ਹੜ੍ਹਾਂ ਦੀ ਰੋਕਥਾਮ ਲਈ 15 ਜੂਨ ਤੱਕ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ
ਜਸਬੀਰ ਸਿੰਘ ਚਾਨਾ
ਕਪੂਰਥਲਾ, 26 ਮਈ
ਡਿਪਟੀ ਕਮਿਸ਼ਨਰ (ਕਪੂਰਥਲਾ) ਅਮਿਤ ਕੁਮਾਰ ਪੰਚਾਲ ਨੇ ਹੜ੍ਹ ਰੋਕੂ ਪ੍ਰਬੰਧ 15 ਜੂਨ ਤੱਕ ਹਰ ਹਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰਾਂ, ਐੱਸਡੀਐੱਮਜ਼, ਐੱਸਡੀਆਰਐੱਫ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐੱਸਡੀਐੱਮਜ਼ ਆਪੋ-ਆਪਣੇ ਇਲਾਕਿਆਂ ’ਚ ਧੁੱਸੀ ਬੰਨ੍ਹ ਦਾ ਦੌਰਾ ਕਰ ਕੇ ਚੱਲ ਰਹੇ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲੈਣ।
ਉਨ੍ਹਾਂ ਇਰੀਗੇਸ਼ਨ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਧੁੱਸੀ ਬੰਨ੍ਹ ’ਤੇ ਕਮਜ਼ੋਰ ਥਾਵਾਂ ਦੀ ਤਸਦੀਕ ਕਰਕੇ ਤੁਰੰਤ ਠੀਕ ਕੀਤਾ ਜਾਵੇ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਤੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਮੁੱਖ ਸੜਕਾਂ ਹੇਠਾਂ ਪਾਣੀ ਦੀ ਨਿਕਾਸੀ ਲਈ ਪੁਲੀਆਂ ਦੀ ਸਫਾਈ ਯਕੀਨੀ ਬਣਾਉਣ ਲਈ ਕਿਹਾ ਗਿਆ। ਪੰਚਾਲ ਨੇ ਕਿਹਾ ਕਿ ਡਰੇਨਜ਼ ਵਿਭਾਗ ਰੋਜ਼ਾਨਾ ਬਾਰਿਸ਼ ਰਿਪੋਰਟ ਸਾਂਝੀ ਕਰੇ ਤੇ ਹਰ ਉਪ ਮੰਡਲ ਦੇ ਪੱਧਰ ’ਤੇ ਕੰਟਰੋਲ ਰੂਮ ਬਣਾਇਆ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਕਿਸੇ ਵੀ ਅਸੁਖਾਵੇਂ ਹਾਲਾਤ ਦੇ ਟਾਕਰੇ ਲਈ ਜ਼ਰੂਰੀ ਦਵਾਈਆਂ ਦੀ ਸਪਲਾਈ ਪੁਖਤਾ ਕਰਨ ਤੇ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਦੀ ਵੈਕਸੀਨੇਸ਼ਨ ਤੇ ਹਰੇ ਚਾਰੇ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਇਸ ਤੋਂ ਇਲਾਵਾ ਹਰ ਸਬ ਡਿਵੀਜ਼ਨ ’ਚ ਕਿਸ਼ਤੀਆਂ, ਮੋਟਰ ਬੋਟ ਤੇ ਗੋਤਾਖੋਰਾਂ ਦੀਆਂ ਸੂਚੀਆਂ ਵੀ ਤਿਆਰ ਕਰਨ ਲਈ ਕਿਹਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹਾਂ ਸਬੰਧੀ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ, ਸਮੂਹ ਐੱਸ.ਡੀ.ਐੱਮਜ਼ ਤੇ ਹੋਰ ਅਧਿਕਾਰੀ ਹਾਜ਼ਰ ਸਨ।