ਹਾਕੀ: ਬਰਤਾਨੀਆ ਅੱਗੇ ਕੰਧ ਬਣ ਕੇ ਡਟਿਆ ਸ੍ਰੀਜੇਸ਼
ਪੈਰਿਸ, 4 ਅਗਸਤ
ਭਾਰਤ ਦੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿਚ ਅੱਜ ਗ੍ਰੇਟ ਬ੍ਰਿਟੇਨ ਨੂੰ ਸ਼ੂਟ-ਆੳੂਟ ਵਿਚ 4-2 ਨਾਲ ਹਰਾ ਕੇ ਸੈਮੀ ਫਾਈਨਲ ਵਿਚ ਪਹੁੰਚ ਗਈ ਹੈ। ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼, ਜੋ ਆਪਣਾ ਆਖਰੀ ਓਲੰਪਿਕ ਖੇਡ ਰਿਹਾ ਹੈ, ਭਾਰਤ ਦੀ ਜਿੱਤ ਦਾ ਨਾਇਕ ਰਿਹਾ ਤੇ ਭਾਰਤੀ ਗੋਲ ਪੋਸਟ ਅੱਗੇ ‘ਕੰਧ’ ਬਣ ਕੇ ਡਟਿਆ ਰਿਹਾ। ਸ੍ਰੀਜੇਸ਼ ਨੇ ਨਾ ਸਿਰਫ਼ ਸ਼ੂਟ-ਆੳੂਟ ਦੌਰਾਨ ਬਲਕਿ ਮੈਚ ਦੌਰਾਨ ਕਈ ਮੌਕਿਆਂ ’ਤੇ ਬਰਤਾਨਵੀ ਟੀਮ ਦੇ ਹੱਲਿਆਂ ਨੂੰ ਨਾਕਾਮ ਕੀਤਾ। ਬਰਤਾਨਵੀ ਟੀਮ ਨੇ ਪੂਰੇ ਮੈਚ ਦੌਰਾਨ 28 ਵਾਰ ਭਾਰਤੀ ਗੋਲ ’ਤੇ ਹਮਲਾ ਕੀਤਾ ਤੇ ਮਹਿਜ਼ ਇਕ ਵਾਰ ੳੁਸ ਨੂੰ ਸਫਲਤਾ ਮਿਲੀ। ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ 1-1 ਦੇ ਸਕੋਰ ਨਾਲ ਬਰਾਬਰ ਰਹੀਆਂ ਤੇ ਮੁਕਾਬਲਾ ਸ਼ੂਟ-ਆੳੂਟ ਤੱਕ ਗਿਆ।
ਸ਼ੂਟ-ਆੳੂਟ ਵਿਚ ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਲਲਿਤ ਉਪਾਧਿਆਏ ਤੇ ਰਾਜਕੁਮਾਰ ਪਾਲ ਨੇ ਗੋਲ ਕੀਤੇ ਜਦੋਂਕਿ ਇੰਗਲੈਂਡ ਲਈ ਜੇਮਜ਼ ਅੈਲਬਰੇ ਤੇ ਜ਼ੈਕ ਵਾਲੇਸ ਹੀ ਗੋਲ ਕਰ ਸਕੇ। ਕੋਨੋਰ ਵਿਲੀਅਮਸਨ ਦਾ ਨਿਸ਼ਾਨਾ ਖੁੰਝਿਆ ਤੇ ਫਿਲਿਪ ਰੋਪਰ ਦੇ ਸ਼ਾਟ ਨੂੰ ਸ੍ਰੀਜੇਸ਼ ਨੇ ਬਚਾਇਆ। ਭਾਰਤ ਨੇ ਇਹ ਅਹਿਮ ਜਿੱਤ ਅਜਿਹੇ ਮੌਕੇ ਦਰਜ ਕੀਤੀ, ਜਦੋਂ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਆਪਣੇ ਅਹਿਮ ਡਿਫੈਂਡਰ ਤੇ ਪਹਿਲੇ ਰਸ਼ਰ ਅਮਿਤ ਰੋਹੀਦਾਸ ਨੂੰ ਰੈਫਰੀ ਵੱਲੋਂ ਰੈੱਡ ਕਾਰਡ ਦਿਖਾਏ ਜਾਣ ਕਰਕੇ 80 ਫੀਸਦ ਮੈਚ ਦਸ ਖਿਡਾਰੀਆਂ ਨਾਲ ਖੇਡੀ। ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿਚ ਵੀ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਆਖਰੀ ਚਾਰ ਵਿਚ ਥਾਂ ਬਣਾਈ ਸੀ। ਭਾਰਤ ਹੁਣ 6 ਅਗਸਤ ਨੂੰ ਸੈਮੀ ਫਾਈਨਲ ਮੁਕਾਬਲਾ ਖੇਡੇਗਾ।
