ਹਾਰ ਨੂੰ ਵੀ ਸਵੀਕਾਰਨਾ ਸਿੱਖੋ
ਹਰਪ੍ਰੀਤ ਕੌਰ ਸੰਧੂ
ਅੱਜ ਦੇ ਯੁੱਗ ਵਿੱਚ ਦੋ ਸ਼ਬਦ ਬਹੁਤ ਸੁਣਨ ਨੂੰ ਮਿਲਦੇ ਹਨ ਨਕਾਰਾਤਮਕਤਾ ਅਤੇ ਸਕਾਰਾਤਮਕਤਾ। ਆਮ ਜਿਹੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਨੈਗੇਟਿਵਿਟੀ ਅਤੇ ਪੌਜ਼ੀਟਿਵਿਟੀ। ਅਕਸਰ ਲੋਕ ਇੱਕ ਦੂਜੇ ਨੂੰ ਇਹ ਕਹਿੰਦੇ ਸੁਣੇ ਜਾਂਦੇ ਹਨ ‘ਬੀ ਪੌਜ਼ੀਟਿਵ’। ਕੁਝ ਚੰਗਾ ਸੋਚੋ। ਕੁਝ ਚੰਗਾ ਕਰੋ। ਸਾਡਾ ਸਾਰਾ ਜ਼ੋਰ ਇਸੇ ਗੱਲ ’ਤੇ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸਕਾਰਾਤਮਕ ਰਹੀਏ। ਅਸੀਂ ਦੂਜਿਆਂ ਨੂੰ ਵੀ ਇਹ ਹੀ ਸਲਾਹ ਦਿੰਦੇ ਹਾਂ।
ਨਕਾਰਾਤਮਕਤਾ ਜਾਂ ਨੈਗੇਟਿਵਿਟੀ ਅਸਲ ਵਿੱਚ ਹੈ ਕੀ? ਸਿਰਫ ਨਿਰਾਸ਼ਾ ਨੂੰ ਨੈਗੇਟਿਵਿਟੀ ਕਹਿ ਦੇਣਾ ਠੀਕ ਨਹੀਂ। ਕੋਈ ਕਿਸੇ ਦੀ ਆਲੋਚਨਾ ਕਰਦਾ ਹੈ। ਇਹ ਵੀ ਹਮੇਸ਼ਾ ਨੈਗੇਟਿਵਿਟੀ ਨਹੀਂ ਹੁੰਦੀ। ਆਲੋਚਨਾ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਕਿਸੇ ਦੇ ਗੁਣ ਤੇ ਦੋਸ਼ ਅਲੱਗ ਅਲੱਗ ਕਰਕੇ ਨਿਖੇੜ ਕੇ ਦੇਖੇ ਜਾਣ। ਹਰ ਵੇਲੇ ਕੁਝ ਗ਼ਲਤ ਹੋ ਜਾਣ ਬਾਰੇ ਸੋਚਣਾ। ਕਿਸੇ ਮਾੜੇ ਵਰਤਾਰੇ ਦੀ ਉਮੀਦ ਰੱਖ ਕੇ ਬਹਿ ਜਾਣਾ। ਹਰ ਪਲ ਨਿਰਾਸ਼ਾਜਨਕ ਵਿਚਾਰਾਂ ਵਿੱਚ ਘਿਰੇ ਰਹਿਣਾ। ਇਸ ਨੂੰ ਅਸੀਂ ਨੈਗੇਟਿਵਿਟੀ ਕਹਿੰਦੇ ਹਾਂ।
ਇਸ ਦੇ ਵਿਪਰੀਤ ਸਕਾਰਾਤਮਕਤਾ ਜਾਂ ਪੌਜ਼ੀਟਿਵਿਟੀ ਨੂੰ ਅਸੀਂ ਦੂਜਿਆਂ ਵਿੱਚ ਚੰਗਿਆਈ ਨੂੰ ਦੇਖਣਾ, ਕਿਸੇ ਵਰਤਾਰੇ ਵਿੱਚ ਚੰਗਿਆਈ ਦੇਖਣਾ, ਜ਼ਿੰਦਗੀ ਬਾਰੇ ਹੌਸਲੇ ਭਰਪੂਰ ਵਿਚਾਰ ਰੱਖਣਾ, ਆਪਣਾ ਹੌਸਲਾ ਬਣਾਈ ਰੱਖਣਾ ਅਤੇ ਦੂਜਿਆਂ ਨੂੰ ਵੀ ਹੌਸਲਾ ਦੇਣਾ ਕਹਿੰਦੇ ਹਾਂ। ਅਸੀਂ ਬੜੇ ਸੌਖੇ ਜਿਹੇ ਤਰੀਕੇ ਨਾਲ ਇਨ੍ਹਾਂ ਦੀ ਪਰਿਭਾਸ਼ਾ ਘੜ ਲਈ ਹੈ। ਉਤਸ਼ਾਹਵਰਧਕ ਗੱਲਾਂ ਨੂੰ ਅਸੀਂ ਪੌਜ਼ੀਟਿਵਿਟੀ ਕਹਿੰਦੇ ਹਾਂ।
ਦਰਅਸਲ, ਸਕਾਰਾਤਮਕਤਾ ਅਤੇ ਨਕਾਰਾਤਮਕਤਾ ਨੂੰ ਸਮਝਣਾ ਇੰਨਾ ਸੌਖਾ ਨਹੀਂ ਜਿੰਨਾ ਅਸੀਂ ਬਣਾ ਲਿਆ ਹੈ। ਸਾਡਾ ਹਰ ਵੇਲੇ ਸਕਾਰਾਤਮਕ ਰਹਿਣ ’ਤੇ ਜ਼ੋਰ ਦੇਣਾ ਸਾਨੂੰ ਕਿਤੇ ਇਸ ਗੱਲ ਤੋਂ ਦੂਰ ਕਰ ਸਕਦਾ ਹੈ ਕਿ ਅਸੀਂ ਆਲੋਚਨਾ ਨੂੰ ਸਹਿਣ ਕਰੀਏ। ਸਕਾਰਾਤਮਕ ਰਹਿਣਾ ਸਾਡੇ ’ਤੇ ਇੰਨਾ ਭਾਰੂ ਹੋ ਗਿਆ ਹੈ ਕਿ ਕੋਈ ਜ਼ਰਾ ਜਿੰਨੀ ਵੀ ਸਾਡੀ ਆਲੋਚਨਾ ਕਰੇ ਤਾਂ ਅਸੀਂ ਉਸ ਨੂੰ ਨੈਗੇਟਿਵ ਕਹਿ ਕੇ ਪਾਸੇ ਕਰ ਦਿੰਦੇ ਹਾਂ। ਜੋ ਬੰਦਾ ਸੱਚ ਬੋਲਦਾ ਹੈ ਉਸ ਨੂੰ ਵੀ ਨੈਗੇਟਿਵ ਗਰਦਾਨ ਦਿੱਤਾ ਜਾਂਦਾ ਹੈ। ਇਹ ਵਰਤਾਰਾ ਆਮ ਹੈ।
ਪੌਜ਼ੀਟਿਵ ਰਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਵੀ ਹਾਰ ਨੂੰ ਮਨਜ਼ੂਰ ਹੀ ਨਾ ਕਰੀਏ। ਹਰ ਵੇਲੇ ਪੌਜ਼ੀਟਿਵ ਰਹਿਣ ਦਾ ਗੁਣਗਾਨ ਕਰਨ ਦਾ ਅਰਥ ਇਹ ਹੋ ਜਾਂਦਾ ਹੈ ਕਿ ਸਾਡੇ ਬੱਚੇ ਸਾਡੀ ਨਵੀਂ ਪੀੜ੍ਹੀ ਕਿਸੇ ਤਰ੍ਹਾਂ ਦੀ ਅਸਫਲਤਾ ਨੂੰ ਬਰਦਾਸ਼ਤ ਹੀ ਨਹੀਂ ਕਰ ਪਾਉਂਦੀ। ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਨਿੱਕੀ ਜਿਹੀ ਗੱਲ ’ਤੇ ਬੱਚੇ ਆਤਮ ਹੱਤਿਆ ਤੱਕ ਕਰ ਲੈਂਦੇ ਹਨ। ਇਹ ਇਸ ਲਈ ਹੈ ਕਿ ਅਸੀਂ ਉਨ੍ਹਾਂ ਨੂੰ ਹਾਰਨਾ ਹੀ ਨਹੀਂ ਸਿਖਾਇਆ। ਪੌਜ਼ੀਟਿਵਿਟੀ ਦੇ ਨਾਂ ’ਤੇ ਉਨ੍ਹਾਂ ਨੂੰ ਸਿਰਫ਼ ਜਿੱਤਣਾ ਹੀ ਸਿਖਾਇਆ ਗਿਆ ਹੈ।
