁਕਾਨਾਂ ਵਿਚ ਲਾਈਟਾਂ ਜਗ ਰਹੀਆਂ ਸਨ। ਸ਼ਹਿਰ ਦੇ ਬਾਜ਼ਾਰਾਂ ਵਿਚ ਖੂਬ ਆਵਾਜਾਈ ਸੀ ਅਤੇ ਲੋਕ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਇਧਰ-ਉੱਧਰ ਜਾ ਰਹੇ ਸਨ। ਲੋਕਾਂ ਦੇ ਮਨਾਂ ਵਿਚ ਕੋਈ ਡਰ ਜਾਂ ਸਹਿਮ ਨਜ਼ਰ ਨਹੀਂ ਆ ਰਿਹਾ ਸੀ। ਧੂਰੀ ਰੋਡ ਸਥਿਤ ਮੈਕਸ ਆਟੋ ਤੋਂ ਲੈ ਕੇ ਸਿਵਲ ਹਸਪਤਾਲ ਤੱਕ ਸੜਕ ਉਪਰ ਲੱਗੀਆਂ ਸਟਰੀਟ ਲਾਈਟਾਂ ਜਗ ਰਹੀਆਂ ਸਨ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਨੇ ਦੱਸਿਆ ਕਿ ਬਲੈਕਆਊਟ ਡ੍ਰਿਲ ਪੂਰੇ ਸੰਗਰੂਰ ਸ਼ਹਿਰ (ਸਿਵਲ ਹਸਪਤਾਲ ਖੇਤਰ ਛੱਡ ਕੇ) ਵਿੱਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ ਸੀ। ਇਸਤੋਂ ਪਹਿਲਾਂ ਸ਼ਹਿਰ ਸੰਗਰੂਰ ਵਿੱਚ ਜਿਵੇਂ ਹੀ ਸ਼ਾਮ ਦੇ 6 ਵਜੇ ਤਾਂ ਆਰਮੀ ਖੇਤਰ ਉਤੇ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਤ ਰੱਖਣ ਦੇ ਅਭਿਆਸ ਲਈ ਮੌਕ ਡਰਿੱਲ ਕੀਤੀ ਗਈ। ਇਸ ਸਬੰਧ ਵਿੱਚ 6 ਵਜੇ ਇਕ ਸਾਇਰਨ ਵਜਾਇਆ ਗਿਆ ਜਿਸ ਤੋਂ ਬਾਅਦ ਇਹ ਅਭਿਆਸ ਸ਼ੁਰੂ ਹੋਇਆ। ਇਸ ਦੌਰਾਨ ਹਮਲੇ ਤੋਂ ਬਚਣ ਲਈ ਤਰਾਂ ਤਰਾਂ ਦੇ ਉਪਾਅ ਦੱਸੇ ਗਏ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਅਪਰੇਸ਼ਨ ਸ਼ੀਲਡ ਤਹਿਤ ਪਟਿਆਲਾ ’ਚ ਵੱਖ-ਵੱਖ ਬਚਾਅ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਤਾਲਮੇਲ ਦਾ ਅਭਿਆਸ ਕਰਨ ਲਈ ਇੱਥੇ ਪੋਲੋ ਗਰਾਊਂਡ ਵਿੱਚ ਦੂਸਰੀ ਨਾਗਰਿਕ ਸੁਰੱਖਿਆ ਮੌਕ ਡਰਿੱਲ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਕਰਵਾਈ ਗਈ ਇਸ ਮੌਕ ਡਰਿੱਲ ਦੌਰਾਨ ਪੰਜਾਬ ਹੋਮ ਗਾਰਡਜ਼ ਦੇ ਜ਼ਿਲ੍ਹਾ ਕਮਾਂਡਰ ਤੇ ਸਿਵਲ ਡਿਫੈਂਸ ਦੇ ਵਧੀਕ ਕੰਟਰੋਲਰ ਗੁਰਲਵਦੀਪ ਸਿੰਘ, ਭਾਰਤੀ ਫ਼ੌਜ ਦੇ ਕਰਨਲ ਜਪਜੀਤ ਸਿੰਘ ਤੇ ਐੱਸਪੀ ਪਲਵਿੰਦਰ ਚੀਮਾ ਦੀ ਨਿਗਰਾਨੀ ਹੇਠ ਸਾਇਰਨ ਵਜਾ ਕੇ ਹਵਾਈ ਹਮਲੇ, ਅੱਗ ਲੱਗਣ ਤੇ ਗੈਸ ਚੜ੍ਹਨ ਕਰਕੇ ਫੱਟੜਾਂ ਦੀ ਸੰਭਾਲ ਤੇ ਪ੍ਰਸ਼ਾਸਨ ਦੀ ਮਸ਼ੀਨਰੀ ਦੇ ਤਾਲਮੇਲ ਦੀ ਇੱਕ ਜਨਤਕ ਖੇਤਰ ਵਿੱਚ ਐਮਰਜੈਂਸੀ ਸਥਿਤੀਆਂ ਦੀ ਨਕਲ ਕਰਕੇ ਬਚਾਅ ਕਾਰਜਾਂ ਦੀ ਮੌਕ ਡਰਿੱਲ ਕੀਤੀ ਗਈ। ਇਸ ਦੌਰਾਨ ਨੇੜਲੀ ਕਲੋਨੀ ਲਾਲ ਬਾਗ਼ ਵਿੱਚ ਰਾਤ 8 ਤੋਂ 8:10 ਵਜੇ ਤੱਕ ਦਸ ਮਿੰਟ ਲਈ ਸੰਕੇਤਕ ਬਲੈਕਆਊਟ ਵੀ ਕੀਤਾ ਗਿਆ। ਅਪਰੇਸ਼ਨ ਸ਼ੀਲਡ ਦੀ ਦੂਜੀ ਮੌਕ ਡਰਿੱਲ ਦੌਰਾਨ ਪੁਲੀਸ, ਫੌਜ, ਐੱਨਸੀਸੀ, ਐੱਨਐੱਸਐੱਸ, ਰੈੱਡ ਕਰਾਸ, ਸਕਾਊਟਸ ਤੇ ਗਾਈਡਜ਼ ਅਤੇ ਨਹਿਰੂ ਯੁਵਾ ਕੇਂਦਰ ਦੇ ਨੁਮਾਇੰਦੇ ਤੇ ਵਾਲੰਟੀਅਰਾਂ ਸਮੇਤ ਵਿਦਿਆਰਥੀਆਂ ਵੱਲੋਂ ਅਭਿਆਸ ਕੀਤਾ ਗਿਆ ਕਿ ਹਵਾਈ ਹਮਲੇ ਤੇ ਹੰਗਾਮੀ ਸਥਿਤੀ ’ਚ ਕਿਸ ਤਰ੍ਹਾਂ ਬਚਾਅ ਕਰਨਾ ਹੈ।