ਹਾਦਸੇ ਮਗਰੋਂ ਫਲਾਈਓਵਰ ਤੋਂ ਲਟਕੀ ਬੱਸ
ਸਰਬਜੀਤ ਗਿੱਲ
ਫਿਲੌਰ, 10 ਜਨਵਰੀ
ਇਥੇ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ਼ ਦੀ ਬੱਸ ਅਤੇ ਯੂਪੀ ਨੰਬਰ ਦੀ ਪ੍ਰਾਈਵੇਟ ਸਲੀਪਰ ਬੱਸ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਇਸ ਦੌਰਾਨ ਰੋਡਵੇਜ਼ ਦੀ ਬੱਸ ਪੁਲ ਦੀ ਰੇਲਿੰਗ ਤੋੜਦੀ ਹੋਈ 6-7 ਫੁੱਟ ਬਾਹਰ ਨਿੱਕਲ ਗਈ। ਇਹ ਹਾਦਸਾ ਅੰਬੇਡਕਰ ਚੌਕ ਦੇ ਉੱਪਰ ਫਲਾਈਓਵਰ ’ਤੇ ਵਾਪਰਿਆ। ਇਸ ਹਾਦਸੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਵੀ ਬਚਾਅ ਹੋ ਗਿਆ ਪਰ ਦੋਵੇਂ ਬੱਸਾਂ ਨੂੰ ਕਾਫ਼ੀ ਨੁਕਸਾਨ ਹੋ ਗਿਆ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਲੀਪਰ ਬੱਸ ਦਾ ਡਰਾਈਵਰ ਤੇ ਕੰਡਕਟਰ ਬੱਸ ਚੱਲਦੀ ਛੱਡ ਕੇ ਫਰਾਰ ਹੋ ਗਏ, ਕਿਸੇ ਹੋਰ ਦੀ ਮਦਦ ਲੈ ਕੇ ਬਸ ਦਾ ਇੰਜਣ ਬੰਦ ਕਰਵਾਇਆ। ਹਾਦਸੇ ਤੋਂ ਬਾਅਦ ਆਵਾਜਾਈ ’ਚ ਵਿਘਨ ਵੀ ਪਿਆ ਪਰ ਪ੍ਰਸ਼ਾਸਨ ਨੇ ਕੁਝ ਦੇਰ ਮਗਰੋਂ ਆਵਾਜਾਈ ਸ਼ੁਰੂ ਕਰਵਾ ਦਿੱਤੀ ਹੈ। ਇਸ ਹਾਦਸੇ ਨੂੰ ਦੇਖਦੇ ਇਕ ਕਾਰ ਚਾਲਕ ਦੀ ਵੀ ਕਿਸੇ ਹੋਰ ਵਾਹਨ ਟੱਕਰ ਹੋ ਗਈ। ਹਾਦਸੇ ਦੌਰਾਨ ਲੱਗੇ ਲੰਬੇ ਜਾਮ ਅਤੇ ਸੰਘਣੀ ਧੁੰਦ ਕਾਰਨ ਵੇਰਕਾ ਮਿਲਕ ਪਲਾਂਟ ਸਾਹਮਣੇ ਇਸ ਹਾਦਸੇ ਤੋਂ ਕੁਝ ਸਮੇਂ ਬਾਅਦ ਤਿੰਨ ਹੋਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਗੰਭੀਰ ਜ਼ਖਮੀ ਉੱਤਰਾਖੰਡ ਨੰਬਰੀ ਸਕਰਪੀਓ ਗੱਡੀ ’ਚ ਸਵਾਰ ਸੀ। ਐੱਸਐੱਸਐੱਫ ਦੀ ਟੀਮ ਦੇ ਏਐੱਸਆਈ ਸਰਬਜੀਤ ਸਿੰਘ ਵੱਲੋਂ ਜ਼ਖ਼ਮੀ ਰਣਦੀਪ ਸਿੰਘ, ਸੋਢੀ ਸਿੰਘ, ਜੀਵਨ ਪ੍ਰਕਾਸ਼ ਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ ਗਿਆ।
ਹਾਦਸਾਗ੍ਰਸਤ ਟਰਾਲੀ ਨੂੰ ਬਚਾਉਂਦਾ ਟਰਾਲਾ ਪਲਟਿਆ; ਜਾਨੀ ਨੁਕਸਾਨ ਤੋਂ ਬਚਾਅ
ਗੁਰਦਾਸਪੁਰ(ਕੇਪੀ ਸਿੰਘ): ਇਥੇ ਬੱਬਰੀ ਬਾਈਪਾਸ ਤੋਂ ਥੋੜ੍ਹੀ ਹੀ ਦੂਰ ਧੁੰਦ ਕਾਰਨ ਹਾਦਸਾ ਵਾਪਰ ਗਿਆ। ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਹੀ ਪਿੰਡ ਔਜਲਾ ਨੇੜੇ ਪੁਲ ਦੇ ਥੱਲਿਓਂ ਆ ਰਹੀ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਨੂੰ ਟਰਾਲੇ ਨੇ ਫੇਟ ਮਾਰ ਦਿੱਤੀ। ਇਸ ਕਾਰਨ ਟਰਾਲੀ ਪਲਟ ਗਈ ਤੇ ਟਰਾਲੀ ਨੂੰ ਬਚਾਉਂਦਿਆਂ ਪਠਾਨਕੋਟ ਵੱਲੋਂ ਆ ਰਿਹਾ ਬਜਰੀ ਨਾਲ ਭਰਿਆ ਇੱਕ ਹੋਰ ਟਰਾਲਾ ਵੀ ਪਲਟ ਗਿਆ। ਟਰੈਕਟਰ-ਟਰਾਲੀ ਅਤੇ ਟਰਾਲੇ ਦੇ ਡਰਾਈਵਰ ਸਮੇਤ ਸਾਰੇ ਲੋਕ ਵਾਲ-ਵਾਲ ਬਚ ਗਏ ਹਨ ਪਰ ਇਸ ਹਾਦਸੇ ਕਾਰਨ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਵੱਲੋਂ ਪਹੁੰਚ ਕੇ ਪਰਾਲੀ ਦੀਆਂ ਪੰਡਾਂ ਸੜਕ ਤੋਂ ਹਟਵਾ ਕੇ ਹਾਈਵੇਅ ਖਾਲੀ ਕਰਵਾਇਆ ਅਤੇ ਆਵਾਜਾਈ ਮੁੜ ਬਹਾਲ ਕਰਵਾਈ।