ਹਾਦਸਾ
ਕਹਾਣੀ
ਡਾ. ਯੋਗੇਸ਼ ਚੰਦਰ ਸੂਦ ਦਾ ਸਿੱਖਿਆ ਦੇ ਖੇਤਰ ਵਿੱਚ ਲੰਬਾ ਤਜਰਬਾ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਇੱਕ ਮੋਹਰੀ ਕਾਲਜ ਦੇ ਸੇਵਾਮੁਕਤ ਐਸੋਸੀਏਟ ਪ੍ਰੋਫੈਸਰ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਹਨ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਇੱਕ ਐਫੀਲੀਏਟਿਡ ਗਰਲਜ਼ ਕਾਲਜ ਦੇ ਸਾਬਕਾ ਪ੍ਰਿੰਸੀਪਲ ਹਨ। ਕਾਲਜ ਅਧਿਆਪਨ ਦੇ ਨਾਲ ਨਾਲ ਉਨ੍ਹਾਂ ਦਾ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਵੱਲੋਂ ਲਿਖੀ ਇਹ ਅੰਗਰੇਜ਼ੀ ਕਹਾਣੀ ਹਿੰਦੂ-ਮੁਸਲਿਮ ਏਕਤਾ ਨੂੰ ਦਰਸਾਉਂਦੀ ਹੈ। ਇਸ ਕਹਾਣੀ ਦਾ ਪੰਜਾਬੀ ਅਨੁਵਾਦ ਰਵਿੰਦਰ ਸਿੰਘ ਸੋਢੀ ਨੇ ਕੀਤਾ ਹੈ।
ਸ਼ਮਸ਼ੇਰ ਅਤੇ ਅਸਲਮ ਦੋਵੇਂ ਗੁਆਂਢੀ ਸਨ। ਉਨ੍ਹਾਂ ਦੋਵਾਂ ਦੀਆਂ ਦੁਕਾਨਾਂ ਵੀ ਸ਼ਹਿਰ ਦੇ ਵੱਡੇ ਬਾਜ਼ਾਰ ਵਿੱਚ ਇੱਕ-ਦੂਜੇ ਦੇ ਨਾਲ ਹੀ ਸਨ ਅਤੇ ਉਨ੍ਹਾਂ ਦੀ ਦੋਸਤੀ ਹਿੰਦੂ-ਮੁਸਲਮਾਨ ਏਕਤਾ ਦੀ ਵਧੀਆ ਉਦਾਹਰਨ ਵੀ ਸੀ। ਸ਼ਮਸ਼ੇਰ ਦਾ ਬੇਟਾ ਵਿਨੋਦ ਅਤੇ ਅਸਲਮ ਦਾ ਪੁੱਤਰ ਅਜ਼ਮਲ ਵੀ ਤਕਰੀਬਨ ਹਾਣੀ ਹੀ ਸਨ। ਦੋਵਾਂ ਬੱਚਿਆਂ ਦੇ ਵਿਆਹ ਵੀ ਕੁੱਝ ਮਹੀਨਿਆਂ ਦੇ ਫ਼ਰਕ ਨਾਲ ਹੀ ਹੋਏ ਸਨ। ਵਿਆਹ ਤੋਂ ਸਾਲ ਕੁ ਬਾਅਦ ਹੀ ਅਜ਼ਮਲ ਦੇ ਘਰ ਬੇਟਾ ਪੈਦਾ ਹੋਇਆ, ਵਸੀਮ, ਪਰ ਵਿਨੋਦ ਦੇ ਕੋਈ ਬੱਚਾ ਨਾ ਹੋਇਆ। ਉੱਪਰ ਵਾਲੇ ਦੀ ਮਿਹਰ ਨਾਲ ਦੋਵਾਂ ਪਰਿਵਾਰਾਂ ਦੀ ਜ਼ਿੰਦਗੀ ਠੀਕ ਚੱਲ ਰਹੀ ਸੀ।
ਸ਼ਮਸ਼ੇਰ ਅਤੇ ਅਸਲਮ ਆਪਣੀਆਂ ਦੁਕਾਨਾਂ ਬੰਦ ਕਰਨ ਤੋਂ ਬਾਅਦ ਰੋਜ਼ਾਨਾ ਹੀ ਕੁੱਝ ਸਮਾਂ ਬਾਰ ਵਿੱਚ ਇਕੱਠੇ ਬਿਤਾਉਂਦੇ। ਉਹ ਪੈੱਗ ਸਾਂਝੇ ਕਰਦੇ ਹੋਏ ਪਰਿਵਾਰਕ ਅਤੇ ਆਪਣੇ-ਆਪਣੇ ਕਾਰੋਬਾਰ ਦੀਆਂ ਗੱਲਾਂ ਵੀ ਕਰਦੇ। ਇੱਕ ਦਿਨ ਬਾਰ ਵਿੱਚ ਬੈਠਿਆਂ ਕਿਸੇ ਮਾਮਲੇ ’ਤੇ ਦੋਹਾਂ ਦੀ ਤਕਰਾਰ ਹੋ ਗਈ। ਸ਼ਰਾਬ ਦੇ ਨਸ਼ੇ ਵਿੱਚ ਇਸ ਬਹਿਸ ਨੇ ਲੜਾਈ ਦਾ ਰੂਪ ਧਾਰ ਲਿਆ। ਨਸ਼ੇ ਵਿੱਚ ਅਸਲਮ ਨੂੰ ਪਤਾ ਹੀ ਨਾ ਲੱਗਿਆ ਕਿ ਉਸ ਨੇ ਬਾਰ ਦੇ ਇੱਕ ਮੇਜ਼ ’ਤੇ ਪਿਆ ਚਾਕੂ ਚੁੱਕ ਕੇ ਸ਼ਮਸ਼ੇਰ ਦੇ ਢਿੱਡ ਵਿੱਚ ਖੋਭ ਦਿੱਤਾ। ਪਲਾਂ-ਛਿਣਾਂ ਵਿੱਚ ਹੀ ਸ਼ਮਸ਼ੇਰ ਲਹੂ-ਲੁਹਾਣ ਹੋ ਗਿਆ। ਉਸ ਨੂੰ ਜਲਦੀ-ਜਲਦੀ ਹਸਪਤਾਲ ਲੈ ਗਏ, ਪਰ ਉਹ ਬਚ ਨਾ ਸਕਿਆ। ਇਸ ਘਟਨਾ ਨਾਲ ਸਾਰੇ ਇਲਾਕੇ ਵਿੱਚ ਸਨਸਨੀ ਜਿਹੀ ਫੈਲ ਗਈ। ਅਖ਼ਬਾਰਾਂ ਵਾਲਿਆਂ ਨੇ ਤਾਂ ਇਸ ਘਟਨਾ ਨੂੰ ਧਾਰਮਿਕ ਰੰਗਣ ਦੇ ਕੇ ਛਾਪਿਆ, ਜਿਸ ਕਾਰਨ ਆਸੇ-ਪਾਸੇ ਹਫੜਾ-ਦਫ਼ੜੀ ਵਾਲਾ ਮਾਹੌਲ ਪੈਦਾ ਹੋ ਗਿਆ। ਪੁਲੀਸ ਨੇ ਨਾਲ ਦੀ ਨਾਲ ਕਾਰਵਾਈ ਕਰਦੇ ਹੋਏ ਅਸਲਮ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਵਿੱਚ ਸਾਲ ਕੁ ਭਰ ਇਹ ਮੁਕੱਦਮਾ ਚੱਲਣ ਤੋਂ ਬਾਅਦ ਅਸਲਮ ਨੂੰ ਪੰਜ ਸਾਲ ਦੀ ਸਜ਼ਾ ਹੋ ਗਈ।
ਆਪਣੇ ਪਿਤਾ ਦੇ ਕਤਲ ਕਰਕੇ ਵਿਨੋਦ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਉਸ ਨੇ ਆਪਣੇ ਦਿਲ ਵਿੱਚ ਪੱਕਾ ਫ਼ੈਸਲਾ ਕਰ ਲਿਆ ਕਿ ਇਸ ਦਾ ਬਦਲਾ ਲੈ ਕੇ ਰਹੇਗਾ। ਬਦਲੇ ਦੀ ਇਸ ਭਾਵਨਾ ਕਰਕੇ ਵਿਨੋਦ ਦੀਆਂ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਉੱਡ ਗਿਆ। ਉਸ ਨੇ ਪੱਕਾ ਫ਼ੈਸਲਾ ਕਰ ਲਿਆ ਕਿ ਜਦੋਂ ਵੀ ਅਸਲਮ ਆਪਣੀ ਸਜ਼ਾ ਪੂਰੀ ਕਰਕੇ ਜੇਲ੍ਹ ਤੋਂ ਬਾਹਰ ਆਇਆ, ਉਸ ਨੂੰ ਮਾਰ ਦੇਵੇਗਾ।
ਸਮੇਂ ਦਾ ਚੱਕਰ ਆਪਣੀ ਚਾਲ ਚੱਲਦਾ ਰਿਹਾ। ਇਸ ਘਟਨਾ ਤੋਂ ਤਕਰੀਬਨ ਦੋ ਸਾਲ ਬਾਅਦ ਇੱਕ ਦੁਰਘਟਨਾ ਵਿੱਚ ਅਜ਼ਮਲ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਉਨ੍ਹਾਂ ਦੇ ਪੁੱਤਰ ਵਸੀਮ ਦੀ ਦੇਖ-ਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ। ਉਸ ਮੁਹੱਲੇ ਵਿੱਚ ਰਹਿੰਦੇ ਕੁੱਝ ਲੋਕਾਂ ਨੇ ਰਲ-ਮਿਲ ਕੇ ਛੋਟੇ ਬੱਚੇ ਨੂੰ ਸਾਂਭਿਆ।
ਜੇਲ੍ਹ ਵਿੱਚ ਅਸਲਮ ਦੇ ਚੰਗੇ ਵਿਹਾਰ, ਨਵੇਂ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਦੀ ਸਹਿਮਤੀ ਅਤੇ ਦੋਸ਼ੀ ’ਤੇ ਤਰਸ ਕਰਦੇ ਹੋਏ, ਅਦਾਲਤ ਨੇ ਉਸ ਦੀ ਬਾਕੀ ਸਜ਼ਾ ਮੁਆਫ਼ ਕਰ ਦਿੱਤੀ। ਅਸਲਮ ਜੇਲ੍ਹ ਤੋਂ ਆਜ਼ਾਦ ਹੋ ਕੇ ਆਪਣੇ ਘਰ ਵਾਪਸ ਆ ਗਿਆ। ਉਸੇ ਰਾਤ ਵਿਨੋਦ ਗੁੱਸੇ ਵਿੱਚ ਚਾਕੂ ਲੈ ਕੇ ਆਪਣੇ ਦੁਸ਼ਮਣ ਦੇ ਘਰ ਦੀ ਕੰਧ ਟੱਪ ਕੇ ਅਸਲਮ ਦੇ ਕਮਰੇ ਦੇ ਬਾਹਰ ਪਹੁੰਚ ਗਿਆ। ਉਸ ਨੇ ਅਸਲਮ ਦੀ ਆਵਾਜ਼ ਸੁਣੀ ਜੋ ਆਪਣੇ ਪੋਤੇ ਵਸੀਮ ਨਾਲ ਗੱਲਾਂ ਕਰ ਰਿਹਾ ਸੀ। ਅਸਲਮ ਕਹਿ ਰਿਹਾ ਸੀ, “ਮੈਂ ਆਪਣੇ ਪੁੱਤਰ ਅਤੇ ਨੂੰਹ ਦੀ ਮੌਤ ਕਾਰਨ ਬਹੁਤ ਦੁਖੀ ਹਾਂ, ਪਰ ਉਸ ਤੋਂ ਵੱਧ ਦੁੱਖ ਮੈਨੂੰ ਆਪਣੇ ਭਰਾਵਾਂ ਵਰਗੇ ਦੋਸਤ ਸ਼ਮਸ਼ੇਰ ਦੇ ਕਤਲ ਦਾ ਹੈ। ਇਹ ਸਾਰਾ ਕੁੱਝ ਸ਼ਰਾਬ ਦੇ ਨਸ਼ੇ ਵਿੱਚ ਹੋਇਆ। ਮੈਂ ਉਸ ਨੂੰ ਮਾਰਨਾ ਨਹੀਂ ਸੀ ਚਾਹੁੰਦਾ, ਪਰ ਨਸ਼ੇ ਵਿੱਚ ਇਹ ਸਭ ਕੁੱਝ ਹੋ ਗਿਆ। ਮੇਰੇ ਪੁੱਤਰ ਅਤੇ ਮੇਰੀ ਨੂੰਹ ਨੂੰ ਮੇਰੇ ਕੋਲੋਂ ਖੋਹ ਕੇ ਅੱਲ੍ਹਾ ਨੇ ਮੈਨੂੰ ਇਸ ਦੀ ਸਜ਼ਾ ਵੀ ਦੇ ਦਿੱਤੀ ਹੈ। ਮੇਰੇ ਅੱਲ੍ਹਾ, ਮੈਨੂੰ ਮੁਆਫ਼ ਕਰੀਂ। ਮੈਂ ਆਪਣਾ ਸਿਰ ਝੁਕਾ ਕੇ ਆਪਣੀ ਸਜ਼ਾ ਕਬੂਲ ਕਰਦਾ ਹਾਂ।’’ ਵਿਨੋਦ ਉੱਥੇ ਖੜ੍ਹਾ ਇਹ ਸਭ ਸੁਣਦਾ ਰਿਹਾ। ਉਸ ਨੂੰ ਅਸਲਮ ਦੇ ਜਾਰੋ-ਜਾਰ ਰੋਣ ਦੀ ਆਵਾਜ਼ ਆਈ। ਉਸ ਨੂੰ ਆਪਣੇ ਕੀਤੇ ਜ਼ੁਲਮ ਦਾ ਬਹੁਤ ਅਫ਼ਸੋਸ ਸੀ।
ਇਹ ਸੁਣ ਕੇ ਅਤੇ ਦੇਖ ਕੇ ਵਿਨੋਦ ਦਾ ਦਿਲ ਇਕਦਮ ਬਦਲ ਗਿਆ। ਉਸ ਦੇ ਦਿਲ ਵਿੱਚ ਇਹ ਆਇਆ ਬਦਲਾਅ ਆਪ ਮੁਹਾਰਾ ਹੀ ਸੀ। ਉਸ ਨੂੰ ਪਤਾ ਲੱਗ ਗਿਆ ਕਿ ਉਸ ਦੇ ਪਿਓ ਦਾ ਕਤਲ ਕਿਸੇ ਮਾੜੀ ਭਾਵਨਾ ਨਾਲ ਨਹੀਂ ਸੀ ਕੀਤਾ ਗਿਆ ਬਲਕਿ ਉਹ ਤਾਂ ਇੱਕ ਦੁਰਘਟਨਾ ਹੀ ਕਹੀ ਜਾ ਸਕਦੀ ਸੀ। ਉਹ ਤਾਂ ਵਕਤੀ ਤੌਰ ’ਤੇ ਆਏ ਗੁੱਸੇ ਅਤੇ ਬਹਿਸ ਦਾ ਨਤੀਜਾ ਸੀ। ਇਹ ਤਾਂ ਕਿਸੇ ਨਾਲ ਵੀ ਵਾਪਰ ਸਕਦਾ ਹੈ। ਵਿਨੋਦ ਨੇ ਆਪਣੇ ਅਸਲਮ ਅੰਕਲ ਨੂੰ ਦਿਲੋਂ ਮੁਆਫ਼ ਕਰ ਦਿੱਤਾ। ਉਹ ਚੁੱਪ-ਚਾਪ ਘਰ ਵਾਪਿਸ ਆ ਗਿਆ। ਇਸ ਤੋਂ ਬਾਅਦ ਉਸ ਦੇ ਅੰਦਰ ਸ਼ਾਂਤੀ ਦੀ ਲਹਿਰ ਜਿਹੀ ਦੌੜ ਗਈ।
ਜ਼ਿੰਦਗੀ ਕਦੇ ਵੀ ਇੱਕ ਸਾਰ ਨਹੀਂ ਚੱਲਦੀ। ਇਸ ਵਿੱਚ ਕਈ ਤਰ੍ਹਾਂ ਦੇ ਮੋੜ ਅਤੇ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਜੇਲ੍ਹ ਤੋਂ ਰਿਹਾਅ ਹੋਣ ਤੋਂ ਕੁੱਝ ਦੇਰ ਬਾਅਦ ਹੀ ਅਸਲਮ ਬਿਮਾਰ ਹੋ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਕੈਂਸਰ ਹੈ ਅਤੇ ਉਹ ਕੁੱਝ ਦਿਨਾਂ ਦਾ ਹੀ ਮਹਿਮਾਨ ਵੀ। ਅਸਲਮ ਨੂੰ ਆਪਣੇ ਬਾਰੇ ਤਾਂ ਐਨਾ ਫਿਕਰ ਨਹੀਂ ਸੀ, ਪਰ ਉਸ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਸ ਤੋਂ ਬਾਅਦ ਵਸੀਮ ਦਾ ਕੀ ਬਣੇਗਾ। ਉਸ ਨੇ ਇਹ ਗੱਲ ਆਪਣੇ ਕਰੀਬੀ ਮਿੱਤਰਾਂ ਨਾਲ ਸਾਂਝੀ ਕੀਤੀ ਅਤੇ ਵਿਨੋਦ ਨਾਲ ਵੀ।
