ਹੋਟਲ ‘ਹਯਾਤ ਰੈਜ਼ੀਡੈਂਸੀ’ ਵਿੱਚ ਮੌਕ ਡਰਿੱਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੂਨ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਚੰਡੀਗੜ੍ਹ ਪੁਲੀਸ ਸ਼ਹਿਰ ਵਿੱਚ ਹਰ ਸਮੇਂ ਮੁਸਤੈਦੀ ਰੱਖ ਰਹੀ ਹੈ, ਜਿਸ ਵੱਲੋਂ ਸ਼ਹਿਰ ਵਿੱਚ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ। ਪੁਲੀਸ ਦੀ ਚੌਕਸੀ ਦੇ ਬਾਵਜੂਦ ਅੱਜ ਇੰਡਸਟਰੀਅਲ ਏਰੀਆ ਵਿਖੇ ਸਥਿਤ ਹੋਟਲ ‘ਹਯਾਤ ਰੈਜ਼ੀਡੈਂਸੀ’ ਵਿੱਚ ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੁੰਦਿਆਂ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਅਪਰੈਸ਼ਨ ਸੈੱਲ ਦੀ ਟੀਮ ਨੇ ਬੰਬ ਸਕੁਐਡ ਤੇ ਡੌਗ ਸਕੁਐਡ ਦੇ ਨਾਲ ਹੋਟਲ ‘ਹਯਾਤ ਰੈਜ਼ੀਡੈਂਸੀ’ ਵਿੱਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਦੀ ਇਹ ਕਾਰਵਾਈ ‘ਮੌਕ ਡਰਿੱਲ’ ਨਿਕਲੀ।
ਜਾਣਕਾਰੀ ਅਨੁਸਾਰ ਪਹਿਲਗਾਮ ਘਟਨਾ ਮਗਰੋਂ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੁਸਤੈਦੀ ਵਰਤ ਰਹੀ ਹੈ। ਇਸੇ ਦੇ ਚਲਦਿਆਂ ਪੁਲੀਸ ਨੇ ਕੰਟਰੋਲ ਰੂਮ ਵਿਖੇ ਹੋਟਲ ‘ਹਯਾਤ ਰੈਜ਼ੀਡੈਂਸੀ’ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ। ਬੰਬ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਅਪਰੈਸ਼ਨ ਸੈੱਲ ਦੀ ਟੀਮ ਨੇ ਹੋਟਲ ਨੂੰ ਖਾਲੀ ਕਰਵਾ ਕੇ ਚਾਰੇ ਪਾਸਿਓਂ ਘੇਰ ਲਿਆ। ਇਸ ਮੌਕੇ ਬੰਬ ਸਕੁਐਡ ਤੇ ਡੌਗ ਸਕੁਐਡ ਦੀ ਟੀਮ ਨੇ ਚੱਪੇ-ਚੱਪੇ ਦੀ ਜਾਂਚ ਕੀਤੀ। ਪੁਲੀਸ ਨੇ ਚੈਕਿੰਗ ਦੌਰਾਨ ਇਕ ਨਕਲੀ ਬੰਬ ਬਰਾਮਦ ਕੀਤਾ, ਜਿਸ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ। ਇਸ ਬੰਬ ਨੂੰ ਪੁਲੀਸ ਨੇ ਸੈਕਟਰ-26 ਵਿਖੇ ਸਥਿਤ ਪੁਲੀਸ ਲਾਈਨ ਵਿੱਚ ਨਸ਼ਟ ਕੀਤਾ ਗਿਆ। ਇਸ ਮੌਕੇ ਸਿਵਲ ਡਿਫੈਂਸ, ਮੋਬਾਈਲ ਫੋਰੈਂਸਿੰਕ, ਫਾਇਰ ਬ੍ਰਿਗੇਡ, ਸੈਕਟਰ-16 ਹਸਪਤਾਲ ਦੀ ਐਂਬੂਲੇਂਸ ਅਤੇ ਟਰੈਫ਼ਿਕ ਵਿੰਗ ਸਣੇ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਮੌਜੂਦ ਰਹੇ।