ਹਿਮਾਚਲ: ਮੀਂਹ ਨਾਲ ਮਰਨ ਵਾਲਿਆਂ ਦੀ ਗਿਣਤੀ 71 ਹੋਈ
* ਸ਼ਿਵ ਮੰਦਰ ਦੇ ਮਲਬੇ ’ਚ ਦਸ ਲਾਸ਼ਾਂ ਦੱਬੇ ਹੋਣ ਦਾ ਖ਼ਦਸ਼ਾ
* ਸਾਰੇ ਸਕੂਲ-ਕਾਲਜ ਬੰਦ ਰਹੇ
* ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵੱਲੋਂ 19 ਤੱਕ ਟੀਚਿੰਗ ਸਰਗਰਮੀਆਂ ਮੁਅੱਤਲ
* ਬੁਨਿਆਦੀ ਢਾਂਚੇ ਨੂੰ ਪੈਰਾਂ ਸਿਰ ਕਰਨ ’ਚ ਸਾਲ ਦਾ ਸਮਾਂ ਲੱਗੇਗਾ: ਸੁੱਖੂ
ਸ਼ਿਮਲਾ, 16 ਅਗਸਤ
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਤੇ ਬੱਦਲ ਫਟਣ ਨਾਲ ਸਬੰਧਤ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 71 ਹੋ ਗਈ ਹੈ। ਇਥੇ ਸਮਰ ਹਿੱਲ ਵਿੱਚ ਮੀਂਹ ਕਰਕੇ ਢਹੇ ਸ਼ਿਵ ਮੰਦਿਰ ਦੇ ਮਲਬੇ ਵਿਚੋਂ ਇਕ ਔਰਤ ਦੀ ਲਾਸ਼ ਕੱਢੀ ਗਈ ਹੈ। ਹਿਮਾਚਲ ਵਿੱਚ ਐਤਵਾਰ ਤੋਂ ਭਾਰੀ ਮੀਂਹ ਜਾਰੀ ਹੈ। ਮੀਂਹ ਕਰਕੇ ਸ਼ਿਮਲਾ ਦੇ ਸਮਰ ਹਿੱਲ, ਕ੍ਰਿਸ਼ਨਾ ਨਗਰ ਤੇ ਫਾਗਲੀ ਵਿੱਚ ਢਿੱਗਾਂ ਡਿੱਗੀਆਂ ਸਨ। ਉਧਰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸੂਬੇ ਅੱਗੇ ‘ਪਹਾੜ ਜਿੱਡੀ ਚੁਣੌਤੀ’ ਹੈ ਤੇ ਮੀਂਹ ਕਰਕੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਇਕ ਸਾਲ ਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਤੇ ਇਸ ਹਫ਼ਤੇ ਹੁਣ ਤੱਕ ਅਨੁਮਾਨਿਤ 10000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਿਮਾਚਲ ਪ੍ਰਦੇਸ਼ ਵਿੱਚ ਕੌਮੀ ਬਿਪਤਾ ਦਾ ਐਲਾਨ ਕਰੇ ਤੇ ਰਾਹਤ ਲਈ 2000 ਕਰੋੜ ਰੁਪਏ ਰਿਲੀਜ਼ ਕਰੇ।