ਵਿਨੋਦ ਨੇ ਅਸਲਮ ਅੰਕਲ ਦੀ ਸਮੱਸਿਆ ਸਬੰਧੀ ਆਪਣੀ ਪਤਨੀ ਕਿਰਨ ਨਾਲ ਗੱਲ ਕੀਤੀ। ਉਸ ਦੀ ਰਜ਼ਾਮੰਦੀ ਅਤੇ ਅਸਲਮ ਅੰਕਲ ਦੀ ਇੱਛਾ ਮੁਤਾਬਿਕ, ਵਿਨੋਦ ਨੇ ਕਾਨੂੰਨੀ ਤੌਰ ’ਤੇ ਵਸੀਮ ਨੂੰ ਗੋਦ ਲੈ ਲਿਆ। ਕਿਰਨ ਖ਼ੁਸ਼ ਸੀ ਕਿ ਉਸ ਨੂੰ ਬੱਚਾ ਮਿਲ ਗਿਆ। ਅਸਲਮ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਸਨ। ਜਦੋਂ ਉਹ ਆਪਣੀਆਂ ਆਖਰੀ ਘੜੀਆਂ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਉਸ ਨੇ ਕਿਹਾ, “ਹੁਣ ਮੈਂ ਸ਼ਾਂਤੀ ਨਾਲ ਮਰ ਸਕਾਂਗਾ। ਮੈਂ ਜੰਨਤ ਵਿੱਚ ਆਪਣੇ ਦੋਸਤ ਸ਼ਮਸ਼ੇਰ ਨੂੰ ਮਿਲਾਂਗਾ ਅਤੇ ਉਸ ਤੋਂ ਇਸ ਧਰਤੀ ’ਤੇ ਕੀਤੀ ਗਈ ਗ਼ਲਤੀ ਦੀ ਮੁਆਫ਼ੀ ਮੰਗਾਂਗਾ।’’ ਇਹ ਕਹਿੰਦੇ ਹੋਏ ਉਸ ਨੇ ਆਖਰੀ ਸਾਹ ਲਿਆ ਅਤੇ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਿਆ।
ਅਖ਼ਬਾਰਾਂ ਵਿੱਚ ਜਿੱਥੇ ਅਸਲਮ ਦੇ ਫ਼ੌਤ ਹੋਣ ਦੀਆਂ ਖ਼ਬਰਾਂ ਛਪੀਆਂ ਉੱਥੇ ਹੀ ਇੱਕ ਹਿੰਦੂ ਪਰਿਵਾਰ ਵੱਲੋਂ ਮੁਸਲਿਮ ਬੱਚੇ ਨੂੰ ਗੋਦ ਲੈਣ ਦੀ ਤਾਰੀਫ਼ ਵੀ ਕੀਤੀ ਗਈ। ਇਸ ਦੇ ਨਾਲ ਹੀ ਸਾਰਿਆਂ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਸ਼ਮਸ਼ੇਰ ਦੇ ਕਤਲ ਦੀ ਦੁਖਦਾਈ ਘਟਨਾ ਸਿਰਫ਼ ਇੱਕ ਹਾਦਸਾ ਹੀ ਸੀ, ਇਸ ਪਿੱਛੇ ਅਸਲਮ ਦੀ ਕੋਈ ਮਾੜੀ ਭਾਵਨਾ ਨਹੀਂ ਸੀ ਕੰਮ ਕਰ ਰਹੀ।
ਵਿਨੋਦ ਦੇ ਪਰਿਵਾਰ ਲਈ ਜ਼ਿੰਦਗੀ ਇੱਕ ਬਾਰ ਫਿਰ ਲੀਹ ’ਤੇ ਆ ਗਈ। ਹੁਣ ਵਿਨੋਦ ਅਤੇ ਕਿਰਨ ਲਈ ਵਸੀਮ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਅਤੇ ਉਸ ਦਾ ਵਧੀਆ ਢੰਗ ਨਾਲ ਪਾਲਣ-ਪੋਸ਼ਣ ਕਰਨਾ ਇੱਕ ਪਵਿੱਤਰ ਫਰਜ਼ ਬਣ ਗਿਆ ਸੀ। ਉਹ ਦੋਵੇਂ ਆਪਣਾ ਇਹ ਫਰਜ਼ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਅ ਰਹੇ ਸਨ। ਉਨ੍ਹਾਂ ਦੀ ਹਰ ਸਮੇਂ ਇਹੋ ਇੱਛਾ ਰਹਿੰਦੀ ਕਿ ਉਹ ਆਪਣੇ ਪੁੱਤਰ ਨੂੰ ਦੁਨੀਆ ਦਾ ਹਰ ਆਰਾਮ ਦੇਣ। ਉਨ੍ਹਾਂ ਦੋਹਾਂ ਨੇ ਇਹ ਫ਼ੈਸਲਾ ਵੀ ਕੀਤਾ ਕਿ ਵਸੀਮ ਨੂੰ ਕਾਰੋਬਾਰ ਤੋਂ ਦੂਰ ਹੀ ਰੱਖਿਆ ਜਾਵੇ। ਉਨ੍ਹਾਂ ਦੀ ਇੱਛਾ ਸੀ ਕਿ ਉਹ ਚੰਗੀ ਤਰ੍ਹਾਂ ਪੜ੍ਹੇ ਅਤੇ ਕਿਸੇ ਵਧੀਆ ਅਤੇ ਉੱਚੀ ਨੌਕਰੀ ’ਤੇ ਲੱਗੇ।
ਵਿਨੋਦ ਅਤੇ ਕਿਰਨ ਨੇ ਵਸੀਮ ’ਤੇ ਬਹੁਤੀਆਂ ਰੋਕਾਂ-ਟੋਕਾਂ ਨਾ ਲਾਈਆਂ। ਧਰਮ ਦੇ ਮਾਮਲੇ ਵਿੱਚ ਉਹ ਬਹੁਤ ਹੀ ਖੁੱਲ੍ਹੇ ਵਿਚਾਰਾਂ ਵਾਲੇ ਸਨ। ਇਸ ਪੱਖੋਂ ਉਨ੍ਹਾਂ ਨੇ ਵਸੀਮ ਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਸੀ। ਉਹ ਤਾਂ ਸਗੋਂ ਉਸ ਨੂੰ ਇਸਲਾਮ ਧਰਮ ਦੇ ਰਿਤੀ-ਰਿਵਾਜ ਨੂੰ ਅਪਣਾਉਣ ਲਈ ਕਹਿੰਦੇ ਤਾਂ ਜੋ ਉਨ੍ਹਾਂ ’ਤੇ ਕੋਈ ਇਹ ਇਲਜ਼ਾਮ ਨਾ ਲਾ ਦੇਵੇ ਕਿ ਹਿੰਦੂ ਮਾਪੇ ਆਪਣੇ ਗੋਦ ਲਏ ਮੁਸਲਿਮ ਬੱਚੇ ਨੂੰ ਉਸ ਦੇ ਧਰਮ ਤੋਂ ਦੂਰ ਕਰ ਰਹੇ ਹਨ। ਵਿਨੋਦ ਅਤੇ ਕਿਰਨ ਦੀ ਇਸ ਗੱਲ ਤੋਂ ਸਾਰੇ ਵਡਿਆਈ ਕਰਦੇ ਕਿ ਧਰਮ ਸਬੰਧੀ ਉਹ ਦੋਵੇਂ ਹੀ ਕੱਟੜ ਨਹੀਂ ਸਨ।
ਵਸੀਮ ਜਿਵੇਂ-ਜਿਵੇਂ ਵੱਡਾ ਹੋ ਰਿਹਾ ਸੀ, ਉਹ ਇੱਕ ਹੋਣਹਾਰ ਨੌਜਵਾਨ ਦੇ ਤੌਰ ’ਤੇ ਸਾਹਮਣੇ ਆ ਰਿਹਾ ਸੀ। ਉਹ ਸ਼ਾਨਦਾਰ ਮਾਪਿਆਂ ਦਾ ਸ਼ਾਨਦਾਰ ਪੁੱਤਰ ਸੀ। ਸਕੂਲ ਦੀ ਪੜ੍ਹਾਈ ਤੋਂ ਬਾਅਦ ਉਸ ਨੇ ਕਾਲਜ ਵਿੱਚ ਦਾਖਲਾ ਲੈ ਲਿਆ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਆਪਣੀ ਜਮਾਤ ਵਿੱਚੋਂ ਪਹਿਲੇ ਸਥਾਨ ’ਤੇ ਹੀ ਆਉਂਦਾ। ਅੱਲ੍ਹਾ ਦੀ ਮਿਹਰ ਸਦਕਾ ਉਹ ਬਹੁਤ ਹੀ ਸੋਹਣਾ-ਸੁਨੱਖਾ ਅਤੇ ਧਾਰਮਿਕ ਵਿਚਾਰਾਂ ਵਾਲਾ ਨੌਜਵਾਨ ਸੀ, ਪਰ ਆਪਣੇ ਪਾਲਕ ਮਾਤਾ-ਪਿਤਾ ਦੀ ਤਰ੍ਹਾਂ ਉਹ ਵੀ ਧਰਮ ਪੱਖੋਂ ਕੱਟੜ ਨਹੀਂ ਸੀ। ਉਹ ਦਿਲੋਂ ਇਸਲਾਮਿਕ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦਾ, ਆਪਣੇ ਧਰਮ ਦੇ ਵਿਚਾਰਾਂ ਮੁਤਾਬਿਕ ਮਸਜਿਦ ਜਾਂਦਾ ਅਤੇ ਬਾਕੀ ਰਸਮਾਂ ਦਾ ਪਾਲਣ ਵੀ ਕਰਦਾ। ਇਸ ਦੇ ਨਾਲ ਹੀ ਉਹ ਮੰਦਰ ਵੀ ਜਾਂਦਾ ਅਤੇ ਭਗਵਾਨ ਅੱਗੇ ਸਿਰ ਵੀ ਝੁਕਾਉਂਦਾ। ਉਹ ਇਸ ਵਿਚਾਰ ਦਾ ਪੱਕਾ ਹਾਮੀ ਸੀ ਕਿ ਰੱਬ ਇੱਕ ਹੀ ਹੈ, ਉਸ ਨੂੰ ਭਾਵੇਂ ਭਗਵਾਨ ਕਹੋ ਜਾਂ ਅੱਲ੍ਹਾ ਅਤੇ ਜਾਂ ਹੋਰ ਕਿਸੇ ਨਾਂ ਨਾਲ ਯਾਦ ਕਰੋ। ਉਹ ਇੱਕ ਆਦਰਸ਼ਕ ਨੌਜਵਾਨ ਸੀ, ਜਿਸ ਨੂੰ ਸਾਰੇ ਹੀ ਪਿਆਰ ਕਰਦੇ ਸਨ।
