ਹੋਟਲ ਬੁਕਿੰਗ ਦੇ ਨਾਮ ‘ਤੇ 1.40 ਲੱਖ ਰੁਪਏ ਠੱਗੇ
ਪੱਤਰ ਪ੍ਰੇਰਕ
ਫਰੀਦਾਬਾਦ, 17 ਜੂਨ
ਸੈਕਟਰ-16 ਏ ਫਰੀਦਾਬਾਦ ਦੀ ਔਰਤ ਨੇ ਸਾਈਬਰ ਥਾਣਾ ਸੈਂਟਰਲ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਸੀ ਕਿ ਉਹ ਗੂਗਲ ’ਤੇ ਲੇਜ਼ਮਨ ਟ੍ਰੀ ਹੋਟਲਜ਼ ਵਿੱਚ ਆਨਲਾਈਨ ਕਮਰਾ ਬੁਕਿੰਗ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਕਸਟਮਰ ਕੇਅਰ ਨੰਬਰ ਮਿਲਿਆ। ਉਸ ਨਾਲ ਗੱਲ ਕਰਨ ‘ਤੇ ਕਥਿਤ ਕਸਟਮਰ ਕੇਅਰ ਅਧਿਕਾਰੀ ਨੇ ਕ੍ਰੈਡਿਟ ਕਾਰਡ ਰਾਹੀਂ ਹੋਟਲ ਬੁਕਿੰਗ ਦਾ ਭੁਗਤਾਨ ਕਰਨ ਲਈ ਕਿਹਾ ਪਰ ਕ੍ਰੈਡਿਟ ਕਾਰਡ ਨਾ ਹੋਣ ਕਾਰਨ ਸ਼ਿਕਾਇਤਕਰਤਾ ਨੇ ਯੂਪੀਆਈ ਰਾਹੀਂ 30,000/- ਰੁਪਏ ਦਾ ਭੁਗਤਾਨ ਕੀਤਾ। ਇਸ ਤੋਂ ਬਾਅਦ ਧੋਖਾਧੜੀ ਕਰਨ ਵਾਲਿਆਂ ਨੇ ਕਿਹਾ ਕਿ ਬੁਕਿੰਗ ਨਹੀਂ ਕੀਤੀ ਜਾਵੇਗੀ ਅਤੇ ਜੇ ਯੂਪੀਆਈ ਰਾਹੀਂ ਭੁਗਤਾਨ ਕੀਤਾ ਜਾਂਦਾ ਹੈ ਤਾਂ 20 ਫ਼ੀਸਦ ਛੋਟ ਨਹੀਂ ਮਿਲੇਗੀ। ਧੋਖਾਧੜੀ ਕਰਨ ਵਾਲੇ ਨੇ ਸ਼ਿਕਾਇਤਕਰਤਾ ਨੂੰ ਭੁਗਤਾਨ ਵਾਪਸ ਕਰਨ ਦਾ ਵਾਅਦਾ ਕਰਕੇ ਅਤੇ ਵੱਖ-ਵੱਖ ਲੈਣ-ਦੇਣ ਰਾਹੀਂ ਧੋਖਾ ਦਿੱਤਾ, ਅਤੇ 10000/- ਰੁਪਏ ਦੀ ਵਸੂਲੀ ਕੀਤੀ। ਹੋਟਲ ਬੁਕਿੰਗ ਲਈ 1 ਲੱਖ ਚਾਲੀ ਹਜ਼ਾਰ ਤੋਂ ਵੱਧ ਰੁਪਏ ਦੀ ਰਕਮ ਇਸ ਤਰ੍ਹਾਂ ਬਹਾਨੇ ਨਾਲ ਲੈ ਲਈ ਗਈ। ਇਸ ਸ਼ਿਕਾਇਤ ਦੇ ਆਧਾਰ ‘ਤੇ ਸਾਈਬਰ ਥਾਣਾ ਸੈਂਟਰਲ ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਾਈਬਰ ਥਾਣਾ ਸੈਂਟਰਲ ਦੀ ਟੀਮ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਬਿਪਿਨ (28) ਵਾਸੀ ਗਯਾ ਬਿਹਾਰ ਨੂੰ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਇੱਕ ਖਾਤਾਧਾਰਕ ਹੈ ਜਿਸ ਨੇ ਆਪਣਾ ਖਾਤਾ ਧੋਖਾਧੜੀ ਕਰਨ ਵਾਲੇ ਨੂੰ ਦਿੱਤਾ ਸੀ। ਉਹ ਇੱਕ ਕਿਸਾਨ ਹੈ ਅਤੇ ਗਰੈਜੂਏਟ ਹੈ। ਧੋਖਾਧੜੀ ਦੇ ਕੁੱਲ 1,44,000 ਰੁਪਏ ਮੁਲਜ਼ਮ ਦੇ ਖਾਤੇ ਵਿੱਚ ਆਏ ਸਨ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।