ਹੇਠਲੇ ਦਰਜੇ ਦੀ ਸਿਆਸਤ ਕਰ ਰਹੀ ਹੈ ਕਾਂਗਰਸ: ਅਨੁਰਾਗ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 29 ਦਸੰਬਰ
ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਕਾਂਗਰਸ ਅਫਵਾਹਾਂ ਫੈਲਾ ਰਹੀ ਹੈ ਤੇ ਹਲਕੇਪਣ ਦੀ ਸਿਆਸਤ ’ਤੇ ਉੱਤਰ ਆਈ ਹੈ। ਉਨ੍ਹਾਂ ਡੱਬਵਾਲੀ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕੈਬਨਿਟ ਮੀਟਿੰਗ ’ਚ ਮਨਮੋਹਨ ਸਿੰਘ ਨਮਿੱਤ ਸਮਾਰਕ ਬਣਾਉਣ ਅਤੇ ਸੰਚਾਲਨ ਲਈ ਟਰੱਸਟ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਦਕਿ ਕਾਂਗਰਸ ਅੱਜ ਭੁੱਲ ਰਹੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ’ਤੇ ਵਿਸ਼ੇਸ਼ ਸਥਾਨ ਨਾ ਬਣਾਉਣ ਦਾ ਫ਼ੈਸਲਾ 2013 ਵਿਚ ਯੂਪੀਏ ਸਰਕਾਰ ਦੌਰਾਨ ਹੋਇਆ ਸੀ। ਸ੍ਰੀ ਠਾਕੁਰ ਅੱਜ ਚੌਟਾਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾਂਦੇ ਵੇਲੇ ਡੱਬਵਾਲੀ ਰੁਕੇ ਸਨ। ਉਨ੍ਹਾਂ ਕਾਂਗਰਸ ਨੂੰ 1984 ਦੇ ਸਿੱਖ ਦੰਗਿਆਂ ਲਈ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਐਸਆਈਟੀ ਗਠਨ ਮਗਰੋਂ ਸੱਜਣ ਕੁਮਾਰ ਤੇ ਜਗਦੀਸ਼ ਟਾਇਟਲਰ ਆਦਿ ਖਿਲਾਫ ਕਾਰਵਾਈ ਸੰਭਵ ਹੋਈ। ਉਨ੍ਹਾਂ ਸੜਕੀ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਦੇਸ਼ ਵਿੱਚ ਅੱਜ ਡੇਢ ਲੱਖ ਕਿਲੋਮੀਟਰ ਕੌਮੀ ਸੜਕ ਮਾਰਗ ਹਨ, ਜਦ ਕਿ ਪਹਿਲਾਂ ਸਿਰਫ 96 ਹਜ਼ਾਰ ਕਿਲੋਮੀਟਰ ਕੌਮੀ ਸੜਕ ਮਾਰਗ ਸਨ। ਐਨਐਚ ਸੜਕਾਂ ’ਤੇ ਮਹਿੰਗੀਆਂ ਟੌਲ ਕੀਮਤਾਂ ਬਾਰੇ ਪੁੱਛੇ ਜਾਣ ਸ੍ਰੀ ਠਾਕੁਰ ਨੇ ਕਿਹਾ ਕਿ ਅੱਜ ਦੁਨੀਆ ਭਰ ਵਿਚ ਇਸੇ ਤਰਜ਼ ’ਤੇ ਸੜਕਾਂ ਬਣ ਰਹੀਆਂ ਹਨ। ਅਨੁਰਾਗ ਠਾਕੁਰ ਨੇ ਤੇਜਾਖੇੜਾ ਫ਼ਾਰਮ ’ਤੇ ਮਰਹੂਮ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।