ਵਿਨੋਦ ਅਤੇ ਉਸ ਦੀ ਪਤਨੀ ਨੂੰ ਆਪਣੇ ਗੋਦ ਲਏ ਬੱਚੇ ’ਤੇ ਬਹੁਤ ਫ਼ਖ਼ਰ ਸੀ। ਉਹ ਹਮੇਸ਼ਾਂ ਉਸ ਲਈ ਕੁੱਝ ਵੀ ਕਰਨ ਨੂੰ ਤਿਆਰ ਰਹਿੰਦੇ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਕਿ ਉਸ ਦੀ ਛੋਟੀ ਜਾਂ ਵੱਡੀ ਹਰ ਜਾਇਜ਼ ਮੰਗ ਪੂਰੀ ਕੀਤੀ ਜਾਵੇ। ਜੇ ਕਿਤੇ ਉਹ ਬਿਮਾਰ ਹੋ ਜਾਂਦਾ ਤਾਂ ਕਿਰਨ ਸਾਰੀ-ਸਾਰੀ ਰਾਤ ਉਸ ਦੇ ਸਿਰਹਾਣੇ ਬੈਠੀ ਰਹਿੰਦੀ ਅਤੇ ਉਸ ਦੇ ਠੀਕ ਹੋਣ ਦੀਆਂ ਅਰਦਾਸਾਂ ਕਰਦੀ। ਵਿਨੋਦ ਵੀ ਉਸ ਦੀ ਸਿਹਤ ਅਤੇ ਤੰਦਰੁਸਤੀ ਲਈ ਫ਼ਿਕਰਮੰਦ ਰਹਿੰਦਾ। ਵਸੀਮ ਪ੍ਰਤੀ ਦੋਵਾਂ ਦਾ ਲਗਾਅ ਅਤੇ ਪਿਆਰ ਦੇਖ ਕੇ ਕੋਈ ਇਹ ਅੰਦਾਜ਼ਾ ਨਹੀਂ ਸੀ ਲਾ ਸਕਦਾ ਕਿ ਵਸੀਮ ਉਨ੍ਹਾਂ ਦਾ ਗੋਦ ਲਿਆ ਪੁੱਤਰ ਹੈ। ਇਹੀ ਉਨ੍ਹਾਂ ਦੇ ਆਪਸੀ ਰਿਸ਼ਤੇ ਦੀ ਖ਼ੂਬਸੂਰਤੀ ਸੀ।
ਵਸੀਮ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ। ਉਹ ਇੱਕ ਆਗਿਆਕਾਰੀ ਬੱਚੇ ਦੀ ਤਰ੍ਹਾਂ ਉਨ੍ਹਾਂ ਦੋਵਾਂ ਦਾ ਬਹੁਤ ਸਤਿਕਾਰ ਕਰਦਾ। ਉਹ, ਉਨ੍ਹਾਂ ਨੂੰ ਕਹਿੰਦਾ ਰਹਿੰਦਾ ਕਿ ਉਸ ਬਾਰੇ ਐਵੇਂ ਹੀ ਫ਼ਿਕਰਮੰਦ ਰਹਿ ਕੇ ਕਿਤੇ ਆਪ ਹੀ ਬਿਮਾਰ ਨਾ ਹੋ ਜਾਣ। ਉਹ ਕਈ ਬਾਰ ਸੋਚਦਾ ਕਿ ਜੇ ਉ ਸਦੇ ਅੱਬਾ ਅਤੇ ਅੰਮੀ ਜਿਊਂਦੇ ਹੁੰਦੇ ਤਾਂ ਸ਼ਾਇਦ ਉਸ ਦਾ ਐਨਾ ਧਿਆਨ ਨਾ ਰੱਖਦੇ। ਵਸੀਮ ਆਪਣੇ ਮਾਤਾ-ਪਿਤਾ ਦੀ ਵਧਦੀ ਉਮਰ ਕਰਕੇ ਉਨ੍ਹਾਂ ਦੀ ਹਰ ਗੱਲ ਮੰਨਦਾ ਅਤੇ ਉਨ੍ਹਾਂ ਦਾ ਧਿਆਨ ਰੱਖਦਾ। ਦੋਵਾਂ ਵਿੱਚੋਂ ਕੋਈ ਵੀ ਜੇ ਢਿੱਲਾ-ਮੱਠਾ ਹੁੰਦਾ ਤਾ ਆਪ ਉਨ੍ਹਾਂ ਨੂੰ ਡਾਕਟਰ ਦੇ ਲੈ ਕੇ ਜਾਂਦਾ ਅਤੇ ਉਨ੍ਹਾਂ ਦੀ ਦਵਾਈ ਦਾ ਧਿਆਨ ਰੱਖਦਾ। ਉਹ ਵੀ ਚਾਹੁੰਦਾ ਸੀ ਕਿ ਉਨ੍ਹਾਂ ਦੋਵਾਂ ਨੂੰ ਦੁਨੀਆ ਦੀ ਹਰ ਸਹੂਲਤ ਦੇਵੇ ਕਿਉਂਕਿ ਉਹ ਇਹ ਜਾਣਦਾ ਸੀ ਉਸ ਦੀ ਭਲਾਈ ਲਈ ਦੋਵਾਂ ਨੇ ਆਪ ਬਹੁਤ ਕੁਰਬਾਨੀਆਂ ਕੀਤੀਆਂ ਹਨ। ਉਹ ਤਿੰਨੋਂ ਹੀ, ਮਾਤਾ-ਪਿਤਾ ਅਤੇ ਬੱਚੇ ਦੇ ਆਪਸੀ ਪਿਆਰ ਦੀ ਇੱਕ ਵਧੀਆ ਉਦਾਹਰਨ ਸਨ। ਦੇਖਣ ਵਾਲੇ ਉਨ੍ਹਾਂ ਦੇ ਆਪਸੀ ਪਿਆਰ ਦੀ ਬਹੁਤ ਪ੍ਰਸੰਸਾ ਕਰਦੇ। ਉਨ੍ਹਾਂ ਤਿੰਨਾਂ ਨੇ ਦੁਨੀਆ ਨੂੰ ਇਹ ਦਿਖਾ ਦਿੱਤਾ ਸੀ ਕਿ ਧਰਮ ਦਾ ਕੰਮ ਲੋਕਾਂ ਨੂੰ ਜੋੜਨਾ ਹੈ, ਤੋੜਨਾ ਨਹੀਂ ਅਤੇ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ। ਧਾਰਮਿਕ ਸਹਿਣਸ਼ੀਲਤਾ ਦੀ ਜਦੋਂ ਵੀ ਗੱਲ ਚੱਲਦੀ ਤਾਂ ਵਿਨੋਦ ਦੇ ਪਰਿਵਾਰ ਦੀ ਮਿਸਾਲ ਦਿੱਤੀ ਜਾਂਦੀ।
