ਹੈਰੋਇਨ ਮਾਮਲੇ ’ਚ ਔਰਤ ਸਣੇ ਚਾਰ ਗ੍ਰਿਫ਼ਤਾਰ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 18 ਮਈ
ਥਾਣਾ ਕਾਲਾਂਵਾਲੀ ਪੁਲੀਸ ਨੇ ਇੱਕ ਔਰਤ ਸਮੇਤ ਚਾਰ ਜਣਿਆਂ ਨੂੰ ਲੱਖਾਂ ਰੁਪਏ ਦੀ 100.45 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਰਾਜ ਸਿੰਘ ਉਰਫ਼ ਜੱਸੀ ਕਾਲਾਂਵਾਲੀ, ਰਾਜਵੀਰ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਬਠਿੰਡਾ ਅਤੇ ਇੱਕ ਔਰਤ ਵਾਸੀ ਸਿੰਘਪੁਰਾ ਵਜੋਂ ਹੋਈ ਹੈ। ਕਾਲਾਂਵਾਲੀ ਚੌਕੀ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪੁਲੀਸ ਟੀਮ ਏਐੱਸਆਈ ਸੁਖਦਰਸ਼ਨ ਸਿੰਘ ਅਤੇ ਕਾਂਸਟੇਬਲ ਅਮਨ ਕੁਮਾਰ ਨਾਲ ਜਾਂਚ ਲਈ ਮੰਡੀ ਕਾਲਾਂਵਾਲੀ ਤੋਂ ਤਖ਼ਤਮੱਲ ਰੋਡ ਵੱਲ ਆ ਰਹੇ ਸਨ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇੱਕ ਔਰਤ ਸਮੇਤ ਚਾਰ ਜਣੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਹਨ ਅਤੇ ਅੱਜ ਵੀ ਉਹ ਮੁਲਜ਼ਮ ਦੇ ਘਰ ਆਏ ਹਨ ਅਤੇ ਹੈਰੋਇਨ ਨੂੰ ਆਪਸ ਵਿੱਚ ਵੰਡ ਕੇ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲੀਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇੱਕ ਆਦਮੀ ਦੇ ਮੋਢੇ ’ਤੇ ਪਿੱਠੂ ਬੈਗ ਲਟਕਿਆ ਹੋਇਆ ਸੀ। ਬੈਗ ਦੇ ਅੰਦਰੋਂ ਇੱਕ ਚਿੱਟੇ ਰੰਗ ਦਾ ਪਾਰਦਰਸ਼ੀ ਪੰਨੀ ਮਿਲੀ ਜੋ ਕੱਪੜਿਆਂ ਵਿੱਚ ਲਪੇਟੀ ਹੋਈ ਸੀ। ਜਦੋਂ ਪੁਲੀਸ ਨੇ ਇਸ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 100.45 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਲਾਂਵਾਲੀ ਥਾਣੇ ਵਿੱਚ ਨਾਰਕੋਟਿਕਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਗਈ। ਮੁਲਜ਼ਮ ਔਰਤ ਨਾਲ ਮੁਲਜ਼ਮ ਜਸਰਾਜ, ਰਾਜਬੀਰ ਅਤੇ ਗੁਰਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਪੂਰੀ ਪੁੱਛ-ਪੜਤਾਲ ਤੋਂ ਬਾਅਦ, ਹੈਰੋਇਨ ਦੀ ਤਸਕਰੀ ਵਿੱਚ ਸ਼ਾਮਲ ਹੋਰ ਲੋਕਾਂ ਬਾਰੇ ਪਤਾ ਲਾ ਕੇ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।