ਸ਼ਿਮਲਾ ਦੇ ਡਿਪਟੀ ਕਮਿਸ਼ਨਰ ਆਦਿੱਤਿਆ ਨੇਗੀ ਨੇ ਕਿਹਾ, ‘‘ਸਮਰ ਹਿੱਲ ਤੇ ਕ੍ਰਿਸ਼ਨਾ ਨਗਰ ਇਲਾਕਿਆਂ ਵਿੱਚ ਰਾਹਤ ਕਾਰਜ ਜਾਰੀ ਹੈ ਤੇ ਸਮਰ ਹਿੱਲ ’ਚੋਂ ਇਕ ਲਾਸ਼ ਬਰਾਮਦ ਹੋਈ ਹੈ।’’ ਉਨ੍ਹਾ ਕਿਹਾ ਕਿ ਸਮਰ ਹਿੱਲ ’ਚੋਂ ਹੁਣ ਤੱਕ 13, ਫਾਗਲੀ ’ਚੋਂ ਪੰਜ ਤੇ ਕ੍ਰਿਸ਼ਨਾ ਨਗਰ ’ਚੋਂ ਦੋ ਲਾਸ਼ਾਂ ਕੱਢੀਆਂ ਗਈਆਂ ਹਨ। ਸ਼ਿਵ ਮੰਦਿਰ ਦੇ ਮਲਬੇ ਵਿੱਚ ਅਜੇ ਵੀ ਦਸ ਲਾਸ਼ਾਂ ਦੱਬੇ ਹੋਣ ਦਾ ਖਦਸ਼ਾ ਹੈ। ਕ੍ਰਿਸ਼ਨਾ ਨਗਰ ਦੇ ਲਗਪਗ 15 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਤੇ ਪਰਿਵਾਰਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕਰ ਦਿੱਤਾ ਹੈ। ਦੱਸ ਦੇਈਏ ਕਿ ਮੰਗਲਵਾਰ ਸ਼ਾਮ ਨੂੰ ਸ਼ਿਮਲਾ ਸ਼ਹਿਰ ਦੇ ਐਨ ਵਿਚਾਲੇ ਕ੍ਰਿਸ਼ਨਾਨਗਰ ਇਲਾਕੇ ਵਿੱਚ ਢਿੱਗਾਂ ਖਿਸਕਣ ਕਰਕੇ ਦੋ ਵਿਅਕਤੀ ਮਾਰੇ ਗਏ ਸਨ ਤੇ ਘੱਟੋ-ਘੱਟ ਅੱਠ ਘਰ ਮਲਬੇ ਵਿਚ ਤਬਦੀਲ ਹੋ ਗਿਆ ਸੀ ਤੇ ਇਕ ਬੁੱਚੜਖਾਨਾ ਮਲਬੇ ਹੇਠ ਦੱਬਿਆ ਗਿਆ ਸੀ। ਉਧਰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ 157 ਫੀਸਦ ਮੀਂਹ ਪਿਆ ਹੈ, ਜਿਸ ਕਰਕੇ ਪੂਰੇ ਸੂਬੇ ਵਿੱਚ ਵਿਆਪਕ ਨੁਕਸਾਨ ਹੋਇਆ ਹੈ ਤੇ ਪਿਛਲੇ ਤਿੰਨ ਦਿਨਾਂ ਵਿੱਚ ਲਗਪਗ 60 ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮੌਜੂਦਾ ਹਾਲਾਤ ਨੂੰ ਦੇਖਦਿਆਂ ਸੂਬੇ ਵਿੱਚ ਅੱਜ ਸਾਰੇ ਸਕੂਲ ਤੇ ਕਾਲਜ ਬੰਦ ਰਹੇ। ਉਧਰ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ 19 ਅਗਸਤ ਤੱਕ ਟੀਚਿੰਗ ਸਰਗਰਮੀਆਂ ਮੁਅੱਤਲ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿੱਚ 800 ਦੇ ਕਰੀਬ ਸੜਕਾਂ ਬਲਾਕ ਹਨ ਤੇ 24 ਜੂਨ ਨੂੰ ਮੌਨਸੂਨ ਦੀ ਆਮਦ ਤੋਂ ਹੁਣ ਤੱਕ 72000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ। ਪਿਛਲੇ ਮਹੀਨੇ ਮੰਡੀ, ਕੁੱਲੂ ਤੇ ਸ਼ਿਮਲਾ ਸਣੇ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਪਏ ਮੀਂਹ ਨਾਲ ਵੱਡੇ ਪੱਧਰ ’ਤੇ ਜਾਨੀ ਮਾਲੀ ਨੁਕਸਾਨ ਹੋਇਆ ਸੀ। -ਪੀਟੀਆਈ