ਜਿੱਥੇ ਕਿਸੇ ਨੇ ਹਾਰਨ ਦੀ, ਆਲੋਚਨਾ ਦੀ, ਔਗੁਣ ਦੀ ਗੱਲ ਕੀਤੀ ਅਸੀਂ ਉਸ ਨੂੰ ਨੈਗੇਟਿਵ ਕਹਿ ਕੇ ਪਾਸੇ ਹੋ ਗਏ। ਅਸੀਂ ‘ਬੀ ਪੌਜ਼ੀਟਿਵ’ ਨੂੰ ਇਸ ਤਰ੍ਹਾਂ ਅਪਣਾ ਲਿਆ ਕਿ ਜ਼ਿੰਦਗੀ ਵਿੱਚ ਕੁਝ ਮਾੜਾ ਹੋਣ ਲਈ ਕਦੀ ਤਿਆਰ ਹੀ ਨਹੀਂ ਰਹੇ। ਜ਼ਿੰਦਗੀ ਵਿੱਚ ਹਮੇਸ਼ਾ ਚੰਗਾ ਹੋਵੇਗਾ ਅਜਿਹਾ ਨਹੀਂ ਹੋ ਸਕਦਾ। ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ। ਜੇ ਇੱਕ ਗੱਲ ਸਾਡੀ ਪਸੰਦ ਦੀ ਹੁੰਦੀ ਹੈ ਤਾਂ ਇੱਕ ਗੱਲ ਸਾਡੀ ਨਾ ਪਸੰਦ ਦੀ ਵੀ ਹੋ ਸਕਦੀ ਹੈ।
ਅੱਜ ਸਮਾਜ ਵਿੱਚ ਫੈਲੀ ਹੋਈ ਡਿਪਰੈਸ਼ਨ ਦਾ ਮੁੱਖ ਕਾਰਨ ‘ਬੀ ਪੌਜ਼ੀਟਿਵ’ ਦਾ ਗੁਣਗਾਨ ਹੈ। ਜਦੋਂ ਬੰਦੇ ਵਿੱਚ ਆਪਣੀ ਆਲੋਚਨਾ ਨੂੰ ਸਮਝ ਸਕਣ, ਆਪਣੇ ਔਗੁਣਾਂ ਨੂੰ ਦੇਖ ਸਕਣ ਤੇ ਆਪਣੀ ਹਾਰ ਨੂੰ ਸਵੀਕਾਰ ਕਰ ਸਕਣ ਦੀ ਸਮਰੱਥਾ ਹੀ ਨਹੀਂ ਹੈ ਤਾਂ ਉਹ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਮੁਸੀਬਤ ਆਈ ਤਾਂ ਡਿਪਰੈਸ਼ਨ ਵਿੱਚ ਹੀ ਜਾਏਗਾ। ਜ਼ਿੰਦਗੀ ਦੀ ਰਫ਼ਤਾਰ ਬੜੀ ਤੇਜ਼ ਹੋ ਗਈ ਹੈ। ਮਨੁੱਖ ਇਸ ਵਿੱਚ ਕਿਤੇ ਉਲਝਿਆ ਪਿਆ ਹੈ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੌਕੇ ਉਸ ਦੇ ਕੋਲੋਂ ਦੀ ਲੰਘ ਜਾਂਦੇ ਹਨ। ਹਰ ਮਨੁੱਖ ਇੱਕ ਦੌੜ ਵਿੱਚ ਹੈ। ਉਸ ਦਾ ਸਾਰਾ ਜ਼ੋਰ ਪ੍ਰਾਪਤੀ ’ਤੇ ਲੱਗਾ ਹੋਇਆ ਹੈ। ਉਹ ਪ੍ਰਾਪਤੀ ਕਿਸੇ ਕਿਸਮ ਦੀ ਹੋਵੇ। ਉਹ ਸਭ ਕੁਝ ਹਾਸਿਲ ਕਰ ਲੈਣਾ ਚਾਹੁੰਦਾ ਹੈ। ਉਸ ਨੂੰ ਕਦੇ ਵੀ ਕਿਸੇ ਹਾਰ ਲਈ ਕਿਸੇ ਅਸਫਲਤਾ ਲਈ ਤਿਆਰ ਨਹੀਂ ਕੀਤਾ ਜਾਂਦਾ। ਅਸੀਂ ਆਪਣੇ ਬੱਚੇ ਨੂੰ ਇੱਕ ਉਦੇਸ਼ ਦਿੰਦੇ ਹਾਂ ਤੇ ਉਸ ਨੂੰ ਕਹਿੰਦੇ ਹਾਂ ਕਿ ਪੂਰਾ ਜ਼ੋਰ ਲਾ ਕੇ ਇਸ ਨੂੰ ਪ੍ਰਾਪਤ ਕਰ। ਫਿਰ ਜਦੋਂ ਬੱਚਾ ਤਨਦੇਹੀ ਨਾਲ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਸ ਟੀਚੇ ਤੱਕ ਪਹੁੰਚਣ ਤੋਂ ਅਸਮਰੱਥ ਰਹਿੰਦਾ ਹੈ ਤਾਂ ਉਸ ਦਾ ਨਿਰਾਸ਼ ਹੋ ਜਾਣਾ ਆਮ ਗੱਲ ਹੈ।
ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਦੋ ਗੋਲ ਦੇਣੇ ਹਨ। ਏ ਗੋਲ ਤੇ ਬੀ ਗੋਲ। ਇਹ ਇਸ ਲਈ ਕਿ ਜੇ ਉਹ ਇੱਕ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਹੋਵੇ ਤਾਂ ਦੂਜਾ ਟੀਚਾ ਉਸ ਦੇ ਸਾਹਮਣੇ ਹੋਵੇ। ਇਸ ਨਾਲ ਉਸ ਨੂੰ ਨਿਰਾਸ਼ਾ ਨਹੀਂ ਹੋਏਗੀ। ਉਸ ਨੂੰ ਪਹਿਲਾਂ ਹੀ ਪਤਾ ਹੋਵੇਗਾ ਕਿ ਇਹ ਹਾਸਿਲ ਕੀਤਾ ਜਾ ਸਕਦਾ ਹੈ, ਪਰ ਜੇ ਨਾ ਹਾਸਿਲ ਹੋਵੇ ਤਾਂ ਇਸ ਦਾ ਦੂਜਾ ਹੱਲ ਵੀ ਹੈ। ਦੂਜੇ ਪਾਸੇ ਸਾਡੇ ਬੁੱਧੀਜੀਵੀਆਂ ਨੇ ‘ਬੀ ਪੌਜ਼ੀਟਿਵ ’ਤੇ ਇੰਨਾ ਜ਼ੋਰ ਦਿੱਤਾ ਹੈ ਕਿ ਅਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਦਰਕਿਨਾਰ ਕਰ ਦਿੱਤਾ ਹੈ।
ਮਨੁੱਖ ਮਸ਼ੀਨ ਵਾਂਗ ਕੰਮ ਕਰ ਰਿਹਾ ਹੈ, ਪਰ ਮਨੁੱਖ ਮਸ਼ੀਨ ਨਹੀਂ ਹੈ। ਮਨੁੱਖ ਮਸ਼ੀਨ ਕਦੇ ਹੋ ਵੀ ਨਹੀਂ ਸਕਦਾ। ਉਸ ਨੂੰ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਮਜ਼ਬੂਤੀ ਦੀ ਲੋੜ ਹੈ। ਜਦੋਂ ਅਸੀਂ ਸਾਰਾ ਜ਼ੋਰ ਸਿਰਫ਼ ‘ਬੀ ਪੌਜ਼ੀਟਿਵ’ ’ਤੇ ਲਾ ਦਿੰਦੇ ਹਾਂ ਤਾਂ ਉਹ ਕਿਸ ਤਰ੍ਹਾਂ ਨਿਰਾਸ਼ਾ ਨਾਲ ਮੱਥਾ ਲਾਏਗਾ। ਅਸੀਂ ਯਤਨ ਕਰਨ ਤੇ ਉਮੀਦ ਰੱਖਣ ’ਤੇ ਇੰਨਾ ਜ਼ਿਆਦਾ ਜ਼ੋਰ ਦਿੱਤਾ ਹੈ ਕਿ ਨਿਰਾਸ਼ ਹੋ ਜਾਣ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ।
