ਹਾਰਵਰਡ ਯੂਨੀਵਰਸਿਟੀ ’ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲਿਆਂ ’ਤੇ ਰੋਕ
ਨਿਊਯਾਰਕ, 23 ਮਈ
ਟਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ’ਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦਾ ਅਧਿਕਾਰ ਰੱਦ ਕਰ ਦਿੱਤਾ ਗਿਆ ਹੈ। ਇਸ ਨਾਲ ਯੂਨੀਵਰਸਿਟੀ ’ਚ ਦਾਖ਼ਲੇ ਲੈ ਚੁੱਕੇ ਕਰੀਬ 800 ਭਾਰਤੀਆਂ ਸਮੇਤ ਹਜ਼ਾਰਾਂ ਵਿਦਿਆਰਥੀ ਚਿੰਤਤ ਹਨ। ਟਰੰਪ ਪ੍ਰਸ਼ਾਸਨ ਨੇ ਅਣਕਿਆਸੇ ਘਟਨਾਕ੍ਰਮ ਤਹਿਤ ਵੀਰਵਾਰ ਨੂੰ ਹੋਮਲੈਂਡ ਸਕਿਊਰਿਟੀ ਵਿਭਾਗ ਨੂੰ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟ ਐਂਡ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ (ਐੱਸਈਵੀਪੀ) ਸਰਟੀਫਿਕੇਸ਼ਨ ਨੂੰ ਖ਼ਤਮ ਕਰਨ ਦੇ ਹੁਕਮ ਦਿੱਤੇ। ਸੰਘੀ ਏਜੰਸੀ ਨੇ ਕਿਹਾ, ‘‘ਇਸ ਦਾ ਮਤਲਬ ਹੈ ਕਿ ਹਾਰਵਰਡ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇ ਸਕਦਾ ਹੈ ਅਤੇ ਮੌਜੂਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਕਿਤੇ ਹੋਰ ਜਾਣਾ ਹੋਵੇਗਾ।’’ ਅਮਰੀਕਾ ਦੀ ਹੋਮਲੈਂਡ ਸਕਿਊਰਿਟੀ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀ ਨੋਏਮ ਨੇ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਐੱਸਈਵੀਪੀ ਪ੍ਰੋਗਰਾਮ ਰੱਦ ਕਰਨ ਦੇ ਹੁਕਮ ਦਿੱਤੇ। -ਪੀਟੀਆਈ
ਸੰਘੀ ਜੱਜ ਵੱਲੋ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ’ਤੇ ਰੋਕ
ਵਾਸ਼ਿੰਗਟਨ: ਅਮਰੀਕਾ ਦੇ ਇੱਕ ਸੰਘੀ ਜੱਜ ਨੇ ਹਾਰਵਰਡ ਯੂਨੀਵਰਸਿਟੀ ਦਾ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਅਧਿਕਾਰ ਰੱਦ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ’ਤੇ ਰੋਕ ਲਗਾ ਦਿੱਤੀ ਹੈ। ਆਰਜ਼ੀ ਪਾਬੰਦੀ ਦਾ ਹੁਕਮ ਸਰਕਾਰ ਨੂੰ ‘ਸਟੂਡੈਂਟ ਐਂਡ ਐਕਸਚੇਂਜ ਵਿਜ਼ੀਟਰ ਪ੍ਰੋਗਰਾਮ’ ਦੇ ਸਰਟੀਫਿਕੇਸ਼ਨ ਨੂੰ ਰੱਦ ਕਰਨ ਤੋਂ ਰੋਕਦਾ ਹੈ, ਜੋ ਸਕੂਲ ਨੂੰ ਅਮਰੀਕਾ ’ਚ ਅਧਿਐਨ ਕਰਨ ਲਈ ਕੌਮਾਂਤਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਨ ਦੀ ਇਜਾਜ਼ਤ ਦਿੰਦਾ ਹੈ। ਹਾਰਵਰਡ ਨੇ ਅੱਜ ਮੈਸਾਚੁਸੈੱਟਸ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ’ਚ ਮੁਕੱਦਮਾ ਦਾਇਰ ਕੀਤਾ ਹੈ। -ਏਪੀ
ਚੀਨ ਵੱਲੋਂ ਫ਼ੈਸਲੇ ਦੀ ਆਲੋਚਨਾ
ਬੈਂਕਾਕ: ਚੀਨੀ ਸਰਕਾਰ ਨੇ ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ’ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਿਲਆਂ ’ਤੇ ਰੋਕ ਲਾਉਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਚੀਨ ਮੁਤਾਬਕ ਇਸ ਫ਼ੈਸਲੇ ਨਾਲ ਅਮਰੀਕਾ ਦੇ ਅਕਸ ਨੂੰ ਕੌਮਾਂਤਰੀ ਪੱਧਰ ’ਤੇ ਖੋਰਾ ਲੱਗੇਗਾ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਅਮਰੀਕੀ ਸਰਕਾਰ ਦੇ ਫ਼ੈਸਲੇ ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਦੂਜੇ ਬਦਲ ਦੇਖਣੇ ਪੈਣਗੇ। -ਏਪੀ