ਹੜ੍ਹ ਪੀੜਤਾਂ ਦੀ ਮਦਦ ਲਈ ਰਿਸ਼ਤੇਦਾਰਾਂ ਤੇ ਦੋਸਤਾਂ ਵੱਲੋਂ ਪਹਿਲਕਦਮੀ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 31 ਜੁਲਾਈ
ਬੀਤੇ ਦਿਨਾਂ ਦੌਰਾਨ ਹੜ੍ਹ ਪੀੜਤਾਂ ਦੀ ਮਦਦ ਲਈ ਭਾਵੇਂ ਵੱਡੇ ਪੱਧਰ ਸਮਾਜ ਸੇਵੀ ਸੰਗਠਨਾਂ ਵੱਲੋਂ ਆਮ ਲੋਕਾਂ ਦੀ ਮਦਦ ਨਾਲ ਸਮਾਗਮ ਕਰਵਾ ਕੇ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਪਰ ਇਹ ਦੇਖਣ ਵਿੱਚ ਆਇਆ ਹੈ ਕਿ ਮੱਧ ਵਰਗੀ ਪਰਿਵਾਰਾਂ ਦੇ ਮੈਂਬਰ ਸੰਸਥਾਵਾਂ ਦੇ ਬੈਨਰ ਲਗਾ ਕੇ ਰਾਸ਼ਨ ਆਦਿ ਦੇਣ ਆਏ ਵਾਲੰਟੀਅਰਾਂ ਹੱਥੋਂ ਇਹ ਵਸਤਾਂ ਲੈਣ ਵਿੱਚ ਝਿਜਕਦੇ ਹਨ।
ਇਹ ਪਰਿਵਾਰ ਹੜ੍ਹਾਂ ਕਾਰਨ ਹੋਏ ਲੱਖਾਂ ਰੁਪਏ ਦੇ ਨੁਕਸਾਨ ਨੂੰ ਤਾਂ ਭੁੱਲ ਸਕਦੇ ਹਨ, ਪਰ ਮਸੀਹਾ ਬਣ ਕੇ ਆਉਣ ਵਾਲੇ ਸਮਾਜ ਸੇਵਕਾਂ ਨਾਲ ਆਈਆਂ ਝੂਮਦੇ ਬੈਨਰਾਂ ਵਾਲੀਆਂ ਗੱਡੀਆਂ ਕੋਲ ਖਲੋ ਕੇ ਰਾਸ਼ਨ ਕਿੱਟਾਂ ਪ੍ਰਾਪਤ ਕਰਨ ਲਈ ਹੱਥ ਫੈਲਾਉਣ ਦੀ ਗੱਲ ਹਜ਼ਮ ਕਰਨ ਲਈ ਤਿਆਰ ਨਹੀਂ ਹੋ ਸਕਦੇ। ਇੱਥੋਂ ਦੀਆਂ ਕੁੱਝ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਇਸ ਸਮੱਸਿਆ ਨੂੰ ਸਮਝਦਿਆਂ ਇੱਕ ਨਵੇਕਲੀ ਪਹਿਲ ਕੀਤੀ ਗਈ ਜਿਸ ਦੌਰਾਨ ਇਨ੍ਹਾਂ ਦੇ ਮੈਂਬਰਾਂ ਨੇ ਹੜ੍ਹ ਗ੍ਰਸਤ ਇਲਾਕਿਆਂ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਕੋਲ ਜਾਕੇ ਉਨ੍ਹਾਂ ਦੇ ਮਕਾਨ ਅਤੇ ਘਰੇਲੂ ਸਮਾਨ ਆਦਿ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਵਿੱਚ ਵਿੱਤੀ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ। ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਖੁਰਦ ਦੇ ਮੁਖੀ ਗਗਨਦੀਪ ਸਿੰਘ ਨਿਰਮਲੇ ਅਤੇ ਰੋਟਰੀ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਅਨਿਲ ਜੈਨ ਦੀ ਅਗਵਾਈ ਹੇਠ ਕੁਝ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਨੇ ਪ੍ਰਣ ਕੀਤਾ ਕਿ ਉਹ ਪੰਜਾਬ ਅਤੇ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਹਿੰਦੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਨਿੱਜੀ ਤੌਰ ‘ਤੇ ਮਿਲਕੇ ਉਨ੍ਹਾਂ ਦੀਆਂ ਅਹਿਮ ਲੋੜਾਂ ਨੂੰ ਸਮਝਣਗੇ ਅਤੇ ਪੀੜਤਾਂ ਦੇ ਆਤਮ ਸਨਮਾਨ ਨੂੰ ਬਿਨਾ ਠੇਸ ਪਹੁੰਚਾਏ ਉਨ੍ਹਾਂ ਨੂੰ ਲੋੜ ਅਨੁਸਾਰ ਵਿੱਤੀ ਮਦਦ ਦੇਣਗੇ।
ਆਪਣੇ ਪੈਰੋਕਾਰਾਂ ਵੱਲੋਂ ਮਿਲੇ ਤੁਰੰਤ ਹੁੰਗਾਰੇ ਦੀ ਸ਼ਲਾਘਾ ਕਰਦਿਆਂ ਬਾਬਾ ਨਿਰਮਲੇ ਨੇ ਦਾਅਵਾ ਕੀਤਾ ਕਿ ਕਰੀਬ ਪੰਜਾਹ ਵਿਅਕਤੀਆਂ ਨੇ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਪੀੜਤ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਹੈ।
ਸ਼ਰਧਾਲੂਆਂ ਤੋਂ ਪ੍ਰਾਪਤ ਜਾਣਕਾਰੀ ਦੇ ਵੇਰਵੇ ਨਾਲ ਬਾਬਾ ਨਿਰਮਲੇ ਨੇ ਕਿਹਾ ਕਿ ਪਟਿਆਲਾ, ਫਤਹਿਗੜ੍ਹ ਸਾਹਿਬ, ਲੁਧਿਆਣਾ, ਜਲੰਧਰ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਵੱਡੀ ਗਿਣਤੀ ਇਹੋ ਜਿਹੇ ਹੜ੍ਹ ਪ੍ਰਭਾਵਿਤ ਪਰਿਵਾਰ ਹਨ ਜਿਨ੍ਹਾਂ ਦੇ ਇਸ ਖੇਤਰ ਵਿਚ ਦੋਸਤ ਅਤੇ ਰਿਸ਼ਤੇਦਾਰ ਸਨ। ਰੋਟੇਰੀਅਨ ਅਨਿਲ ਜੈਨ ਨੇ ਦਾਅਵਾ ਕੀਤਾ ਕਿ ਵੱਡੀ ਗਿਣਤੀ ਇਹੋ ਜਿਹੇ ਹੜ੍ਹ ਪੀੜਤ ਪਰਿਵਾਰ ਹਨ ਜੋ ਭੁੱਖੇ ਤਾਂ ਰਹਿ ਪੈਣਗੇ ਪਰ ਜਨਤੱਕ ਤੌਰ ‘ਤੇ ਦਿੱਤੀ ਜਾ ਰਹੀ ਕੋਈ ਮਦਦ ਸਵੀਕਾਰ ਨਹੀਂ ਕਰਨਗੇ।