ਹਿਰਾਸਤੀ ਮੌਤ: ਲੁਧਿਆਣਾ ’ਚ ਰੋਸ ਮਾਰਚ ਦਾ ਐਲਾਨ
ਸ਼ਗਨ ਕਟਾਰੀਆ
ਬਠਿੰਡਾ, 14 ਜੂਨ
‘ਨਰਿੰਦਰਦੀਪ ਸਿੰਘ ਹਿਰਾਸਤੀ ਕਤਲ ਵਿਰੋਧੀ ਐਕਸ਼ਨ ਕਮੇਟੀ’ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 16 ਜੂਨ ਨੂੰ ਲੁਧਿਆਣੇ ਰੋਸ ਮਾਰਚ ਕਰੇਗੀ। ਕਮੇਟੀ ਮੈਂਬਰਾਂ ਨੇ ਅੱਜ ਇੱਥੇ ਅੰਬੇਡਕਰ ਪਾਰਕ ’ਚ ਮੀਟਿੰਗ ਕਰ ਕੇ ਤਿਆਰੀਆਂ ਦਾ ਜਾਇਜ਼ਾ ਲਿਆ।
ਕਮੇਟੀ ਮੈਂਬਰ ਲਛਮਣ ਸੇਵੇਵਾਲਾ ਨੇ ਦੱਸਿਆ ਕਿ ਐਕਸ਼ਨ ਕਮੇਟੀ ਦੀ ਮੀਟਿੰਗ ’ਚ ਮੌਜੂਦ ਨੁਮਾਇੰਦਿਆਂ ਨੇ ਵੱਡੀ ਗਿਣਤੀ ਲੋਕਾਂ ਦੇ ਲੁਧਿਆਣਾ ਪਹੁੰਚਣ ਦੀਆਂ ਰਿਪੋਰਟਾਂ ਪੇਸ਼ ਕੀਤੀਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਡੀਆਈਜੀ ਬਠਿੰਡਾ ਹਰਜੀਤ ਸਿੰਘ ਨਾਲ ਐਕਸ਼ਨ ਕਮੇਟੀ ਦੀ ਮੀਟਿੰਗ ਵੀ ਹੋਈ ਪਰ ਮੁੱਦਿਆਂ ’ਤੇ ਮਤਭੇਦ ਹੋਣ ਕਾਰਨ ਗੱਲਬਾਤ ਅੱਧ-ਵਿਚਾਲੇ ਟੁੱਟ ਗਈ। ਸੇਵੇਵਾਲਾ ਨੇ ਦੱਸਿਆ ਕਿ ਗੱਲਬਾਤ ਮੌਕੇ ਮਰਹੂਮ ਨੌਜਵਾਨ ਦੀ ਪਤਨੀ ਨੈਨਸੀ ਤੇ ਪਿਤਾ ਡਾ. ਰਣਜੀਤ ਸਿੰਘ ਵੀ ਮੌਜੂਦ ਰਹੇ। ਨਵਦੀਪ ਸਿੰਘ ਆਦਿ ਆਗੂਆਂ ਨੇ ਡੀਆਈਜੀ ਤੋਂ ਮੰਗ ਕੀਤੀ ਕਿ ਕੇਸ ’ਚ ਨਾਮਜ਼ਦ ਮੁਲਜ਼ਮਾਂ ਨੂੰ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ, ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ ਅਤੇ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਤੇ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਲੁਧਿਆਣਾ ’ਚ ਰੋਸ ਮਾਰਚ ਕਰਕੇ ‘ਆਪ’ ਸਰਕਾਰ ਦੇ ਰਾਜ ਦੌਰਾਨ ਆਏ ਦਿਨ ਪੁਲੀਸ ਹਿਰਾਸਤ ’ਚ ਹੁੰਦੀਆਂ ਮੌਤਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਲਛਮਣ ਸਿੰਘ ਨੇ ਦੱਸਿਆ ਕਿ ਐਕਸ਼ਨ ਕਮੇਟੀ ਨੇ ਨਿਰਣਾ ਲਿਆ ਹੈ ਕਿ ਰੋਸ ਮਾਰਚ ’ਤੇ ਕਿਸੇ ਵੀ ਰਾਜਨੀਤਕ ਦਲ ਦਾ ਪ੍ਰਛਾਵਾਂ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸ਼ਿੰਗਾਰਾ ਸਿੰਘ ਮਾਨ, ਰਾਜਿੰਦਰ ਦੀਪ ਸਿੰਘ ਵਾਲਾ, ਜਗਜੀਤ ਲਹਿਰਾ, ਰਾਜਮਹਿੰਦਰ ਕੋਟਭਾਰਾ, ਲਛਮਣ ਸੇਵੇਵਾਲਾ, ਜਸਵੀਰ ਆਕਲੀਆ, ਅਮੀ ਲਾਲ, ਜਸਪਾਲ ਬੰਗੀ, ਗੁਰਨਾਮ ਰਾਮਪੁਰਾ, ਮੱਖਣ ਗੁਰੂਸਰ, ਬਲਕਰਨ ਸਿੰਘ, ਜਸਵਿੰਦਰ ਸਿੰਘ, ਸੰਦੀਪ ਪਾਠਕ, ਚੰਦਰ ਸ਼ਰਮਾ, ਵਰਿੰਦਰ ਧੀਂਗੜਾ, ਹਮੀਰ ਮੱਕੜ, ਗੁਰਮੀਤ ਜੈ ਸਿੰਘ ਵਾਲਾ ਆਦਿ ਸ਼ਾਮਿਲ ਸਨ।