ਹਾਈ ਕੋਰਟ ਦੇ ਹੁਕਮਾਂ ’ਤੇ ਐੱਸਡੀਐੱਮ ਦਫ਼ਤਰ ਖਾਲੀ ਕਰਨ ਦੀ ਕਾਰਵਾਈ ਸ਼ੁਰੂ
ਹਰਜੀਤ ਸਿੰਘ
ਡੇਰਾਬੱਸੀ, 14 ਜਨਵਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਲੰਘੇ ਦਿਨੀਂ ਡੇਰਾਬੱਸੀ ਐੱਸਡੀਐੱਮ ਦਫ਼ਤਰ ਦੀ ਇਮਾਰਤ ਨੂੰ ਖਾਲੀ ਕਰਨ ਦੇ ਸੁਣਾਏ ਫ਼ੈਸਲੇ ਮਗਰੋਂ ਪ੍ਰਸ਼ਾਸਨ ਵੱਲੋਂ ਇੱਥੋਂ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਸਾਰਾ ਦਿਨ ਦਿਹਾੜੀਦਾਰ ਕਾਮੇ ਐੱਸਡੀਐੱਮ ਦਫ਼ਤਰ ਤੋਂ ਸਾਮਾਨ ਵੱਖ-ਵੱਖ ਇਮਾਰਤਾਂ ਵਿੱਚ ਤਬਦੀਲ ਕਰਦੇ ਦਿਖਾਈ ਦਿੱਤੇ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਸ ਵੇਲੇ ਸਭ ਤੋਂ ਵੱਡੀ ਸਮੱੱਸਿਆ ਇੱਥੇ ਮਾਲ ਵਿਭਾਗ ਵਿੱਚ ਪਏ ਦਹਾਕਿਆਂ ਪੁਰਾਣੇ ਰਿਕਾਰਡ ਨੂੰ ਤਬਦੀਲ ਕਰਨ ਵਿੱਚ ਆ ਰਹੀ ਹੈ। ਇਸ ਲਈ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨੇੜੇ ਸਥਿਤ ਅੰਬੇਦਕਰ ਭਵਨ ਦੀ ਚੋਣ ਕੀਤੀ ਗਈ ਹੈ।
ਇਕੱਤਰ ਜਾਣਕਾਰੀ ਅਨੁਸਾਰ ਲੰਘੇ ਦਿਨੀਂ ਹਾਈ ਕੋਰਟ ਵੱਲੋਂ ਤਹਿਸੀਲ ਕੰਪਲੈਕਸ ਵਿੱਚ ਪਹਿਲੀ ਮੰਜ਼ਿਲ ’ਤੇ ਸਥਿਤ ਐੱਸਡੀਐੱਮ ਦਫ਼ਤਰ ਦਾ ਨਵੀਨੀਕਰਨ ਦਾ ਕੰਮ ਕਰਨ ਦਾ ਸਖ਼ਤ ਨੋਟਿਸ ਲਿਆ ਸੀ। ਅਦਾਲਤ ਨੇ ਕਿਹਾ ਕਿ ਤਹਿਸੀਲ ਕੰਪਲੈਕਸ ਦੀ ਹੇਠਲੀ ਮੰਜ਼ਿਲ ’ਤੇ ਵੱਖ-ਵੱਖ ਅਦਾਲਤਾਂ ਚੱਲਦੀਆਂ ਹਨ। ਨਿਯਮਾਂ ਮੁਤਾਬਕ ਪ੍ਰਸ਼ਾਸਨ ਨੂੰ ਪੂਰੀ ਇਮਾਰਤ ਦਾ ਨਵੀਨੀਕਰਨ ਕਰਨਾ ਚਾਹੀਦਾ ਸੀ ਪਰ ਅਧਿਕਾਰੀਆਂ ਵੱਲੋਂ ਸਿਰਫ਼ ਆਪਣੀ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਜਦੋਂਕਿ ਅਦਾਲਤਾਂ ਦੀ ਖਸਤਾ ਹਾਲਤ ਇਮਾਰਤ ਨੂੰ ਉਸੇ ਤਰ੍ਹਾਂ ਛੱਡ ਦਿੱਤਾ ਗਿਆ ਜੋ ਵੱਡੀ ਲਾਪ੍ਰਵਾਹੀ ਹੈ। ਅਦਾਲਤ ਨੇ ਇਸ ਦਾ ਨੋਟਿਸ ਲੈਂਦਿਆਂ ਸਖ਼ਤ ਫ਼ੈਸਲਾ ਸੁਣਾਉਂਦੇ ਹੋਏ ਐੱਸਡੀਐੱਮ ਦਫ਼ਤਰ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਸਨ ਤਾਂ ਜੋ ਇੱਥੇ ਅਦਾਲਤਾਂ ਨੂੰ ਤਬਦੀਲ ਕੀਤਾ ਜਾ ਸਕੇ। ਇਸ ਮਾਮਲੇ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਅਦਾਲਤਾਂ ਦੀ ਨਵੀਨੀਕਰਨ ਦਾ ਕੰਮ ਚਾਲੂ ਕਰਨ ਤੋਂ ਇਲਾਵਾ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਅਦਾਲਤੀ ਕੰਪਲੈਕਸ ਦੀ ਪਿੰਡ ਜਵਾਹਰਪੁਰ ਜ਼ਮੀਨ ਦੀ ਰਜਿਸਟਰੀ ਵੀ ਕਰਵਾ ਦਿੱਤੀ ਪਰ ਇਸ ਦੇ ਬਾਵਜੂਦ ਹਾਈ ਕੋਰਟ ਆਪਣੇ ਫ਼ੈਸਲੇ ’ਤੇ ਕਾਇਮ ਹੈ। ਇਸ ਮਾਮਲੇ ਦੀ ਅਗਲੀ ਤਰੀਕ 18 ਜਨਵਰੀ ਹੈ ਜਿਸ ਤੋਂ ਪਹਿਲਾਂ ਹੀ ਅਧਿਕਾਰੀਆਂ ਵੱਲੋਂ ਇਮਾਰਤ ਨੂੰ ਖਾਲੀ ਕਰਨ ਦਾ ਕੰਮ ਚਾਲੂ ