ਹੁਣ ਵੀ ਨਹੀਂ ਭੁੱਲਦੀਆਂ ਬਾਪੂ ਦੀਆਂ ਲਵੇਰੀਆਂ
ਵਰਿੰਦਰ ਸਿੰਘ ਨਿਮਾਣਾ
ਆਪਣੀ ਕੰਮ ਵਾਲੀ ਜਗ੍ਹਾ ਜਾਂ ਪਿੰਡ ਵਾਲੀ ਰਿਹਾਇਸ਼ ਦੇ ਆਲੇ-ਦੁਆਲੇ ਪਸ਼ੂਆਂ ਦੇ ਪੱਠੇ ਕੁਤਰਨ ਵਾਲੀ ਮਸ਼ੀਨ ਦੀ ਠੱਕ ਠੱਕ ਸੁਣਦਿਆਂ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਪਸ਼ੂ ਪਾਲਕਾਂ ਵੱਲੋਂ ਹੁਣ ਪਸ਼ੂਆਂ ਨੂੰ ਕਿਹੜੇ ਪਹਿਰ ਦੇ ਪੱਠੇ ਪਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਕੰਮ ਤੋਂ ਬਾਅਦ ਸਬੰਧਿਤ ਪਰਿਵਾਰ ਦੇ ਜੀਆਂ ਦੇ ਸਿਰ ’ਤੇ ਅਜੇ ਹੋਰ ਕਿਹੜੀ ਜ਼ਿੰਮੇਵਾਰੀ ਦਾ ਭਾਰ ਪੱਠਿਆਂ ਵਾਲੀ ਮਸ਼ੀਨ ਨੂੰ ਲੱਗ ਰਹੇ ਗਾਲਿਆਂ ਦੇ ਨਾਲ ਨਾਲ ਤੁਰਿਆ ਫਿਰ ਰਿਹਾ ਹੈ।
ਦਰਅਸਲ, ਚੜ੍ਹਦੀ ਜਵਾਨੀ ਦੇ ਦੌਰ ’ਚ ਬਾਪੂ ਦੀਆਂ ਮੱਝਾਂ ਤੇ ਗਾਵਾਂ ਵਾਸਤੇ ਹਰ ਮੌਸਮ ’ਚ ਪੱਠੇ ਵੱਢਣ, ਕੁਤਰਨ, ਖੁਰਲੀਆਂ ’ਚ ਪਾਉਣ, ਦੁੱਧ ਚੁਆ ਕੇ ਡੇਅਰੀ ’ਤੇ ਲੈ ਕੇ ਜਾਣ ਤੇ ਨਿਮਨ ਕਿਸਾਨੀ ਦੇ ਕਈ ਹੋਰ ਜਾਨ ਮਾਰ ਕੇ ਕੰਮ ਕਰਨ ਦੇ ਤਜਰਬੇ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਚੇਤਿਆਂ ਦੀ ਸਲੇਟ ’ਤੇ ਉਵੇਂ ਹੀ ਉੱਕਰੇ ਪਏ ਹਨ ਜਿਵੇਂ ਇਹ ਕੱਲ੍ਹ ਦੀਆਂ ਹੀ ਗੱਲਾਂ ਹੋਣ। ਲਵੇਰੀਆਂ ਦੀ ਸਾਂਭ ਸੰਭਾਲ ’ਚ ਲੱਗੇ ਕਿਸਾਨ ਕਾਮਿਆਂ ਦੀ ਹਿੱਲਜੁਲ ਤੇ ਰੁਝੇਵਾਂ ਦੇਖ ਕੇ ਸੁਰਤ ਪੁਰਾਣੇ ਸਮੇਂ ’ਚ ਪਹੁੰਚ ਜਾਂਦੀ ਹੈ। ਜ਼ਿੰਦਗੀ ਦੇ ਉਸ ਸੰਘਰਸ਼ੀ ਦੌਰ ਵਿੱਚ ਬਚਪਨ ਦੇ ਅਣਭੋਲ ਪੜਾਅ ਨੂੰ ਪਾਰ ਕਰਕੇ ਜਵਾਨੀ ਦੇ ਰੰਗਲੇ ਸੰਸਾਰ ਵੱਲ ਨੂੰ ਉਡਾਣ ਭਰੀ ਹੀ ਸੀ ਕਿ ਬੇਜ਼ਮੀਨੇ ਬਾਪ ਦੇ ਕਿਸਾਨ ਪਰਿਵਾਰ ਦੇ ਵਿੱਤੀ ਸੰਕਟਾਂ ਨੇ ਅਰਮਾਨਾਂ ਦੇ ਖੰਭਾਂ ’ਤੇ ਵੱਡੀਆਂ ਜ਼ਿੰਮੇਵਾਰੀਆਂ ਦੇ ਜਾਲ ਸੁੱਟ ਕੇ ਨਵੀਆਂ ਉਡਾਰੀਆਂ ਦੇ ਚਾਵਾਂ ਤੇ ਜੋਸ਼ ਨੂੰ ਬੁਰੀ ਤਰ੍ਹਾਂ ਮਧੋਲ ਦਿੱਤਾ ਸੀ। ਬਾਪੂ ਦੀ ਕੋਈ ਜੱਦੀ ਜ਼ਮੀਨ ਨਾ ਹੋਣ ਕਰਕੇ ਘਰ ’ਚ ਰੱਖੀਆਂ ਮੱਝਾਂ ਗਾਵਾਂ ਲਈ ਹਰੇ ਤੇ ਸੁੱਕੇ ਚਾਰੇ ਦਾ ਜੁਗਾੜ ਕਰਨਾ ਪੂਰੇ ਟੱਬਰ ਲਈ ਹਰ ਮੌਸਮ ’ਚ ਵੱਡੀ ਚੁਣੌਤੀ ਬਣਿਆ ਰਹਿੰਦਾ ਸੀ। ਪੱਠਿਆਂ ਦੀ ਤੋਟ ਪੂਰੀ ਕਰਨ ਲਈ ਅਸੀਂ ਵੀ ਹੋਰਨਾਂ ਪਾਲੀਆਂ ਵਾਂਗ ਰੁੱਤਾਂ ਤੇ ਮੌਸਮਾਂ ਦੇ ਫੇਰਿਆਂ ਨਾਲ ਲੁਕਣਮੀਚੀ ਖੇਡਦੇ ਰਹਿੰਦੇ ਸਾਂ। ਦੁੱਧ ਦੇ ਕੰਮ ਲਈ ਬਾਪੂ ਵੱਲੋਂ ਕਿਸੇ ਵਖ਼ਤ ਸ਼ੌਕ ਵਜੋਂ ਹੀ ਰੱਖੀ ਮੱਝ ਦਾ ਜਾੜਾ ਤਰੱਕੀ ਕਰਦਾ ਕਰਦਾ ਅੱਠ ਦੱਸ ਮੱਝਾਂ ਤੇ ਝੋਟੀਆਂ ਦਾ ਝੁੰਡ ਬਣ ਗਿਆ ਸੀ, ਜੋ ਪੂਰੇ ਟੱਬਰ ਦੇ ਨਿਰਬਾਹ ਵਾਸਤੇ ਕਈ ਸਾਲ ਇੱਕ ਵੱਡੀ ਢਾਲ ਵਾਂਗਰਾਂ ਹਰ ਔਖ ਸੌਖ ’ਚ ਸਾਰੇ ਜੀਆਂ ਦੇ ਪਰਦੇ ਕੱਜਦਾ ਰਿਹਾ ਸੀ। ਪਸ਼ੂਆਂ ਲਈ ਵੱਡੀ ਮਾਤਰਾ ’ਚ ਹਰੇ ਸੁੱਕੇ ਚਾਰੇ ਦੇ ਪ੍ਰਬੰਧ ਲਈ ਸਾਡੇ ਪਰਿਵਾਰ ਕੋਲ ਬੋਲੀ ’ਤੇ ਲਈ ਪੰਚਾਇਤੀ ਜ਼ਮੀਨ ’ਚ ਪੈਂਦਾ ਰੱਕੜ ਹੀ ਸਭ ਤੋਂ ਕਾਰਗਾਰ ਤੇ ਸਸਤਾ ਸਾਧਨ ਹੁੰਦਾ ਸੀ। ਇਸ ਰੱਕੜ ’ਚੋਂ ਲੰਘਦਾ ਚੋਅ ਤੇ ਟੋਭੇ ਵੀ ਪਸ਼ੁੂਆਂ ਲਈ ਕਈ ਮਹੀਨੇ ਪਾਣੀ ਦੀ ਪਿਆਸ ਬੁਝਾਉਣ ਲਈ ਕਾਫ਼ੀ ਮਦਦਗਾਰ ਸਾਬਿਤ ਹੁੰਦੇ ਸਨ। ਬਾਪੂ ਨੂੰ ਪਹਿਲਾਂ ਜੇਠ ਹਾੜ੍ਹ ਦੀਆਂ ਦੁਪਹਿਰਾਂ, ਫਿਰ ਸਾਉਣ ਭਾਦੋਂ ਦੀਆਂ ਝੜੀਆਂ ਤੇ ਫਿਰ ਸਰਦ ਰੁੱਤ ਦੀਆਂ ਪਤਝੜਾਂ ’ਚ ਪਸ਼ੂ ਚਾਰਨ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕਈ ਕਈ ਪਹਿਰ ਮੁਸ਼ੱਕਤ ਕਰਨੀ ਪੈਂਦੀ ਸੀ। ਗਰਮੀਆਂ ਦੇ ਦਿਨਾਂ ’ਚ ਤਿੱਖੜ ਦੁਪਹਿਰੇ ਰੱਕੜ ’ਚੋਂ ਚਰ ਕੇ ਆਉਂਦੇ ਪਸ਼ੂ ਤਿੱਖੀ ਤ੍ਰੇਹ ਨਾਲ ਬੌਂਦਲੇ ਹੋਣ ਕਰਕੇ ਪਾਣੀ ਵਾਲੇ ਲੁਹਾਂਡੇ (ਬੱਠਲ) ਨੂੰ ਪਾਣੀ ਸਮੇਤ ਪੀਣ ਨੂੰ ਫਿਰਦੇ ਹੁੰਦੇ। ਇਸ ਮੌਕੇ ਪਸ਼ੂਆਂ ਨੂੰ ਪਾਣੀ ਡਾਹੁਣ ਲਈ ਨਲਕਾ ਗੇੜਨ ਤੇ ਫਿਰ ਪਸ਼ੂਆਂ ਨੂੰ ਫੜ ਫੜ ਕੇ ਖੂੰਟੀਆਂ ’ਤੇ ਬੰਨ੍ਹਣ ਲਈ ਘਰ ’ਚ ਇੱਕ ਦੋ ਜੀਆਂ ਦਾ ਹਾਜ਼ਰ ਹੋਣਾ ਬੇਹੱਦ ਲਾਜ਼ਮੀ ਹੁੰਦਾ ਸੀ। ਗਰਮੀ ਨਾਲ ਸਤਾਏ ਪਸ਼ੂਆਂ ਦੀ ਪਿਆਸ ਬੁਝਾਉਣ ਲਈ ਇੱਕ ਬੰਦਾ ਓਨਾ ਚਿਰ ਨਲਕਾ ਗੇੜਦਾ ਰਹਿੰਦਾ, ਜਿੰਨਾ ਚਿਰ ਸਾਰੇ ਪਸ਼ੁੂ ਪਾਣੀ ਪੀਣ ਤੋਂ ਬਾਅਦ ਹਵੇਲੀ ਵਿੱਚ ਲੱਗੇ ਦਰੱਖਤਾਂ ਦੀ ਛਾਂ ਹੇਠ ਬੱਝ ਨਹੀਂ ਸੀ ਜਾਂਦੇ। ਜੇਠ ਹਾੜ੍ਹ ਦੀ ਪਿੰਡਾ ਲੂੰਹਦੀ ਧੁੱਪ ’ਚ ਰੱਕੜ ’ਚੋਂ ਚਰ ਕੇ ਆਏ ਪਸ਼ੂਆਂ ਨਾਲ ਬਾਪੂ ਵੀ ਲੋਹੜੇ ਦੀ ਗਰਮੀ ਨਾਲ ਬੁਰੀ ਤਰ੍ਹਾਂ ਬੌਂਦਲਿਆ ਹੁੰਦਾ ਸੀ। ਜੇਕਰ ਕਿਸੇ ਕਾਰਨ ਬਾਹਰੋਂ ਆਏ ਪਸ਼ੂਆਂ ਨੂੰ ਪਾਣੀ ਪਿਆਉਣ ਤੇ ਬੰਨ੍ਹਾਉਣ ਲਈ ਘਰ ਲੋੜੀਂਦੇ ਬੰਦੇ ਨਾ ਹੁੰਦੇ ਤਾਂ ਬਾਪੂ ਵੱਲੋਂ ਪੂਰੇ ਪਰਿਵਾਰ ਦੀ ਬੜੀ ਸਖ਼ਤੀ ਨਾਲ ਝਾੜ-ਝੰਬ ਵੀ ਹੋ ਜਾਇਆ ਕਰਦੀ ਸੀ। ਇਸ ਕਰਕੇ ਟੱਬਰ ਨੇ ਪਸ਼ੂ ਪਾਲਣ ਦੇ ਕਿੱਤੇ ਦੌਰਾਨ ਇਸ ਮਾਮਲੇ ਵਿੱਚ ਕਦੇ ਕੋਈ ਕੁਤਾਹੀ ਕਰਨ ਦੀ ਕਦੇ ਹਿੰਮਤ ਨਹੀਂ ਸੀ ਕੀਤੀ। ਕਿਸੇ ਪਸ਼ੁੂ ਵੱਲੋਂ ਤ੍ਰੇਹ ਬੁਝਾਉਣ ਲਈ ਪਾਣੀ ਪੀਣ ਲਈ ਦਿਖਾਈ ਜਾਂਦੀ ਕਾਹਲ ਜਾਂ ਬੇਨਿਯਮੀ ਕਾਰਨ ਬਾਪੂ ਉਸ ਪਸ਼ੁੂ ਦੀ ਡਾਂਗ ਨਾਲ ਸੇਵਾ ਵੀ ਕਰ ਦਿੰਦਾ ਸੀ। ਪਸ਼ੂਆਂ ਨਾਲ ਨਿੱਤ ਦਾ ਵਾਹ ਹੋਣ ਕਰਕੇ ਬਾਪੂ ਹਵੇਲੀ ਦੇ ਹਰ ਪਾਸੇ ਦੋ ਚਾਰ ਨਰੋਈਆਂ ਡਾਂਗਾਂ ਹਮੇਸ਼ਾ ਤਿਆਰ ਕਰਕੇ ਰੱਖਦਾ। ਇਹ ਡਾਂਗਾਂ ਬਹੁਤੀ ਵਾਰ ਹਵੇਲੀ ਵੱਲ ਆਉਂਦੇ ਅਵਾਰਾ ਜਾਨਵਾਰਾਂ ਜਾਂ ਕੁੱਤੇ ਬਿੱਲਿਆਂ ਤੋਂ ਬਚਾਅ ਲਈ ਕੰਮ ਆਉਂਦੀਆਂ ਸਨ। ਘਰ ’ਚ ਕਿਸੇ ਜਾਨਵਰ ਜਾਂ ਕਿਸੇ ਓਪਰੇ ਬੰਦੇ ਨਾਲ ਕਿਤੇ ਕੋਈ ਖ਼ਤਰੇ ਦੀ ਸੰਭਾਵਨਾ ਬਣਦੀ ਤਾਂ ਟੱਬਰ ਦੇ ਸਾਰੇ ਜੀਆਂ ਦੀ ਨਿਗ੍ਹਾ ਤੇ ਕਦਮ ਇਕਦਮ ਪਸ਼ੂਆਂ ਵੱਲ ਪਈਆਂ ਡਾਂਗਾਂ ਵੱਲ ਜਾਂਦੇ ਸਨ। ਇਨ੍ਹਾਂ ਡਾਂਗਾਂ ਦਾ ਜ਼ਿੰਦਗੀ ਨਾਲ ਸਾਥ ਉਦੋਂ ਵੀ ਬਰਕਰਾਰ ਰਿਹਾ ਜਦੋਂ ਜੇਠ ਹਾੜ੍ਹ ਦੀ ਰੁੱਤੇ ਪਿੰਡ ਦੇ ਸਿਵਿਆਂ ਕੋਲ ਬੀਜੇ ਪੱਠਿਆਂ ਨੂੰ ਰਾਤਾਂ ਨੂੰ ਪਾਣੀ ਲਾਉਣ ਜਾਣਾ ਹੁੰਦਾ ਸੀ ਤੇ ਪਿੰਡ ਦੇ ਵਹਿਮੀ ਲੋਕ ਸਿਵਿਆਂ ਵਾਲੀ ਬੁੱਢੀ ਟਾਹਲੀ ’ਤੇ ਭੂਤਾਂ ਦਾ ਵਾਸਾ ਮੰਨਣ ਕਰਕੇ ਰਾਤ ਨੂੰ ਓਧਰ ਜਾਣ ਤੋਂ ਡਰਿਆ ਕਰਦੇ ਸਨ। ਕਿਸਾਨੀ ਜ਼ਿੰਦਗੀ ਦੇ ਵੇਲੇ ਕੁਵੇਲੇ, ਠੀਕਰੀ ਪਹਿਰੇ ਦੌਰਾਨ ਆਪਣੀ ਵਾਰੀ ਦੇਣ ਲਈ ਰਾਤਾਂ ਨੂੰ ਡਾਂਗ ਫੜ ਕੇ ਜਾਗਦੇ ਰਹਿਣ ਦੀਆਂ ਔਖਿਆਈਆਂ ਤੇ ਪਸ਼ੂਆਂ ਦੇ ਕਿੱਤੇ ਕਾਰਨ ਡਾਂਗ ਸੋਟੇ ਚਲਾਉਣੇ ਉਦੋਂ ਆਮ ਜਿਹੀ ਗੱਲ ਹੁੰਦੀ ਸੀ, ਪਰ ਡਾਂਗ ਫੜਨ ਤੇ ਚਲਾਉਣ ਦਾ ਇਹ ਹੁਨਰ ਪਿੰਡ ਦੀ ਜ਼ਿੰਦਗੀ ਤੱਕ ਹੀ ਸੀਮਤ ਰਿਹਾ ਸੀ। ਕਾਲਜਾਂ ’ਚ ਮੁੰਡਿਆਂ ਦੀ ਆਪਸ ’ਚ ਡਾਂਗ ਕਿਉਂ ਖੜਕਦੀ ਹੈ, ਏਨਾ ਸੋਚਣ ਦੀ ਕਦੇ ਫੁਰਸਤ ਹੀ ਨਹੀਂ ਮਿਲੀ ਸੀ।
ਗਰਮੀ ਦੀ ਰੁੱਤ ’ਚ ਪਸ਼ੂਆਂ ਦੀ ਹਵੇਲੀ ਵੱਲ ਲੱਗੇ ਸ਼ਰੀਂਹ, ਜਾਮਣ ਤੇ ਡੇਕਾਂ ਦੇ ਦਰੱਖਤ ਬਾਪੂ ਦੇ ਵੱਗ ਲਈ ਵੱਡਾ ਵਰਦਾਨ ਸਨ ਕਿਉਂਕਿ ਗਰਮੀ ਦਾ ਝੰਬਿਆ ਵੱਗ ਆਪਣੀ ਪਿਆਸ ਬੁਝਾਉਣ ਪਿੱਛੋਂ ਛੇਤੀ ਹੀ ਖੂੰਟੀਆਂ ’ਤੇ ਬੱਝਾ ਆਰਾਮ ਫਰਮਾਉਂਦਿਆਂ ਜੁਗਾਲੀ ਕਰਨ ਦੇ ਆਹਰ ’ਚ ਲੱਗ ਜਾਂਦਾ ਸੀ। ਓਧਰ ਕਈ ਘੰਟੇ ਰੱਕੜ ’ਚ ਪਸ਼ੂ ਚਾਰਨ ਦੀ ਮੁਸ਼ੱਕਤ ਨਾਲ ਥੱਕ ਕੇ ਚੂਰ ਹੋਇਆ ਬਾਪੂ ਰੋਟੀ ਟੁੱਕ ਖਾਣ ਪਿੱਛੋਂ ਛੇਤੀ ਹੀ ਪਸ਼ੂਆਂ ਕੋਲ ਡਾਹੇ ਮੰਜੇ ਉੱਤੇ ਢੇਰੀ ਹੋ ਜਾਂਦਾ ਤੇ ਓਨਾ ਚਿਰ ਉੱਥੇ ਹੀ ਪਿਆ ਰਹਿੰਦਾ ਜਿੰਨਾ ਚਿਰ ਸ਼ਾਮ ਨੂੰ ਦੁੱਧ ਵਾਲੀਆਂ ਲਵੇਰੀਆਂ ਚੋਣ ਦੀ ਤਿਆਰੀ ਸ਼ੁਰੂ ਨਾ ਹੋ ਜਾਂਦੀ। ਮੱਝਾਂ ਦੀ ਚੋਆ ਚੋਆਈ ਤੋਂ ਬਾਅਦ ਬਾਪੂ ਆਪਣਾ ਵੱਗ ਲੈ ਕੇ ਫਿਰ ਪਿੰਡ ਦੇ ਲਹਿੰਦੇ ਪਾਸੇ ਪੈਂਦੇ ਰੱਕੜ ਵੱਲ ਨੂੰ ਤੁਰ ਪੈਂਦਾ ਅਤੇ ਅਸੀਂ ਦੋ ਭਰਾ ਬੇਬੇ ਨੂੰ ਨਾਲ ਲੈ ਕੇ ਪੱਠੇ ਵੱਢਣ ਲਈ ਗੱਡੇ ’ਤੇ ਖੇਤਾਂ ਵੱਲ ਤੁਰ ਪੈਂਦੇ ਸਾਂ। ਕਾਲਜ ਤੋਂ ਘਰ ਆ ਕੇ ਸ਼ਹਿਰ ਵੱਲ ਨੂੰ ਮੁੜ ਕੋਈ ਗੇੜੀ ਮਾਰਨੀ ਜਾਂ ਪਿੰਡ ਦੇ ਮੈਦਾਨ ’ਚ ਆਥਣੇ ਵਾਲੀਬਾਲ ਖੇਡ ਕੇ ਮਨ ਪ੍ਰਚਾਵਾ ਕਰਨਾ ਉਸ ਦੌਰ ’ਚ ਕਦੇ ਨਸੀਬ ਹੀ ਨਹੀਂ ਸੀ ਹੋਇਆ। ਜਦੋਂ ਸੂਰਜ ਦਿਨ ਭਰ ਦਾ ਸਫ਼ਰ ਮੁਕਾ ਪੱਛਮ ਦੀ ਗੋਦ ’ਚ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਤਾਂ ਪੱਠਿਆਂ ਵਾਲੇ ਖੇਤ ’ਚ ਤਿੰਨ ਜਣਿਆਂ ਦੇ ਢਲਦੇ ਪਰਛਾਵਿਆਂ ਦੇ ਕਦਮਾਂ ’ਚ ਹਨੇਰਾ ਉਤਰਨੋਂ ਪਹਿਲਾਂ ਆਪਣਾ ਕੰਮ ਨਿਬੇੜਨ ਲਈ ਦਿਖਾਈ ਜਾ ਰਹੀ ਕਾਹਲ ਤੇ ਫੁਰਤੀ ਨਜ਼ਰ ਆ ਰਹੀ ਹੁੰਦੀ। ਮੌਸਮ ਕੋਈ ਵੀ ਹੋਵੇ, ਪਸ਼ੂਆਂ ਲਈ ਗੱਡਾ ਪੱਠਿਆਂ ਦਾ ਵੱਢਣ ਦੇ ਕੰਮ ਤੋਂ ਕਦੇ ਛੋਟ ਨਹੀਂ ਸੀ ਮਿਲਦੀ। ਬਰਸਾਤਾਂ ਵਿੱਚ ਤਾਂ ਵਰ੍ਹਦੇ ਮੀਹਾਂ ’ਚ ਸਿਰਾਂ ’ਤੇ ਖਾਦ ਵਾਲੇ ਬੋਰੇ ਲਪੇਟ ਕੇ ਵੀ ਪਸ਼ੂਆਂ ਦਾ ਢਿੱਡ ਭਰਨ ਦਾ ਜੁਗਾੜ ਕਰਨਾ ਹੁੰਦਾ ਸੀ। ਕਈ ਵਾਰ ਤਾਂ ਝੜੀਆਂ ’ਚ ਪੱਠੇ ਵੱਢਦਿਆਂ ਆਸਮਾਨੋਂ ਵਰ੍ਹਦੀਆਂ ਠੰਢੀਆਂ ਕਣੀਆਂ ਨਾਲ ਸਰੀਰ ਬੁਰੀ ਤਰ੍ਹਾਂ ਝੰਬਿਆ ਜਾਂਦਾ ਸੀ। ਭਾਦੋਂ ਦੇ ਚੁਮਾਸਿਆਂ ਵਾਲੀ ਰੁੱਤ ’ਚ ਤਾਂ ਪੱਠੇ ਵੱਢਦਿਆਂ ਪਸੀਨਾ ਸਿਰ ਤੋਂ ਪੈਰਾਂ ਤੱਕ ਪਹਾੜੀ ਚਸ਼ਮੇ ਵਾਂਗ ਫੁੱਟਦਾ ਜਾਪਦਾ ਸੀ। ਇਸ ਪਸੀਨੇ ਨਾਲ ਹਾਲੋਂ-ਬੇਹਾਲ ਹੋਏ ਆਪਣੇ ਸਰੀਰ ਵੇਖ ਆਪਣੇ ਆਪ ਨੂੰ ਵਣਾਂ ਦੇ ਜੀਵ ਹੋਣ ਦਾ ਝਾਉਲਾ ਵੀ ਪੈਣ ਲੱਗ ਜਾਂਦਾ। ਓਧਰ ਘਰ ਦੀ ਇਹ ਪਸ਼ੂ ਸੰਪਤੀ ਸਾਲ ’ਚ ਕਾਫ਼ੀ ਸਮਾਂ ਰੱਕੜ ’ਚ ਚਰਨ ਜਾਂਦੀ ਹੋਣ ਕਰਕੇ ਇਸ ਨੂੰ ਸੰਭਾਲਣ ਲਈ ਸਾਰੇ ਪਸ਼ੁੂਆਂ ਦੀਆਂ ਆਦਤਾਂ, ਰਸਤੇ ’ਚ ਤੁਰਨ ਵਾਲੀ ਚਾਲ ਤੇ ਮਾਲਕ ਨੂੰ ਪਰੇਸ਼ਾਨ ਕਰਨ ਵਾਲੀਆਂ ਆਦਤਾਂ ਦੀ ਵੀ ਖਾਸੀ ਜਾਣਕਾਰੀ ਰੱਖਣੀ ਪੈਂਦੀ ਸੀ। ਵੱਗ ’ਚੋਂ ਸਾਰੇ ਪਸ਼ੂਆਂ ਨੂੰ ਪਛਾਣਨ ’ਤੇ ਉਨ੍ਹਾਂ ਦੇ ਸੁਭਾਅ ਮੁਤਾਬਿਕ ਬੇਬੇ ਬਾਪੂ ਸਾਰੀਆਂ ਲਵੇਰੀਆਂ ਤੇ ਝੋਟੀਆਂ ਨੂੰ ਵੱਖੋ ਵੱਖਰੇ ਨਾਵਾਂ ਨਾਲ ਪੁਕਾਰਦੇ ਸਨ। ਘਰ ਵਿੱਚ ਕਿਸੇ ਵੇਲੇ ਸਿਰਫ਼ ਸ਼ੌਕ ਵੱਜੋਂ ਰੱਖੀ ਤੇ ਪੂਰੇ ਲਾਣੇ ਦਾ ਮੁੱਢ ਬੰਨ੍ਹਣ ਵਾਲੀ ਮੱਝ ਨੂੰ ‘ਵੱਡੀ ਮੱਝ’ ਦਾ ਰੁਤਬਾ ਮਿਲਿਆ ਹੋਇਆ ਸੀ। ਉਸ ਨੇ ਅੱਗੇ ਜਿਹੜੀ ਕੱਟੀ ਨੂੰ ਜਨਮ ਦਿੱਤਾ ਤੇ ਉਸ ਕੱਟੀ ਦੇ ਸਿੰਗ ਖੁੰਢੇ ਹੋੋਣ ਕਰਕੇ ਉਹ ਖੁੰਢੀ ਮੱਝ ਦੇ ਨਾਮ ਨਾਲ ਜਾਣੀ ਜਾਂਦੀ ਸੀ। ਵੱਡੀ ਮੱਝ ਸੁਭਾਅ ਪੱਖੋਂ ਪੂਰੀ ਤਰ੍ਹਾਂ ਸ਼ਾਂਤ, ਸਮੇਂ ਸਿਰ ਦੁੱਧ ਦੇਣ ਵਾਲੀ ਤੇ ਕਿਸੇ ਵੀ ਪਸ਼ੂ ਨੂੰ ਤੰਗ ਪਰੇਸ਼ਾਨ ਨਾ ਕਰਨ ਵਾਲੀ ਸਾਊ ਮੱਝ ਸੀ। ਉਸ ਦੀ ਧੀ ਖੁੰਢੀ ਮੱਝ ਕਿਸੇ ਪਸ਼ੂ ਜਾਂ ਨਿਆਣੇ ਨੂੰ ਕੋਲ ਨਹੀਂ ਸੀ ਫਟਕਣ ਦਿੰਦੀ। ਪੱਠਿਆਂ ਜਾਂ ਖੁਰਾਕ ’ਚ ਕੋਈ ਕਮੀ ਰਹਿ ਜਾਣ ’ਤੇ ਦੁੱਧ ਚੋਣ ਗਿਆਂ ਦੀ ਬਾਲਟੀ ਖਾਲੀ ਮੋੜਨ ਲੱਗਿਆਂ ਦੇਰ ਨਹੀਂ ਲਾਉਂਦੀ ਸੀ। ਸਾਡੇ ਕੋਲੋਂ ਵੰਡ ’ਤੇ ਚਾਰਾ ਧੱਕੇ ਨਾਲ ਖਾਂਦੀ ਤੇ ਫਿਰ ਆਪਣੀ ਤਸੱਲੀ ਹੋਣ ’ਤੇ ਦੁੱਧ ਦੀ ਬਾਲਟੀ ਵੀ ਨੱਕੋ ਨੱਕ ਭਰ ਦਿਆ ਕਰਦੀ ਸੀ। ਇਸ ਖੁੰਢੀ ਮੱਝ ਨੇ ਅੱਗੇ ਇੱਕ ਮੀਣੀ ਕੱਟੀ ਨੂੰ ਜਨਮ ਦਿੱਤਾ ਸੀ, ਜਿਸ ਦੇ ਜੰਮਣ ਪਿੱਛੋਂ ਸਿੰਗ ਮੂੰਹ ਵੱਲ ਨੂੰ ਲਮਕਣ ਲੱਗ ਪਏ ਸਨ। ਪਿੰਡ ਦੇ ਸਿਆਣੇ ਬੰਦੇ ਕਿਹਾ ਕਰਨ ਕਿ ਮੀਣੀ ਮੱਝ ਬੜੀ ਭਾਗਾਂ ਵਾਲੀ ਹੁੰਦੀ ਹੈ, ਮਾਲਕ ਦਾ ਕਦੇ ਮਾੜਾ ਨਹੀਂ ਹੋਣ ਦਿੰਦੀ। ਸਿਆਣਿਆਂ ਦੀ ਕਹੀ ਇਹ ਗੱਲ ਸੋਲਾਂ ਆਨੇ ਸੱਚ ਨਿਕਲੀ ਸੀ। ਮੀਣੀ ਮੱਝ ਜਿੰਨਾ ਚਿਰ ਘਰ ਦੀ ਖੁਰਲੀ ’ਤੇ ਬੱਝੀ ਰਹੀ, ਘਰ ’ਚ ਦੁੱਧ ਦੀਆਂ ਨਦੀਆਂ ਵਗਦੀਆਂ ਰਹੀਆਂ। ਬਾਪੂ ਦੀ ਕਬੀਲਦਾਰੀ, ਸਾਰੇ ਭੈਣ ਭਰਾਵਾਂ ਦੀਆਂ ਪੜ੍ਹਾਈਆਂ ਅਤੇ ਘਰ ਦੇ ਹੋਰ ਨਿੱਕ-ਸੁੱਕ ਦਾ ਖਰਚ ਇਨ੍ਹਾਂ ਭਾਗਾਂ ਵਾਲੀਆਂ ਲਵੇਰੀਆਂ ਦੇ ਸਿਰੋਂ ਹੀ ਚਲਦਾ ਹੁੰਦਾ ਸੀ। ਕਿਸੇ ਸਾਲ ਬਾਪੂ ਸਿਰ ਸਾਡੀ ਪੜ੍ਹਾਈ ਦਾ ਵੱਡਾ ਖਰਚਾ ਪਿਆ ਹੁੰਦਾ ਤਾਂ ਉਹ ਘਰ ’ਚ ਰੀਝਾਂ ਨਾਲ ਪਾਲੀ ਹੋਈ ਝੋਟੀ ਨੂੰ ਵੇਚ ਨੋਟਾਂ ਵਾਲੀ ਥੱਦੀ ਬੇਬੇ ਦੇ ਹੱਥ ’ਤੇ ਧਰ ਰਾਤ ਨੂੰ ਮੰਜੇ ’ਤੇ ਪੈਣ ਤੋਂ ਪਹਿਲਾਂ ਕਈ ਵਾਰ ਰੱਬ ਦਾ ਸ਼ੁਕਰਾਨਾ ਕਰਦਾ ਨਜ਼ਰ ਆਉਂਦਾ ਸੀ। ਕਈ ਵਾਰੀ ਤਾਂ ਬੜੇ ਹੀ ਚਾਵਾਂ ਤੇ ਲਾਡਾਂ ਨਾਲ ਪਾਲੀਆਂ ਘਰ ਦੀਆਂ ਝੋਟੀਆਂ ਨੂੰ ਵੇਚਣ ਵੇਲੇ ਖੁਰਲੀ ਤੋਂ ਸੰਗਲ ਖੋਲ੍ਹ ਕੇ ਵਪਾਰੀ ਦੇ ਹੱਥ ਫੜਾਉਂਦਿਆਂ ਸਾਡੀਆਂ ਅੱਖਾਂ ’ਚੋਂ ਅੱਥਰੂ ਟਪਕਦੇ ਰਹਿੰਦੇ ਤੇ ਬੇਬੇ ਵੀ ਕਿਸੇ ਕੰਧ ਓਹਲੇ ਹੰਝੂ ਪੂੰਝਦੀ ਦਿਸ ਜਾਂਦੀ ਸੀ। ਬਾਪੂ ਦੇ ਮਾਲ ਡੰਗਰ ਵਿੱਚ ਸਭ ਤੋਂ ਹੁੰਦਲਹੇੜ ਤੇ ਵੱਧ ਪੱਠੇ ਖਾਣ ਵਾਲੀ ‘ਟੱਲ ਵਾਲੀ ਮੱਝ’ ਆਪਣੀ ਮਰਜ਼ੀ ਦੇ ਪੱਠੇ ਚਰਨ ਦੇ ਚੱਕਰ ਵਿੱਚ ਨਾਲ ਦੇ ਪਸ਼ੂਆਂ ਨਾਲੋਂ ਅਕਸਰ ਵਿੱਛੜ ਜਾਇਆ ਕਰਦੀ ਸੀ। ਇਸ ਮੱਝ ਦੀ ਰੱਕੜ ਵਿੱਚ ਬਿੜਕ ਲੈਣ ਲਈ ਬਾਪੂ ਨੇ ਇਸ ਦੇ ਗੱਲ ਵਿੱਚ ਪੱਕੇ ਤੌਰ ’ਤੇ ਇੱਕ ਟੱਲ ਬੰਨ੍ਹਿਆ ਹੋਇਆ ਸੀ ਤਾਂ ਜੋ ਉਸ ਦੀ ਦਿਸ਼ਾ ਤੇ ਚਾਲ ਬਾਰੇ ਨਾਲੋ-ਨਾਲ ਪਤਾ ਲੱਗਦਾ ਰਹੇ। ਇੱਕ ਸਾਲ ਬਰਸਾਤਾਂ ਦੀ ਰੁੱਤੇ ਅਚਾਨਕ ਇਸ ਟੱਲ ਵਾਲੀ ਮੱਝ ਦੇ ਮਰਨ ਕਾਰਨ ਘਰ ’ਚ ਕਈ ਮਹੀਨੇ ਉਦਾਸੀ ਤੇ ਨਿਰਾਸ਼ਾ ਵਾਲਾ ਮਾਹੌਲ ਪਸਰਿਆ ਰਿਹਾ ਸੀ। ਘਰ ’ਚ ਇਹ ਉਦਰੇਵੇਂ ਵਾਲਾ ਮਾਹੌਲ ਉਦੋਂ ਤੱਕ ਖ਼ਤਮ ਨਹੀਂ ਸੀ ਹੋਇਆ ਜਿੰਨਾ ਚਿਰ ਹਵੇਲੀ ਵੱਲ ਹੋਰ ਮੱਝਾਂ ਦੇ ਨਵਜੰਮੇ ਕੱਟਰੂਆਂ ਦੀ ਚਹਿਲ ਪਹਿਲ ਨਹੀਂ ਸੀ ਸ਼ੁਰੂ ਹੋ ਗਈ।
ਘਰੇਲੂ ਜ਼ਿੰਦਗੀ ਦੀਆਂ ਉਲਝਣਾਂ ਦੇ ਚੱਕਰਵਿਊ ਨੂੰ ਤੋੜਨ ਦੇ ਆਹਰ ’ਚ ਲੱਗਿਆਂ ਸਾਡੇ ਲਈ ਥੋੜ੍ਹੇ ਜਿਹੇ ਸੁਖਾਵੇਂ ਪਲ ਉਦੋਂ ਹੋਇਆ ਕਰਦੇ, ਜਦੋਂ ਕਾਲਜ ਤੋਂ ਭੁੱਖੇ ਤਿਹਾਏ ਪਰਤਿਆਂ ਨੂੰ ਬੇਬੇ ਵੱਲੋਂ ਦੁੱਧ ਰਿੜਕਣ ਲਈ ਚੌਕੇ ਦੇ ਇੱਕ ਖੂੰਜੇ ਹਾਰੇ ’ਚ ਕੜ੍ਹਦਾ ਦੁੱਧ ਹਰ ਵੇਲੇ ਹੁੰਦਾ ਸੀ। ਅਸੀਂ ਹਾਰੇ ’ਚੋਂ ਦੁੱਧ ਕੱਢਦਿਆਂ ਬਹੁਤੀ ਵਾਰੀ ਦੁੱਧ ਉੱਤੇ ਜੰਮੀ ਮਲਾਈ ਦੀ ਭੂਰੀ ਪਰਤ ਵੀ ਦੁੱਧ ਦੇ ਨਾਲ ਉਲੱਦ ਲਿਆ ਕਰਦੇ ਸੀ। ਜਦੋਂ ਇਸ ਕਾੜੇ ਹੋਏ ਦੁੱਧ ਨਾਲ ਦੋ ਤਿੰਨ ਬੇਹੀਆਂ ਰੋਟੀਆਂ ਅਚਾਰ ਨਾਲ ਛਕ ਕੇ ਸ਼ਾਮ ਨੂੰ ਪੱਠੇ ਦੱਥੇ ਦਾ ਕੰਮ ਨਿਬੇੜਨ ਲਈ ਖੇਤਾਂ ਵੱਲ ਤੁਰਨਾ ਤਾਂ ਭਾਰੇ ਤੋਂ ਭਾਰਾ ਕੰਮ ਨਰੋਈ ਖੁਰਾਕ ਨਾਲ ਚੰਡੇ ਹੋਏ ਜੁੱਸੇ ਮੂਹਰੇ ਕਦੇ ਅੜਦਾ ਨਹੀਂ ਸੀ। ਚੜ੍ਹਦੇ ਸਿਆਲ ਬੇਬੇ ਵੱਲੋਂ ਹੱਥੀਂ ਦੁੱਧ ਰਿੜਕ ਰਿੜਕ ਕੇ ਬਣਾਏ ਦੇਸੀ ਘਿਓ ਨੂੰ ਜਦੋਂ ਲਾਗਲੇ ਪਿੰਡਾਂ ਤੋਂ ਘਿਓ ਦੇ ਸ਼ੌਕੀਨ ਖਰੀਦਣ ਲਈ ਸਾਡੇ ਘਰ ਆਉਂਦੇ ਤਾਂ ਮਰਤਬਾਨਾਂ ’ਚੋਂ ਦੁੱਧ ਚਿੱਟੇ ਘਿਓ ’ਚੋਂ ਆਉਂਦੀਆਂ ਮਹਿਕਾਂ ਨਾਲ ਘਰ ਦਾ ਲਿੱਪਿਆ ਵਿਹੜਾ ਹੋਰ ਵੀ ਸੋਹਣਾ ਲੱਗਦਾ ਸੀ। ਇਸ ਮੌਕੇ ਘਰ ਦਾ ਕੋਈ ਕੰਮ ਕਰਦਿਆਂ ਸਰਦੀ ਨਾਲ ਜੰਮੇ ਹੋਏ ਦੇਸੀ ਘਿਓ ਦੀ ਪਿੰਨੀ ਜਿਹੀ ਬਣਾ ਚਾਹ ਨਾਲ ਖਾਣ ਦਾ ਸੁਆਦ ਤਾਂ ਵੱਖਰਾ ਹੀ ਹੁੰਦਾ। ਚੜ੍ਹਦੇ ਸਿਆਲ ਹੀ ਆਲੇ-ਦੁਆਲੇ ਲੋਕ ਦੀਵਾਲੀ ਵਰਗਾ ਤਿਉਹਾਰ ਮਨਾਉਣ ਦੀ ਤਿਆਰੀ ਕਰ ਰਹੇ ਹੁੰਦੇ ਤਾਂ ਤਿਉਹਾਰਾਂ ਦੀਆਂ ਛੁੱਟੀਆਂ ਵੀ ਪਸ਼ੂਆਂ ਵਾਲੇ ਕੋਠੇ ਨੂੰ ਨੜਿਆਂ ਦੇ ਅੜਿੱਕਿਆਂ ਨਾਲ ਤਿਆਰ ਕਰਦਿਆਂ ਲੰਘਦੀਆਂ ਸਨ ਤਾਂ ਜੋ ਸਿਆਲਾਂ ’ਚ ਪਸ਼ੁੂ ਠੰਢ ਤੋਂ ਬਚਾਏ ਜਾ ਸਕਣ। ਇਹ ਹੱਡ ਭੰਨ੍ਹਣ ਵਾਲਾ ਕੰਮ ਕਰਦਿਆਂ ਬਾਪੂ ਵੱਲੋਂ ਸ਼ਹਿਰੋਂ ਤਿਉਹਾਰੀ ਮੌਸਮ ਦੀਆਂ ਲਿਆਂਦੀਆਂ ਜਲੇਬੀਆਂ ਮੱਝਾਂ ਦੇ ਗਾੜ੍ਹੇ ਦੁੱਧ ਵਾਲੀ ਚਾਹ ਨਾਲ ਸਾਰਾ ਟੱਬਰ ਇਕੱਠਾ ਬੈਠ ਕੇ ਖਾਂਦਾ ਤਾਂ ਕਈ ਕਈ ਦਿਨਾਂ ਦੀ ਥਕਾਵਟ ਪਲਾਂ ’ਚ ਹੀ ਕਿੱਧਰੇ ਉੱਡ-ਪੁੱਡ ਜਾਂਦੀ ਸੀ। ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਪਸ਼ੂਆਂ ਲਈ ਤਿਆਰ ਕੀਤੇ ਵਰਾਂਡੇ ਵਿੱਚ ਪੋਹ ਮਾਘ ਦੀਆਂ ਠੰਢ ’ਚ ਵੀ ਨਿੱਘੇ ਹੋ ਕੇ ਬੈਠੇ ਪਸ਼ੂ ਜੁਗਾਲੀ ਕਰ ਰਹੇ ਹੁੰਦੇ ਤਾਂ ਕਈ ਤਰ੍ਹਾਂ ਦੇ ਫ਼ਿਕਰਾਂ ਤੇ ਉਦਰੇਵਿਆਂ ਨਾਲ ਝੰਬੀ ਰੂਹ ਨੂੰ ਕੁਝ ਸਮੇਂ ਲਈ ਸਕੂਨ ਮਿਲ ਜਾਂਦਾ ਸੀ।ਪਸ਼ੂਆਂ ਨੂੰ ਬੰਨ੍ਹਣ ਵਾਲੀ ਥਾਂ ਗੰਨਿਆਂ ਦੀਆਂ ਗੁੱਲੀਆਂ ਦੀ ਸੁੱਕ ਜਾਂ ਪੱਤਝੜ ’ਚ ਦਰੱਖਤਾਂ ਹੇਠ ਡਿੱਗੇੇ ਪੱਤੇ ਉਚੇਚੇ ਤੌਰ ’ਤੇ ਵਿਛਾਏ ਜਾਂਦੇ ਸਨ ਤਾਂ ਜੋ ਠੰਢ ਦੇ ਦਿਨੀਂ ਪਸ਼ੂ ਰਾਤ ਨੂੰ ਆਰਾਮ ਨਾਲ ਅੰਦਰ ਬੈਠ ਸਕਣ। ਇਉਂ ਪੱਤਝੜ ਦੀ ਰੁੱਤੇ ਦਰੱਖਤਾਂ ਤੋਂ ਡਿੱਗੇ ਪੱਤੇ ਮੱਝਾਂ ਗਾਵਾਂ ਲਈ ਸਰਦੀ ’ਚ ਨਿੱਘ ਦਾ ਸਬੱਬ ਬਣ ਜਾਂਦੇ ਸਨ। ਲੋਹੜੀ ਵਾਲੇ ਮਹੀਨੇ ਪੈਂਦੇ ਮੀਂਹਾਂ ਨਾਲ ਕਈ ਵਾਰ ਪਸ਼ੂਆਂ ਵਾਲਾ ਕੋਠਾ ਚੋਣ ਲੱਗ ਪੈਂਦਾ। ਚੋਂਦੇ ਕੋਠੇ ’ਚ ਮੱਝਾਂ ਗਾਵਾਂ ਨੂੰ ਤੱਕ ਤੱਕ ਮਨ ’ਚ ਟੀਸ ਜਿਹੀ ਉੱਠਦੀ ਤਾਂ ਬਾਪੂ ਦੇ ਪਸ਼ੁੂਆਂ ਲਈ ਪੱਕੀ ਛੱਤ ਅਤੇ ਖੁਰਲੀ ਬਣਾ ਕੇ ਦੇਣ ਦੀ ਰੀਝ ਮੇਰੇ ਮਨ ’ਚ ਹਮੇਸ਼ਾ ਅੰਗੜਾਈਆਂ ਲੈਂਦੀ ਰਹਿੰਦੀ। ਮੱਝਾਂ ਲਈ ਪੱਕਾ ਕੋਠਾ ਤੇ ਪੱਕੀ ਖੁਰਲੀ ਬਣਾਉਣ ਦਾ ਸੁਪਨਾ ਸਾਰੀ ਉਮਰ ਸੁਪਨਾ ਹੀ ਬਣਿਆ ਰਿਹਾ ਕਿਉਂਕਿ ਜਦੋਂ ਕੁਦਰਤ ਨੇ ਪੱਕੇ ਕੋਠੇ ਬਣਾਉਣ ਦੀ ਸਮਰੱਥਾ ਦਿੱਤੀ ਤਾਂ ਉਦੋਂ ਤੱਕ ਪਸ਼ੂਆਂ ਵਾਲੇ ਕੋਠੇ ਦੀ ਛੱਤ ਥੱਲਿਓਂ ਬਾਪੂ ਦੀਆਂ ਲਵੇਰੀਆਂ ਦੇ ਰੱਸੇੇ ਵਖ਼ਤ ਦੀਆਂ ਪੈੜਾਂ ’ਚ ਕਿੱਧਰੇ ਦੂਰ ਗੁਆਚ ਚੁੱਕੇ ਸਨ।
ਸਾਡੇ ਭੈਣ ਭਰਾਵਾਂ ਦੇ ਕਾਰਜ ਰਚਾਉਣ ਵੇਲੇ ਵੀ ਬਾਪੂ ਦੀ ਹਵੇਲੀ ਵਿੱਚ ਲੱਗੇ ਜਾਮਣ, ਸ਼ਰੀਂਹ ਤੇ ਟਾਹਲੀ ਦੇ ਰੁੱਖਾਂ ਹੇਠ ਹੀ ਹਲਵਾਈ ਦੀਆਂ ਭੱਠੀਆਂ ਤਪਦੀਆਂ ਰਹੀਆਂ ਸਨ। ਇਨ੍ਹਾਂ ਭੱਠੀਆਂ ’ਤੇ ਹਲਵਾਈ ਵੱਲੋਂ ਬਣਦੇ ਬਦਾਣੇ ਤੇ ਸ਼ੱਕਰਪਾਰਿਆਂ ਦੀਆਂ ਮਹਿਕਾਂ ਪਸ਼ੂਆਂ ਵਾਲੀ ਖੁਰਲੀ ਨੂੰ ਉਲੰਘ ਘਰ ਨੇੜਿਓਂ ਲੰਘਦੀਆਂ ਪੌਣਾਂ ਨਾਲ ਰਲ ਰਲ ਲੋਕਾਂ ਨੂੰ ਬਾਪੂ ਬੇਬੇ ਦੇ ਘਰ ’ਚ ਉਤਰੀਆਂ ਖ਼ੁਸ਼ੀਆਂ ਦੀ ਸੁਨੇਹੇ ਦਿੰਦੀਆਂ ਜਾਪਦੀਆਂ ਸਨ।
ਪੜ੍ਹਾਈਆਂ ਤੋਂ ਬਾਅਦ ਰੋਟੀ ਪਾਣੀ ਦੇ ਜੁਗਾੜ ਲਈ ਸਾਡੇ ਵੱਲੋਂ ਕੋਈ ਢੁੱਕਵਾਂ ਰੁਜ਼ਗਾਰ ਲੱਭਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੰਮਕਾਰ ਦੇ ਚੱਕਰ ’ਚ ਘਰੋਂ ਦੂਰ ਰਹਿਣਾ ਪੈਂਦਾ ਸੀ। ਬਾਬਲ ਦੇ ਵਿਹੜੇ ’ਚ ਜੰਮਪਲ ਕੇ ਜੁਆਨ ਹੋਈ ਛੋਟੀ ਭੈਣ ਅਗਲੇਰੀ ਜ਼ਿੰਦਗੀ ਦੇ ਫਰਜ਼ ਪੂਰੇ ਕਰਨ ਲਈ ਆਪਣੇ ਸਹੁਰੇ ਘਰ ਤੁਰ ਗਈ ਸੀ। ਬਾਪੂ ਨੇ ਹੁਣ ਹੌਲੀ ਹੌਲੀ ਪਸ਼ੁੂ ਘਟਾਉਣੇ ਸ਼ੁਰੂ ਕਰ ਦਿੱਤੇ ਸਨ। ਇੱਕ ਦਿਨ ਅਜਿਹਾ ਆਇਆ ਕਿ ਪਸ਼ੂਆਂ ਦੀ ਗਿਣਤੀ ਘਟਦੀ ਘਟਦੀ ਸਿਫਰ ਤੱਕ ਪਹੁੰਚ ਗਈ। ਮਣ ਮਣ ਭਾਰ ਨੂੰ ਉਲੱਦ ਕੇ ਸੁੱਟਣ ਵਾਲੀ ਬੇਬੇ ਡਾਕਟਰ ਦੀਆਂ ਦਵਾਈਆਂ ਦੀ ਮੁਹਤਾਜ ਹੋ ਗਈ ਸੀ। ਬਾਪੂ ਵੀ ਕੁਝ ਸਾਲ ਪਹਿਲਾਂ ਆਪਣੀ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਅ ਅਗਲੇ ਸੰਸਾਰ ਵੱਲ ਉਡਾਰੀ ਮਾਰ ਗਿਆ ਸੀ। ਹੁਣ ਆਥਣੇ ਨੂੰ ਹੱਥ ’ਚ ਡੋਲੂ ਫੜ ਮੁੱਲ ਦਾ ਦੁੱਧ ਲਿਆਉਣ ਲਈ ਹਵੇਲੀ ਵੱਲੋਂ ਲੰਘਣ ਵੇਲੇ ਘਰ ਦੇ ਦੁੱਧ ਦੀਆਂ ਬਰਕਤਾਂ ਤੇ ਮੁੱਲ ਦੇ ਦੁੱਧ ਵਿਚਲੇ ਫ਼ਰਕ ਬਾਰੇ ਸੋਚਦਿਆਂ ਇੱਕ ਵਾਰ ਤਾਂ ਬਾਪੂ ਦੀਆਂ ਲਵੇਰੀਆਂ ਜ਼ਰੂਰ ਚੇਤੇ ਆਉਂਦੀਆਂ ਹਨ।
ਸੰਪਰਕ: 70877-87700