ਸ੍ਰੀਜੇਸ਼ ਟੋਕੀਓ ਵਿਚ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ਵਿਚ ਵੀ ਜਰਮਨੀ ਖਿਲਾਫ਼ ਭਾਰਤ ਦੀ ਕੰਧ ਸਾਬਤ ਹੋਇਆ ਸੀ ਤੇ ਉਸ ਨੇ ਪੈਰਿਸ ਓਲੰਪਿਕ ਦੇ ਹੁਣ ਤੱਕ ਦੇ ਸਭ ਤੋਂ ਔਖੇ ਮੁਕਾਬਲੇ ਵਿਚ ਕਸੌਟੀ ’ਤੇ ਖਰਾ ਉਤਰ ਕੇ ਦਿਖਾਇਆ। ਮੈਚ ਦੇ ਨਿਰਧਾਰਿਤ ਸਮੇਂ ਦੌਰਾਨ ਹਰਮਨਪ੍ਰੀਤ ਨੇ 22ਵੇਂ ਤੇ ਲੀ ਮੋਰਟਨ ਨੇ 27ਵੇਂ ਮਿੰਟ ਵਿਚ ਗੋਲ ਕੀਤੇ ਸਨ। ਰੋਹੀਦਾਸ ਨੂੰ ਮਿਲੇ ਰੈੱਡ ਕਾਰਡ ਦਾ ਫਾਇਦਾ ਲੈਂਦੇ ਹੋਏ ਬਰਤਾਨਵੀ ਟੀਮ ਨੇ 19ਵੇਂ ਮਿੰਟ ਵਿਚ ਪੈਨਲਟੀ ਕਾਰਨਰ ਬਣਾਇਆ, ਪਰ ਟੀਮ ਗੋਲ ਨਹੀਂ ਕਰ ਸਕੀ। ਭਾਰਤ ਨੂੰ ਜਵਾਬੀ ਹਮਲੇ ਵਿਚ 22ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਕਪਤਾਨ ਹਰਮਨਪ੍ਰੀਤ ਨੇ ਬਾਖੂਬੀ ਗੋਲ ਵਿਚ ਬਦਲ ਦਿੱਤਾ। ਇਹ ਪੈਰਿਸ ਓਲੰਪਿਕ ਵਿਚ ਉਸ ਦਾ ਸੱਤਵਾਂ ਗੋਲ ਸੀ। ਉਂਜ ਬਰਤਾਨਵੀ ਟੀਮ ਗੇਂਦ ’ਤੇ ਕੰਟਰੋਲ ਦੇ ਮਾਮਲੇ ਵਿਚ ਭਾਰਤ ’ਤੇ ਲਗਾਤਾਰ ਭਾਰੂ ਰਹੀ। ਭਾਰਤੀ ਡਿਫੈਂਸ ਕੋਲੋਂ 27ਵੇਂ ਮਿੰਟ ਵਿਚ ਉਦੋਂ ਗ਼ਲਤੀ ਹੋਈ ਜਦੋਂਂ ਸਰਕਲ ਤੋਂ ਗੋਲ ਦੇ ਸਾਹਮਣੇ ਮਿਲੀ ਗੇਂਦ ਨੂੰ ਮੋਰਟਨ ਨੇ ਭਾਰਤੀ ਗੋਲ ਵਿਚ ਧੱਕ ਦਿੱਤਾ। ਤੀਜੇ ਕੁਆਰਟਰ ਵਿਚ ਵੀ ਭਾਰਤੀ ਟੀਮ ਗੇਂਦ ’ਤੇ ਕੰਟਰੋਲ ਨੂੰ ਲੈ ਕੇ ਜੂਝਦੀ ਨਜ਼ਰ ਆਈ। ਬ੍ਰਿਟੇਨ ਨੇ ਪਹਿਲੇ ਹੀ ਮਿੰਟ ਵਿਚ ਹਮਲਾਵਰ ਖੇਡ ਦਿਖਾਈ ਤੇ 36ਵੇਂ ਮਿੰਟ ਵਿਚ ੳੁਸ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਸ੍ਰੀਜੇਸ਼ ਨੇ ਫਰਲੌਂਗ ਦੇ ਸ਼ਾਟ ਨੂੰ ਗੋਲ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਬ੍ਰਿਟੇਨ ਨੂੰ ਤਿੰਨ ਮਿੰਟ ਬਾਅਦ 8ਵਾਂ ਪੈਨਲਟੀ ਕਾਰਨਰ ਮਿਲਿਆ ਜਿਸ ’ਤੇ ਪਹਿਲਾ ਤੇ ਰਿਬਾੳੂਂਡ ਦੋਵੇਂ ਸ਼ਾਟ ਭਾਰਤੀ ਡਿਫੈਂਡਰਾਂ ਨੇ ਬਚਾੲੇ। ਤੀਜੇ ਕੁਆਰਟਰ ਦੇ ਆਖਰੀ ਮਿੰਟ ਵਿਚ ਸੁਮਿਤ ਨੂੰ ਗ੍ਰੀਨ ਕਾਰਡ ਮਿਲਣ ਨਾਲ ਚੌਥੇ ਕੁਆਰਟਰ ਦੇ ਪਹਿਲੇ ਦੋ ਮਿੰਟਾਂ ਲਈ ਭਾਰਤ ਨੂੰ ਨੌਂ ਖਿਡਾਰੀਆਂ ਨਾਲ ਖੇਡਣਾ ਪਿਆ। ਦੋਵਾਂ ਟੀਮਾਂ ਨੂੰ ਪਹਿਲੇ ਕੁਆਰਟਰ ਵਿਚ ਤਿੰਨ ਤਿੰਨ ਪੈਨਲਟੀ ਕਾਰਨਰ ਮਿਲੇ, ਪਰ ਇਨ੍ਹਾਂ ਵਿਚੋਂ ਕੋਈ ਵੀ ਗੋਲ ’ਚ ਤਬਦੀਲ ਨਹੀਂ ਹੋਇਆ। ਸਾਬਕਾ ਕਪਤਾਨ ਮਨਪ੍ਰੀਤ ਸਿੰਘ ਨੇ ਮੈਚ ਤੋਂ ਬਾਅਦ ਕਿਹਾ, ‘‘ਸਾਨੂੰ ਆਪਣਾ ਇਕ ਖਿਡਾਰੀ (ਅਮਿਤ ਰੋਹੀਦਾਸ) ਗੁਆਉਣ ਦੀ ਫ਼ਿਕਰ ਨਹੀਂ ਸੀ, ਸਿਖਲਾਈ ਦੌਰਾਨ ਅਸੀਂ ਅਜਿਹੇ ਹਾਲਾਤ ਵਿਚ ਖੇਡਣ ਲਈ ਤਿਆਰੀ ਕਰਦੇ ਹਾਂ। ਅਮਿਤ ਦੇ ਮੈਦਾਨ ’ਚੋਂ ਬਾਹਰ ਜਾਣ ਮਗਰੋਂ ਮੈਂ ਡਿਫੈਂਡਰ ਦੀ ਭੂਮਿਕਾ ਨਿਭਾਈ। ਇਹ ਬਹੁਤ ਸ਼ਾਨਦਾਰ ਜਿੱਤ ਸੀ।’’ ਮਨਪ੍ਰੀਤ ਨੇ ਕਿਹਾ, ‘‘ਸ੍ਰੀਜੇਸ਼ ਨੇ ਹਮੇਸ਼ਾ ਇਹ ਕੀਤਾ ਹੈ.... ਉਹ ਸਾਨੂੰ ਹਰ ਵਾਰ ਬਚਾਉਂਦਾ ਹੈ।’’ -ਪੀਟੀਆਈ
ਟੀਮ ਦੇ ਯਤਨਾਂ ਸਦਕਾ ਮਿਲੀ ਜਿੱਤ: ਹਰਮਨਪ੍ਰੀਤ ਸਿੰਘ
ਪੈਰਿਸ: ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਟੀਮ ਦੀ ਜਿੱਤ ਤੋਂ ਬਾਅਦ ਕਿਹਾ ਕਿ ਇਹ ਟੀਮ ਦੀ ਰੱਖਿਆਤਮਕ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਸੀ। ਕਪਤਾਨ ਨੇ ਕਿਹਾ, ‘‘ਸਾਡੇ ਕੋਲ ਆਖਰੀ ਸਮੇਂ ਤੱਕ ਸਕੋਰ ਲਾਈਨ ਬਰਾਬਰ ਰੱਖਣ ਤੋਂ ਛੁੱਟ ਹੋਰ ਕੋਈ ਬਦਲ ਨਹੀਂ ਸੀ। ਅਸੀਂ ਡਿਫੈਂਸ ’ਤੇ ਫੋਕਸ ਰੱਖਿਆ ਤੇ ਤਾਲਮੇਲ ਨਾਲ ਖੇਡੇ। ਖਿਡਾਰੀ ਇਕ ਦੂਜੇ ਨਾਲ ਗੱਲਬਾਤ ਕਰਦੇ ਰਹੇ। ਟੀਮ ਯਤਨਾਂ ਨਾਲ ਜਿੱਤ ਮਿਲੀ। ਦਸ ਖਿਡਾਰੀਆਂ ਨਾਲ ਖੇਡਣਾ ਸੌਖਾ ਨਹੀਂ ਸੀ।’’ ਕਪਤਾਨ ਨੇ ਕਿਹਾ, ‘‘ਸ੍ਰੀਜੇਸ਼ ਮਹਾਨ ਖਿਡਾਰੀ ਹੈ ਤੇ ਸਿਖਰਲੇ ਖਿਡਾਰੀਆਂ ’ਚੋਂ ਇਕ ਹੈ।’’ ਉਧਰ ਸ੍ਰੀਜੇਸ਼ ਨੇ ਕਿਹਾ, ‘‘ਇਕ ਗੋਲੀਕੀਪਰ ਦਾ ਇਹ ਰੋਜ਼ ਦਾ ਕੰਮ ਹੈ। ਕਈ ਵਾਰ ਹਾਲਾਤ ਵੱਖਰੇ ਹੁੰਦੇ ਹਨ, ਪਰ ਅੱਜ ਸਾਡਾ ਦਿਨ ਸੀ। ਸੈਮੀ ਫਾਈਨਲ ਵਿਚ ਸਾਹਮਣੇ ਕੋਈ ਵੀ ਹੋਵੇ, ਅਸੀਂ ਆਪਣੀ ਸੁਭਾਵਿਕ ਖੇਡ ਦਿਖਾਵਾਂਗੇ।’’ ਕੋਚ ਕਰੈਗ ਫੁਲਟਨ ਨੇ ਕਿਹਾ, ‘‘ਇਹ ਮਹਿਜ਼ ਜਿੱਤ ਨਹੀਂ ਬਲਕਿ ਬਿਆਨ ਸੀ।’’ -ਪੀਟੀਆਈ
ਮੁੱਖ ਮੰਤਰੀ ਵੱਲੋਂ ਅਗਾਮੀ ਮੈਚਾਂ ਲਈ ਸ਼ੁਭਕਾਮਨਾਵਾਂ
ਚੰਡੀਗਡ਼੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ ਓਲੰਪਿਕ ਵਿੱਚ ਗ੍ਰੇਟ ਬ੍ਰਿਟੇਨ ਖਿਲਾਫ਼ ਮਿਲੀ ਸ਼ਾਨਦਾਰ ਜਿੱਤ ਲਈ ਭਾਰਤੀ ਹਾਕੀ ਟੀਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਸ਼ਾਨਦਾਰ ਹੈ, ਕਿਉਂਕਿ ਟੀਮ ਨੇ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਬਰਤਾਨਵੀ ਟੀਮ ਨੂੰ ਪੈਨਲਟੀ ਸ਼ੂਟ-ਆਊਟ ਵਿੱਚ ਹਰਾ ਦਿੱਤਾ। ਮੁੱਖ ਮੰਤਰੀ ਨੇ ਹਾਕੀ ਟੀਮ ਨੂੰ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਮੈਚ ਦੌਰਾਨ ਖਾਸ ਕਰਕੇ ਸ਼ੂਟ-ਆਊਟ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਹ ਹਰ ਦੇਸ਼ ਵਾਸੀ ਲਈ ਮਾਣ ਦਾ ਪਲ ਹੈ ਕਿਉਂਕਿ ਖਿਡਾਰੀਆਂ ਨੇ ਟੀਮ ਨੂੰ ਇਸ ਇਤਿਹਾਸਕ ਜਿੱਤ ਤੱਕ ਪਹੁੰਚਾਇਆ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਹਾਕੀ ਟੀਮ ਪੈਰਿਸ ਓਲੰਪਿਕ ਵਿੱਚ ਦੇਸ਼ ਲਈ ਸੋਨ ਤਗ਼ਮਾ ਜਿੱਤ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੇਗੀ। ਸਮੁੱਚਾ ਦੇਸ਼ ਉਸ ਇਤਿਹਾਸਕ ਪਲ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।