ਸਮਾਂ ਹਮੇਸ਼ਾਂ ਚੱਲਦਾ ਰਹਿੰਦਾ ਹੈ। ਜਦੋਂ ਤਾਂ ਇਨਸਾਨ ਦੀ ਜ਼ਿੰਦਗੀ ਗੁਲਾਬ ਦੇ ਫੁੱਲ ਦੀ ਤਰ੍ਹਾਂ ਖਿੜੀ ਹੋਵੇ, ਖ਼ੁਸ਼ੀਆਂ ਅਤੇ ਖੇੜਿਆਂ ਭਰਪੂਰ ਹੋਵੇ ਤਾਂ ਸਮਾਂ ਉੱਡਦਾ ਜਾਂਦਾ ਹੈ। ਵਿਨੋਦ ਅਤੇ ਉਸ ਦੇ ਪਰਿਵਾਰ ਦੀ ਕਿਸ਼ਤੀ ਵੀ ਬੜੇ ਆਰਾਮ ਨਾਲ ਚੱਲ ਰਹੀ ਸੀ। ਵਸੀਮ ਨੇ ਕਾਲਜ ਦੀ ਪੜ੍ਹਾਈ ਖ਼ਤਮ ਕਰਕੇ ਯੂਨੀਵਰਸਿਟੀ ਦੀ ਪੜ੍ਹਾਈ ਵਧੀਆ ਨੰਬਰਾਂ ਵਿੱਚ ਪਾਸ ਕਰ ਲਈ ਸੀ, ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਿਆ, ਜਿਵੇਂ ਇਹ ਸਭ ਕੁੱਝ ਅੱਖ ਝਪਕਦੇ ਹੀ ਹੋ ਗਿਆ ਹੋਵੇ। ਉਸ ਨੇ ਪਹਿਲੀ ਵਾਰੀ ’ਚ ਹੀ ਆਈਏਐੱਸ ਲਈ ਟੈਸਟ ਪਾਸ ਕਰ ਲਿਆ, ਉਹ ਵੀ ਸਾਰੇ ਦੇਸ਼ ਵਿੱਚੋਂ ਤੀਜੇ ਸਥਾਨ ’ਤੇ ਰਹਿ ਕੇ।
ਮੁੱਢਲੀ ਸਿਖਲਾਈ ਤੋਂ ਬਾਅਦ ਉਹ ਡੀਸੀ ਦੇ ਅਹੁਦੇ ’ਤੇ ਲੱਗ ਗਿਆ। ਵਸੀਮ ਖ਼ੁਸ਼ ਸੀ ਕਿ ਉਸ ਨੇ ਆਪਣੇ ਮਾਤਾ-ਪਿਤਾ ਦਾ ਨਾਂ ਉੱਚਾ ਕੀਤਾ ਹੈ। ਵਿਨੋਦ ਅਤੇ ਕਿਰਨ ਦੇ ਖ਼ੁਸ਼ੀ ਵਿੱਚ ਪੈਰ ਜ਼ਮੀਨ ’ਤੇ ਨਹੀਂ ਸੀ ਟਿਕ ਰਹੇ ਕਿ ਵਸੀਮ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਨੌਕਰੀ ਹੀ ਇੱਕ ਵੱਡੇ ਅਹੁਦੇ ਤੋਂ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰ ਕੀਤਾ ਜਿਸ ਨੇ ਉਨ੍ਹਾਂ ਨੂੰ ਅਜਿਹੇ ਭਾਗਾਂ ਵਾਲੇ ਦਿਨ ਦਿਖਾਏ ਅਤੇ ਉਨ੍ਹਾਂ ਦੇ ਗੋਦ ਲਏ ਬੱਚੇ ਦੇ ਸਿਰ ’ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ।
ਉਨ੍ਹਾਂ ਦੇ ਜਾਣ-ਪਹਿਚਾਣ ਵਾਲੇ ਅਤੇ ਸ਼ਹਿਰ ਦੇ ਹੋਰ ਕਈ ਲੋਕ ਵੀ ਵਿਨੋਦ, ਕਿਰਨ ਅਤੇ ਵਸੀਮ ਨੂੰ ਮੁਬਾਰਕਾਂ ਦੇਣ ਆਏ। ਅਸਲ ਵਿੱਚ ਸ਼ਹਿਰ ਦੇ ਲੋਕ ਇਸ ਗੱਲ ਦਾ ਮਾਣ ਮਹਿਸੂਸ ਕਰ ਰਹੇ ਸਨ ਕਿ ਉਨ੍ਹਾਂ ਦੇ ਸ਼ਹਿਰ ਦਾ ਇੱਕ ਲੜਕਾ ਇਸ ਉੱਚੇ ਰੁਤਬੇ ’ਤੇ ਪਹੁੰਚਿਆ। ਵਿਨੋਦ ਦਾ ਸਾਰਾ ਪਰਿਵਾਰ ਆਪਣੇ-ਆਪ ਨੂੰ ਕਿਸੇ ਵੱਖਰੀ ਹੀ ਦੁਨੀਆ ਵਿੱਚ ਪਹੁੰਚਿਆ ਮਹਿਸੂਸ ਕਰ ਰਿਹਾ ਸੀ। ਉਹ ਖ਼ੁਸ਼ੀ-ਖ਼ੁਸ਼ੀ ਆਉਣ ਵਾਲਿਆਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਕਬੂਲ ਕਰਦੇ। ਵਿਨੋਦ ਸੋਚ ਰਿਹਾ ਸੀ ਕਿ ਪਰਮਾਤਮਾ ਨੇ ਹੀ ਉਸ ਨੂੰ ਅਸਲਮ ਅੰਕਲ ਤੋਂ ਬਦਲਾ ਲੈਣ ਦੀ ਭੈੜੀ ਭਾਵਨਾ ਤੋਂ ਦੂਰ ਕੀਤਾ ਸੀ, ਇਸੇ ਲਈ ਅੱਜ ਦਾ ਦਿਨ ਦੇਖਣਾ ਨਸੀਬ ਹੋਇਆ ਹੈ। ਕਿਰਨ ਸੋਚ ਰਹੀ ਸੀ ਕਿ ਉੱਪਰ ਵਾਲੇ ਨੇ ਭਾਵੇਂ ਉਸ ਦੀ ਕੁੱਖ ਹਰੀ ਨਹੀਂ ਸੀ ਕੀਤੀ, ਪਰ ਉਸ ਨੂੰ ਵਸੀਮ ਦੇ ਰੂਪ ਵਿੱਚ ਇੱਕ ਹੋਣਹਾਰ ਬੱਚੇ ਨੂੰ ਪਾਲਣ ਦਾ ਮੌਕਾ ਦੇ ਕੇ ਉਸ ਦਾ ਮਾਂ ਬਣਨ ਦਾ ਸੁਪਨਾ ਸਾਕਾਰ ਕੀਤਾ ਸੀ। ਵਸੀਮ, ਅੱਲ੍ਹਾ ਤਾਲਾ ਨੂੰ ਦੁਆ ਕਰ ਰਿਹਾ ਸੀ ਭਾਵੇਂ ਉਸ ਨੂੰ ਬਚਪਨ ਵਿੱਚ ਹੀ ਆਪਣੇ ਜਨਮ ਦੇਣ ਵਾਲੇ ਅੱਬਾ-ਅੰਮੀ ਦੇ ਪਿਆਰ ਤੋਂ ਮਹਿਰੂਮ ਹੋਣਾ ਪਿਆ ਸੀ, ਪਰ ਇੱਕ ਗ਼ੈਰ ਮਹਜ਼ਬ ਦੇ ਦੋ ਦਰਵੇਸ਼ਾਂ ਨੇ ਉਨ੍ਹਾਂ ਦੀ ਘਾਟ ਦੀ ਪੂਰਤੀ ਹੀ ਨਹੀਂ ਕੀਤੀ ਸਗੋਂ ਆਪਣੇ ਸੁੱਖਾਂ ਦਾ ਤਿਆਗ ਕਰਕੇ ਉਸ ਨੂੰ ਇਸ ਮੁਕਾਮ ’ਤੇ ਪਹੁੰਚਾਇਆ। ਅੱਲ੍ਹਾ, ਇਨ੍ਹਾਂ ਦੋਹਾਂ ਦਾ ਹੱਥ ਹਮੇਸ਼ਾਂ ਮੇਰੇ ਸਿਰ ’ਤੇ ਰੱਖੇ। ਉਸ ਨੇ ਅਖ਼ਬਾਰਾਂ ਵਾਲਿਆਂ ਨੂੰ ਇੰਟਰਵਿਊ ਦਿੰਦੇ ਇਹੋ ਹੀ ਕਿਹਾ ਕਿ ਕਿਸੇ ਬੱਚੇ ਦੀ ਜ਼ਿੰਦਗੀ ਨੂੰ ਸੁਧਾਰਨ ਲਈ ਸ਼ਾਇਦ ਜਨਮ ਦੇਣ ਵਾਲੇ ਮਾਂ-ਪਿਉ ਵੀ ਇਹ ਕੁੱਝ ਨਹੀਂ ਸੀ ਕਰ ਸਕਦੇ ਜੋ ਮੇਰੇ ਲਈ ਇਸ ਮਾਤਾ-ਪਿਤਾ ਨੇ ਕੀਤਾ ਹੈ। ਇਹ ਕਹਿੰਦੇ ਹੋਏ ਉਸ ਦੀ ਆਵਾਜ਼ ਭਾਰੀ ਹੋ ਗਈ, ਉਸ ਤੋਂ ਹੋਰ ਬੋਲਿਆਂ ਨਾ ਗਿਆ ਅਤੇ ਉਹ ਦੋਹਾਂ ਦੇ ਪੈਰਾਂ ਵਿੱਚ ਗਿਰ ਗਿਆ।
ਜਦੋਂ ਪੱਤਰਕਾਰਾਂ ਨੇ ਵਿਨੋਦ ਅਤੇ ਕਿਰਨ ਨਾਲ ਗੱਲ ਕੀਤੀ ਤਾਂ ਦੋਵੇਂ ਬਾਰ-ਬਾਰ ਇੱਕ ਹੀ ਗੱਲ ਕਹਿ ਰਹੇ ਸੀ ਕਿ ਸਾਨੂੰ ਆਪਣੇ ਇਸ ਪੁੱਤਰ ’ਤੇ ਮਾਣ ਹੈ। ਰੱਬ ਇਹੋ ਜਿਹਾ ਪੁੱਤਰ ਸਭ ਨੂੰ ਦੇਵੇ। ਜਦੋਂ ਇੱਕ ਪੱਤਰਕਾਰ ਨੇ ਕਿਰਨ ਤੋਂ ਪੁੱਛਿਆ ਕਿ ਦੂਜੇ ਧਰਮ ਦੇ ਬੱਚੇ ਨੂੰ ਪਾਲਣ ਵੇਲੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੋਈ, ਤਾਂ ਉਸ ਨੇ ਗੁੱਸੇ ਨਾਲ ਉਸ ਪੱਤਰਕਾਰ ਵੱਲ ਦੇਖ ਕੇ ਕਿਹਾ, “ਇਹ ਕਿਹੋ ਜਿਹਾ ਸਵਾਲ ਹੈ? ਮਾਂ ਅਤੇ ਬੱਚੇ ਵਿਚਕਾਰ ਧਰਮ ਦਾ ਰਿਸ਼ਤਾ ਕਿੱਥੋਂ ਆ ਗਿਆ? ਦੁਨੀਆ ਦੀ ਹਰ ਔਰਤ ਦਾ ਅਸਲੀ ਧਰਮ ਬੱਚੇ ਦਾ ਚੰਗਾ ਪਾਲਣ ਪੋਸ਼ਣ ਕਰਨਾ ਹੁੰਦਾ ਹੈ। ਇਹ ਅਖੌਤੀ ਧਰਮ ਅਸੀਂ ਬਣਾਏ ਹਨ ਜਦੋਂ ਕਿ ਮਾਂ ਅਤੇ ਬੱਚੇ ਦਾ ਪਿਆਰ ਕੁਦਰਤੀ ਭਾਵਨਾ ਹੈ।’’ ਇਹ ਕਹਿੰਦੇ ਹੋਏ ਉਸ ਨੇ ਕੋਲ ਖੜ੍ਹੇ ਵਸੀਮ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ।
ਈਮੇਲ: ravindersidhi51@gmail.com