ਹਿਰਾਸਤੀ ਮੌਤ ਦਾ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਐਕਸ਼ਨ ਕਮੇਟੀ ਵੱਲੋਂ ਮਾਰਚ ਭਲਕੇ
ਗੁਰਿੰਦਰ ਸਿੰਘ
ਲੁਧਿਆਣਾ, 14 ਜੂਨ
ਐਕਸ਼ਨ ਕਮੇਟੀ ਨੇ ਪੁਲੀਸ ਹਿਰਾਸਤ ’ਚ ਨਰਿੰਦਰਦੀਪ ਸਿੰਘ ਦੀ ਹੋਈ ਮੌਤ ਦੇ ਮਾਮਲੇ ਵਿੱਚ ਇਨਸਾਫ਼ ਦਿਵਾਉਣ ਲਈ 16 ਜੂਨ ਨੂੰ ਲੁਧਿਆਣਾ ਵਿੱਚ ਰੋਸ ਮਾਰਚ ਕਰਨ ਦਾ ਫ਼ੈਸਲਾ ਕੀਤਾ ਹੈ। ਨਰਿੰਦਰਦੀਪ ਹਿਰਾਸਤੀ ਕਤਲ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮੁਲਜ਼ਮ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰਨ, ਸਮੁੱਚੇ ਮਾਮਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਣ ਸਮੇਤ ਹੋਰ ਮੰਗਾਂ ਲਈ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰ ਤੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੋਸ਼ ਲਗਾਇਆ ਕਿ ਨਰਿੰਦਰਦੀਪ ਸਿੰਘ ਦੀ ਪੁਲੀਸ ਹਿਰਾਸਤ ਦੌਰਾਨ ਮੌਤ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਉਣ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਾਲ਼ਾ ਵੱਟਣ ਕਾਰਨ ਪ੍ਰਸ਼ਾਸਨ ਦਾ ਰਵੱਈਆ ਹੋਰ ਸ਼ੱਕੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸਚਾਈ ਸਾਹਮਣੇ ਲਿਆ ਕੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰਾਉਣ ਅਤੇ ਹੋਰ ਮੰਗਾਂ ਲਈ ਜਥੇਬੰਦਕ ਸੰਘਰਸ਼ ਦੇ ਨਾਲ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਕੇ ਅਦਾਲਤ ਵੱਲ ਵੀ ਰੁਖ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ 16 ਜੂਨ ਨੂੰ ਲੁਧਿਆਣਾ ਵਿੱਚ ਮਾਰਚ ਦੌਰਾਨ ਪੁਲੀਸ ਵੱਲੋਂ ਨਰਿੰਦਰਦੀਪ ’ਤੇ ਅਣਮਨੁੱਖੀ ਤਸ਼ੱਦਦ ਕਰਕੇ ਕਤਲ ਕਰਨ ਸਮੇਤ ਪੂਰੇ ਪੰਜਾਬ ’ਚ ‘ਆਪ’ ਸਰਕਾਰ ਦੇ ਹੁਕਮਾਂ ’ਤੇ ਪੁਲੀਸ ਵੱਲੋਂ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਉੱਪਰ ਢਾਹੇ ਜਾ ਰਹੇ ਜ਼ੁਲਮਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਰਿੰਦਰਦੀਪ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪੁਲੀਸ ਦਹਿਸ਼ਤ ਨੂੰ ਤੋੜਨ ਲਈ 16 ਜੂਨ ਨੂੰ ਵੱਡੀ ਗਿਣਤੀ ’ਚ ਲੁਧਿਆਣਾ ਮਾਰਚ ’ਚ ਸ਼ਾਮਲ ਹੋਣ।