ਹੈਦਰਾਬਾਦ ’ਚ ਮਿਸ ਵਰਲਡ 2025 ਦਾ ਖ਼ਿਤਾਬੀ ਮੁਕਾਬਲਾ ਅੱਜ
ਹੈਦਰਾਬਾਦ: ਇੱਥੇ ਚੱਲ ਰਹੇ 72ਵੇਂ ਮਿਸ ਵਰਲਡ 2025 ਮੁਕਾਬਲੇ ਦਾ ਖਿਤਾਬੀ ਗੇੜ ਭਲਕੇ 31 ਮਈ ਦੀ ਸ਼ਾਮ ਨੂੰ ਹਾਈਟੈੱਕਸ ਪ੍ਰਦਰਸ਼ਨੀ ਕੇਂਦਰ ’ਚ ਕਰਵਾਇਆ ਜਾਵੇਗਾ। ਤਿਲੰਗਾਨਾ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਸੈਰ, ਸੱਭਿਆਚਾਰਕ ਮਿਲਣੀਆਂ ਤੇ ਹੋਰ ਗਤੀਵਿਧੀਆਂ ਸਮੇਤ ਤਕਰੀਬਨ ਮਹੀਨੇ ਤੱਕ ਕਈ ਸਮਾਗਮਾਂ ਤੋਂ ਬਾਅਦ ਦੁਨੀਆ ਭਰ ਤੋਂ ਆਈਆਂ 108 ਮੁਟਿਆਰਾਂ ਵਿਚਾਲੇ ਹੁਣ ਮਿਸ ਵਰਲਡ ਦਾ ਖ਼ਿਤਾਬੀ ਮੁਕਾਬਲਾ ਹੋਵੇਗਾ। ਖ਼ਿਤਾਬੀ ਮੁਕਾਬਲੇ ਦੀ ਮੇਜ਼ਬਾਨੀ ਸਟੈਫਨੀ ਡੇਲ ਵੈਲੇ (ਮਿਸ ਵਰਲਡ 2016) ਤੇ ਮਸ਼ਹੂਰ ਭਾਰਤੀ ਪੇਸ਼ਕਾਰ ਸਚਿਨ ਕੁੰਭਰ ਕਰਨਗੇ। ਸਮਾਗਮ ਦੌਰਾਨ ਫਿਲਮੀ ਅਦਾਕਾਰ ਜੈਕਲੀਨ ਫਰਨਾਂਡੇਜ਼ ਤੇ ਇਸ਼ਾਨ ਖੱਟਰ ਵੀ ਪੇਸ਼ਕਾਰੀਆਂ ਦੇਣਗੇ। ਜੱਜਾਂ ਦੇ ਪੈਨਲ ’ਚ ਅਦਾਕਾਰ ਤੇ ਮਸ਼ਹੂਰ ਸਮਾਜ ਸੇਵੀ ਸੋਨੂ ਸੂਦ ਸ਼ਾਮਲ ਹਨ ਜਿਨ੍ਹਾਂ ਨੂੰ ਵੱਕਾਰੀ ਮਿਸ ਵਰਲਡ ਮਨੁੱਖਤਾਵਾਦੀ ਪੁਰਸਕਾਰ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹਾਲ ਹੀ ਵਿੱਚ ‘ਬਿਊਟੀ ਵਿਦ ਏ ਪਰਪਜ਼ ਗਾਲਾ ਡਿਨਰ’ ਦੀ ਮੇਜ਼ਬਾਨੀ ਕਰਨ ਵਾਲੀ ਸੁਧਾ ਰੈੱਡੀ ਤੇ ਮਿਸ ਇੰਗਲੈਂਡ 2014 ਕੈਰੀਨਾ ਟਰੇਲ ਵੀ ਹੋਣਗੀਆਂ। ਜਿਊਰੀ ਦੀ ਪ੍ਰਧਾਨਗੀ ਤੇ ਜੇਤੂ ਦਾ ਐਲਾਨ ਮਿਸ ਵਰਲਡ ਦੀ ਪ੍ਰਧਾਨ ਜੂਲੀਆ ਮੋਰਲ ਸੀਬੀਈ ਵੱਲੋਂ ਕੀਤਾ ਜਾਵੇਗਾ। ਮਿਸ ਵਰਲਡ 2017 ਤੇ ਫਿਲਮ ਅਦਾਕਾਰਾ ਮਾਨੂਸ਼ੀ ਛਿੱਲਰ ਵੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਵੇਗੀ। ਮੁਕਾਬਲੇ ਦੀ ਸਮਾਪਤੀ ਨਵੀਂ ਮਿਸ ਵਰਲਡ ਨੂੰ ਮੌਜੂਦਾ ਮਿਸ ਵਰਲਡ ਕ੍ਰਿਸਟੀਨਾ ਪਿਜ਼ਕੋਵਾ ਵੱਲੋਂ ਤਾਜ ਪਹਿਨਾਏ ਜਾਣ ਹੋਵੇਗੀ। ਪਿਜ਼ਕੋਵਾ 71ਵੀਂ ਮਿਸ ਵਰਲਡ ਹੈ, ਜਿਸ ਨੂੰ ਪਿਛਲੇ ਸਾਲ ਮੁੰਬਈ ’ਚ ਤਾਜ ਪਹਿਨਾਇਆ ਗਿਆ ਸੀ। -ਪੀਟੀਆਈ