ਹੇਮਕੁੰਟ ਸਾਹਿਬ ਸਕੂਲ ਦੇ ਸਾਲਾਨਾ ਖੇਡ ਮੁਕਾਬਲੇ ਸਮਾਪਤ
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 22 ਦਸੰਬਰ
ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਅਗਵਾਈ, ਪ੍ਰਾਇਮਰੀ ਕੋਆਰਡੀਨੇਟਰ ਰਾਜੀ ਅਮਰ, ਡੀਪੀਈ ਲਵਜੀਤ ਸਿੰਘ ਤੇ ਗਗਨਦੀਪ ਕੌਰ ਦੀ ਦੇਖ-ਰੇਖ ਹੇਠ ਹੋਏ। ਮੁੱਖ ਮਹਿਮਾਨ ਵਜੋਂ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਰਣਜੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਖੇਡ ਮੁਕਾਬਲੇ ਦੀ ਸ਼ੁਰੂਆਤ ਸਕੂਲ ਦੇ ਐੱਨਸੀਸੀ ਵਿੰਗ ਦੇ ਕੈਡਿਟਸ ਨੇ ਮਾਰਚ ਪਾਸਟ ਕਰ ਕੇ ਕੀਤੀ। ਇਨ੍ਹਾਂ ਖੇਡਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ 12ਵੀਂ ਜਮਾਤ ਤੱਕ ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ 100 ਮੀਟਰ, 200 ਮੀਟਰ, 400 ਮੀਟਰ, ਰੀਲੇਅ ਦੌੜ, ਸ਼ਾਟਪੁਟ, ਡਿਸਕਸ ਥਰੋ, ਉੱਚੀ ਛਾਲ, ਲੰਬੀ ਛਾਲ, ਹਰਡਲ ਰੇਸ ਆਦਿ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਰੈੱਡ ਹਾਊਸ ਨੇ ਪਹਿਲਾ, ਯੈਲੋ ਹਾਊਸ ਨੇ ਦੂਸਰਾ ਅਤੇ ਬਲਿਊ ਹਾਊਸ ਦੇ ਖਿਡਾਰੀਆਂ ਨੇ ਕ੍ਰਮਵਾਰ ਤੀਸਰਾ ਸਥਾਨ ਪ੍ਰਾਪਤ ਕੀਤਾ। ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਕਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਚੇਅਰਮੈਨ ਸੰਧੂ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ। ਇਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਰਹਿਤ ਜੀਵਨ ਲਈ ਖੇਡਾਂ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਅੰਤ ਉਨ੍ਹਾਂ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਸਮੇਂ ਸਕੂਲ ਦਾ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।