ਹਾਈ ਕੋਰਟ ’ਚ ਬੀਬੀਐੱਮਬੀ ਦੇ ਨੇਮਾਂ ਅਤੇ ਕਾਨੂੰਨਾਂ ਬਾਰੇ ਬਹਿਸ
ਚਰਨਜੀਤ ਭੁੱਲਰ
ਚੰਡੀਗੜ੍ਹ, 22 ਮਈ
ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅੱਜ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ਨੂੰ ਲੈ ਕੇ ਕਰੀਬ ਦੋ ਘੰਟੇ ਤੱਕ ਸੁਣਵਾਈ ਹੋਈ। ਪਾਣੀਆਂ ਦੀ ਵੰਡ, ਬੀਬੀਐੱਮਬੀ ਦੇ ਰੂਲਜ਼ ਅਤੇ ਵੱਖੋ-ਵੱਖਰੇ ਸਮਿਆਂ ’ਤੇ ਬਣੇ ਐਕਟਾਂ ਨੂੰ ਲੈ ਕੇ ਅਦਾਲਤ ਵਿੱਚ ਬਹਿਸ ਹੋਈ। ਇਸ ਮਾਮਲੇ ’ਚ ਹੁਣ ਭਲਕੇ ਸ਼ੁੱਕਰਵਾਰ ਨੂੰ ਮੁੜ ਸੁਣਵਾਈ ਹੋਵੇਗੀ। ਦੱਸਣਯੋਗ ਹੈ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਸਬੰਧੀ ਹਾਈ ਕੋਰਟ ਵੱਲੋਂ 6 ਮਈ ਨੂੰ ਦਿੱਤੇ ਫ਼ੈਸਲੇ ਖ਼ਿਲਾਫ਼ ਅਰਜ਼ੀ ’ਤੇ ਸੁਣਵਾਈ ਚੱਲ ਰਹੀ ਹੈ। ਹਾਈ ਕੋਰਟ ਨੇ ਹਰਿਆਣਾ ਨੂੰ 4500 ਕਿਊਸਕ ਵਾਧੂ ਪਾਣੀ ਦੇਣ ਦੇ ਨਿਰਦੇਸ਼ ਦਿੱਤੇ ਸਨ। ਪੰਜਾਬ ਸਰਕਾਰ ਵੱਲੋਂ ਅੱਜ ਸਾਬਕਾ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਪੇਸ਼ ਹੋਏ। ਪੰਜਾਬ ਸਰਕਾਰ ਨੇ ਤਰਕ ਪੇਸ਼ ਕੀਤੇ ਕਿ 30 ਅਪਰੈਲ ਨੂੰ ਬੀਬੀਐੱਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਫ਼ੈਸਲਾ ਠੀਕ ਨਹੀਂ ਸੀ ਕਿਉਂਕਿ ਬੀਬੀਐੱਮਬੀ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਸਮਰੱਥ ਅਥਾਰਿਟੀ ਨਹੀਂ ਹੈ। ਪੰਜਾਬ ਨੇ ਅਦਾਲਤ ਵੱਲੋਂ ਸੁਣਾਏ 6 ਮਈ ਦੇ ਫ਼ੈਸਲੇ ਨੂੰ ਰੱਦ ਕਰਨ ਲਈ ਕਿਹਾ। ਚੇਤੇ ਰਹੇ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਜੁਆਬ ਦਾਖ਼ਲ ਕੀਤੇ ਜਾਣ ਮਗਰੋਂ ਪੰਜਾਬ ਵੀ ਆਪਣਾ ਪੱਖ ਦਾਖ਼ਲ ਕਰ ਚੁੱਕਾ ਹੈ।