ਹਾਕੀ ਪ੍ਰੋ ਲੀਗ: ਅਰਜਨਟੀਨਾ ਨੇ ਭਾਰਤ ਨੂੰ 4-3 ਨਾਲ ਹਰਾਇਆ
ਐਮਸਟਲਵੀਨ (ਨੈਦਰਲੈਂਡਜ਼), 11 ਜੂਨ
ਭਾਰਤੀ ਪੁਰਸ਼ ਹਾਕੀ ਟੀਮ ਨੂੰ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਯੂਰਪੀਅਨ ਗੇੜ ਵਿੱਚ ਅਰਜਨਟੀਨਾ ਹੱਥੋਂ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਇਸ ਤੋਂ ਪਹਿਲਾਂ ਇੱਥੇ ਓਲੰਪਿਕ ਚੈਂਪੀਅਨ ਨੈਦਰਲੈਂਡਜ਼ ਤੋਂ 1-2 ਅਤੇ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਰਜਨਟੀਨਾ ਨੇ ਆਪਣੀ ਸ਼ਾਨਦਾਰ ਖੇਡ ਨਾਲ ਭਾਰਤੀ ਡਿਫੈਂਸ ਦੀਆਂ ਕਮਜ਼ੋਰੀਆਂ ਉਭਾਰੀਆਂ। ਅਰਜਨਟੀਨਾ ਦੇ ਕਪਤਾਨ ਮੈਟਿਆਸ ਰੇ (ਤੀਜਾ ਮਿੰਟ), ਲੂਕਾਸ ਮਾਰਟੀਨੇਜ਼ (17ਵਾਂ ਮਿੰਟ), ਸੈਂਟੀਆਗੋ ਟੈਰਾਜ਼ੋਨਾ (34ਵਾਂ ਮਿੰਟ) ਅਤੇ ਲੂਸੀਓ ਮੈਂਡੇਜ਼ (46ਵਾਂ ਮਿੰਟ) ਨੇ ਗੋਲ ਕਰਕੇ ਜਿੱਤ ਯਕੀਨੀ ਬਣਾਈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (12ਵੇਂ, 33ਵੇਂ ਮਿੰਟ) ਅਤੇ ਅਭਿਸ਼ੇਕ (42ਵੇਂ ਮਿੰਟ) ਨੇ ਗੋਲ ਕੀਤੇ। ਅਰਜਨਟੀਨਾ ਨੇ ਕਪਤਾਨ ਰੇਅ ਦੇ ਗੋਲ ਜ਼ਰੀਏ ਮੈਚ ਦੇ ਤੀਜੇ ਮਿੰਟ ਵਿੱਚ ਹੀ ਲੀਡ ਲੈ ਲਈ ਸੀ, ਹਾਲਾਂਕਿ ਹਰਮਨਪ੍ਰੀਤ ਨੇ 12ਵੇਂ ਮਿੰਟ ਵਿੱਚ ਗੋਲ ਕਰਕੇ ਬਰਾਬਰੀ ਕਰ ਲਈ। ਦੂਜੇ ਕੁਆਰਟਰ ਵਿੱਚ ਅਰਜਨਟੀਨਾ ਨੇ ਬਿਹਤਰ ਪ੍ਰਦਰਸ਼ਨ ਕੀਤਾ। ਇਸ ਕੁਆਰਟਰ ਦੇ ਦੂਜੇ ਮਿੰਟ ਵਿੱਚ ਅਰਜਨਟੀਨਾ ਨੇ ਮਾਰਟੀਨੇਜ਼ ਦੇ ਗੋਲ ਨਾਲ ਲੀਡ ਹਾਸਲ ਕਰ ਲਈ। ਬਰੇਕ ਤੋਂ ਤਿੰਨ ਮਿੰਟ ਬਾਅਦ ਹਰਮਨਪ੍ਰੀਤ ਨੇ ਪੈਨਲਟੀ ਸਟ੍ਰੋਕ ’ਤੇ ਗੋਲ ਕਰਕੇ ਭਾਰਤ ਮੁੜ ਬਰਾਬਰੀ ਕਰ ਦਿੱਤੀ ਪਰ ਭਾਰਤ ਦੀ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕ ਸਕੀ। -ਪੀਟੀਆਈ