ਟਰੈਕਟਰ ਚਾਲਕ ਨੇ ਦੋ ਰਾਹਗੀਰ ਦਰੜੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਮਈ
ਡਾਬਾ ਦੇ ਲੋਹਾਰਾ ਰੋਡ ’ਤੇ ਟਰੈਕਟਰ ਚਾਲਕ ਨੇ ਟਰੈਟਕਟਰ ਪਿੱਛੇ ਕਰਦੇ ਹੋਏ ਦੋ ਰਾਹਗੀਰਾਂ ਨੂੰ ਦਰੜ ਦਿੱਤਾ। ਟਰੈਕਟਰ ਨਾਲ ਪਾਣੀ ਵਾਲਾ ਟੈਂਕਰ ਵੀ ਜੁੜਿਆ ਹੋਇਆ ਸੀ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਔਰਤ ਨੂੰ ਇਲਾਜ ਲਈ ਈਐੱਸਆਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਦੀਪਕ ਵਜੋਂ ਹੋਈ ਹੈ, ਜੋ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਦਕਿ ਔਰਤ ਦੀ ਪਛਾਣ ਰੁਦੰਤੀ ਵਜੋਂ ਹੋਈ ਹੈ, ਜੋ ਡਾਬਾ ਇਲਾਕੇ ਦੀ ਵਸਨੀਕ ਸੀ। ਡਾਬਾ ਥਾਣੇ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਟਰੈਕਟਰ ਚਾਲਕ ਵਿੱਕੀ ਤੇ ਉਸ ਦੇ ਨਾਲ ਸਵਾਰ ਪਰਵਿੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਵਿੱਕੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਦੂਜਾ ਸਾਥੀ ਹਾਲੇ ਵੀ ਫਰਾਰ ਹੈ। ਪ੍ਰਾਤਪ ਜਾਣਕਾਰੀ ਅਨੁਸਾਰ ਦੀਪਕ ਤਿੰਨ ਘੰਟੇ ਪਹਿਲਾਂ ਪਿੰਡ ਤੋਂ ਆਇਆ ਸੀ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਡਾਬਾ ਇਲਾਕੇ ਵਿੱਚ ਜਾ ਰਿਹਾ ਸੀ। ਜਦੋਂ ਕਿ ਰੁਦੰਤੀ ਪਹਿਲਾਂ ਹੀ ਉੱਥੇ ਖੜ੍ਹੀ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੈਕਟਰ ਤੇਜ਼ ਰਫ਼ਤਾਰ ਵਿੱਚ ਪਿੱਛੇ ਕੀਤਾ ਗਿਆ ਸੀ।