ਸਾਡੀ ਨੌਜਵਾਨ ਪੀੜ੍ਹੀ ਇਸ ਗੱਲ ਦੀ ਸਭ ਤੋਂ ਵੱਧ ਸ਼ਿਕਾਰ ਹੈ। ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਕਿ ‘ਬੀ ਪੌਜ਼ੀਟਿਵ’ ਸਾਨੂੰ ਸਬਰ ਤੇ ਸ਼ੁਕਰ ਨਹੀਂ ਸਿਖਾਉਂਦਾ। ਸਾਡੀ ਪੁਰਾਣੀ ਪੀੜ੍ਹੀ ਨੇ ਸਬਰ ਤੇ ਸ਼ੁਕਰ ਸਿੱਖਿਆ ਹੈ ਤੇ ਇਸ ਨਾਲ ਜ਼ਿੰਦਗੀ ਬਤੀਤ ਕੀਤੀ ਹੈ। ‘ਬੀ ਪੌਜ਼ੀਟਿਵ’ ਸਾਨੂੰ ਸਾਰਾ ਜ਼ੋਰ ਲਗਾ ਕੇ ਸਿਰਫ਼ ਜਿੱਤਣਾ ਸਿਖਾਉਂਦਾ ਹੈ। ਯਕੀਨ ਮੰਨੋ ਅੱਜ ਦੇ ਸਮੇਂ ਵਿੱਚ ਸਭ ਤੋਂ ਖ਼ਤਰਨਾਕ ਸ਼ਬਦ ‘ਬੀ ਪੌਜ਼ੀਟਿਵ’ ਹੈ। ਸਾਨੂੰ ਇਸ ਦੀ ਜਗ੍ਹਾ ’ਤੇ ‘ਬੀ ਰਿਅਲਿਸਟਿਕ’ ਯਾਨੀ ਯਥਾਰਥਵਾਦੀ ਹੋਣ ਦੀ ਜ਼ਰੂਰਤ ਹੈ। ਸਾਨੂੰ ਸੱਚ ਨੂੰ ਸਮਝਣਾ ਤੇ ਉਸ ਦਾ ਸਾਹਮਣਾ ਕਰਨਾ ਸਿੱਖਣ ਦੀ ਜ਼ਰੂਰਤ ਹੈ।
ਆਸ਼ਾਵਾਦੀ ਹੋਣਾ ਮਾੜੀ ਗੱਲ ਨਹੀਂ, ਪਰ ਸਿਰਫ਼ ਆਸ਼ਾਵਾਦੀ ਹੀ ਹੋਣਾ ਮਾੜੀ ਗੱਲ ਹੈ। ਜ਼ਿੰਦਗੀ ਵਿੱਚ ਜਿੱਤਾਂ ਹਾਰਾਂ ਚੱਲਦੀਆਂ ਹੀ ਰਹਿੰਦੀਆਂ ਹਨ। ਬਹੁਤ ਜ਼ਰੂਰੀ ਹੈ ਕਿ ਮਨੁੱਖ ਇਸ ਗੱਲ ਨੂੰ ਸਮਝ ਲਵੇ ਕਿ ਉਸ ਨੇ ਕੋਸ਼ਿਸ਼ ਕਰਨੀ ਹੈ, ਪਰ ਕੋਸ਼ਿਸ਼ ਦਾ ਸਫਲ ਹੋ ਜਾਣਾ ਜ਼ਰੂਰੀ ਨਹੀਂ ਹੈ। ਕਾਮਯਾਬੀ ਤੇ ਨਾਕਾਮਯਾਬੀ ਦੋਵੇਂ ਹੀ ਮਨੁੱਖ ਨਾਲ ਕਦੇ ਵੀ ਵਾਪਰ ਸਕਦੇ ਹਨ। ਸਾਨੂੰ ਇਸ ਲਈ ਹਰ ਪੱਖੋਂ ਤਿਆਰ ਰਹਿਣਾ ਚਾਹੀਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ‘ਬੀ ਪੌਜ਼ੀਟਿਵ’ ਨੂੰ ਛੱਡ ਕੇ ‘ਬੀ ਰਿਅਲਿਸਟਿਕ’ ਨੂੰ ਅਪਣਾਈਏ ਤਾਂ ਜੋ ਜ਼ਿੰਦਗੀ ਵਿੱਚ ਆਉਣ ਵਾਲੀ ਹਾਰ ਦਾ ਸਾਹਮਣਾ ਕਰਨਾ ਵੀ ਸਿੱਖੀਏ।
ਸੰਪਰਕ: 90410-73310