ਹੈੱਡਮਾਸਟਰ ਕਾਡਰ ਦੀਆਂ ਮੰਗਾਂ ਲਈ ਸੰਘਰਸ਼ ਵਿੱਢਣ ਦਾ ਐਲਾਨ
ਬਠਿੰਡਾ, 2 ਜੂਨ
ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਨੇ ਹੈੱਡਮਾਸਟਰ ਕਾਡਰ ਦੇ ਗਰੇਡ ਪੇਅ ਵਿੱਚ ਵਾਧਾ ਕਰਨ, ਹਾਇਰ ਰਿਸਪਾਂਸੀਬਿਲਟੀ ਇਨਕਰੀਮੈਂਟ ਦੇਣ, ਹੁਣ ਤੱਕ ਬਣਦੇ ਬੈਕਲਾਗ ਕੋਟੇ ਦੀਆਂ ਪ੍ਰਮੋਸ਼ਨਾਂ ਅਤੇ ਪ੍ਰਮੋਸ਼ਨ ਕੋਟੇ ਵਿੱਚ ਵਾਧੇ ਦੀਆਂ ਤਰਕਸੰਗਤ ਮੰਗਾਂ ਪ੍ਰਤੀ ਸਰਕਾਰ ਨੂੰ ਧਿਆਨ ਦੇਣ ਦੀ ਮੰਗ ਕੀਤੀ ਹੈ।
ਸੰਸਥਾ ਦੇ ਸੂਬਾ ਪ੍ਰਧਾਨ ਕੁਲਵਿੰਦਰ ਕਟਾਰੀਆ ਵੱਲੋਂ ਜਾਰੀ ਪ੍ਰੈਸ ਨੋਟ ’ਚ ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਪੂਰੀਆਂ ਕਰਕੇ ਕਾਡਰ ਨਾਲ ਇਨਸਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਵੱਡਾ ਐਕਸ਼ਨ ਪਲਾਨ ਕੀਤਾ ਜਾਵੇਗਾ।
ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਮਨਿੰਦਰ ਸਿੰਘ ਤੇ ਸਟੇਟ ਕਮੇਟੀ ਮੈਂਬਰ ਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਅਣਗੌਲੇ ਕੀਤੇ ਹੈੱਡਮਾਸਟਰ ਕਾਡਰ ਵਿੱਚ ਦੀਆਂ ਜਾਇਜ਼ ਮੰਗਾਂ ਨਾ ਮੰਨੇ ਜਾਣ ’ਤੇ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਪ੍ਰਮੋਸ਼ਨ ਲਈ ਹੈੱਡਮਾਸਟਰ ਕਾਡਰ ਦਾ ਬਣਦਾ ਬੈਕਲਾਗ ਦਿੱਤਾ ਜਾਵੇ ਅਤੇ ਜਲਦ ਪ੍ਰਮੋਸ਼ਨਾਂ ਕੀਤੀਆਂ ਜਾਣ। ਐਸੋਸੀਏਸ਼ਨ ਦੀ ਜਨਰਲ ਸਕੱਤਰ ਰਾਜਵੰਤ ਕੌਰ ਨੇ ਕਿਹਾ ਕਿ 2019 ਵਿੱਚ ਨਿੱਕਲੀ ਭਰਤੀ ਦੌਰਾਨ ਪਹਿਲਾਂ ਹੀ ਸਾਲਾਂ ਬੱਧੀ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੇ ਪੀਪੀਐੱਸਸੀ ਦਾ ਇਮਤਿਹਾਨ ਪਾਸ ਕਰਕੇ ਜਨਵਰੀ 2020 ਵਿੱਚ ਹੈੱਡਮਾਸਟਰਾਂ ਵਜੋਂ ਜੁਆਇਨ ਕੀਤਾ ਅਤੇ ਦਿਨਾਂ ਵਿੱਚ ਹੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਹਾਇਰ ਰਿਸਪਾਂਸੀਬਿਲਟੀ ਇੰਕਰੀਮੈਂਟ ਦੇਣ ਤੋਂ ਵੀ ਹੱਥ ਪਿੱਛੇ ਖਿੱਚ ਲਿਆ। ਉਨ੍ਹਾਂ ਕਿਹਾ ਕਿ ਹੁਣ ਹੈੱਡਮਾਸਟਰ ਕਾਡਰ ਚੁੱਪ ਨਹੀਂ ਬੈਠੇਗਾ ਅਤੇ ਹਰ ਮੁਹਾਜ਼ ’ਤੇ ਸੰਘਰਸ਼ ਲਈ ਲਾਮਬੰਦੀ ਸ਼ੁਰੂ ਕੀਤੀ ਜਾਵੇਗੀ।