ਕਰੋੜਾਂ ਰੁਪਏ ਦੀ ਹੈਰੋਇਨ ਸਣੇ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਮਈ
ਸੀਆਈਏ ਪੁਲੀਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 2 ਲੱਖ 90 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਸੀਆਈਏ ਪੁਲੀਸ ਦੇ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਪੁਲੀਸ ਅਮਨਦੀਪ ਸਿੰਘ ਬਰਾੜ ਅਤੇ ਸਹਾਇਕ ਪੁਲੀਸ ਕਮਿਸ਼ਨਰ ਹਰਸ਼ਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਸੀਆਈਏ ਦੇ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਵਿੱਚ ਗਸ਼ਤ ਕਰ ਰਹੀ ਸੀ ਤਾਂ ਗੁਪਤ ਸੂਚਨਾ ਮਿਲਣ ਤੇ ਅੰਕਿਤ ਭੂਰੀ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੇ ਘਰ ਜਾਬਤੇ ਅਨੁਸਾਰ ਕਾਰਵਾਈ ਕਰਕੇ ਉਸਨੂੰ ਅਤੇ ਅਤੇ ਦੇਵ ਕੁਮਾਰ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ 1 ਕਿੱਲੋ 710 ਗ੍ਰਾਮ ਹੈਰੋਇਨ ਅਤੇ 2 ਲੱਖ 90 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਥਾਣਾ ਸਦਰ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਅੰਕਿਤ ਭੂਰੀ ਨੇ ਨੋਵੀਂ ਕਲਾਸ ਤੱਕ ਜੀਵੀਐੱਮ ਸਕੂਲ ਧਾਂਦਰਾ ਰੋਡ ਤੋਂ ਪੜ੍ਹਾਈ ਕੀਤੀ ਹੈ ਜਦਕਿ ਦੇਵ ਕੁਮਾਰ ਨੇ ਜਮਾਂ ਦੋ ਦੀ ਪੜ੍ਹਾਈ ਯੋਸੈਫ ਸਕੂਲ ਧਾਂਦਰਾ ਰੋਡ ਤੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਮੁਜ਼ਰਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੌਰਾਨ ਪੁਛਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਨੇ ਹੈਰੋਇਨ ਦੀ ਇਹ ਖੇਡ ਕਿੱਥੋਂ ਲਈ ਹੈ ਅਤੇ ਇਨ੍ਹਾਂ ਨੇ ਕਿਸਨੂੰ ਵੇਚਣੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਉਨ੍ਹਾਂ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।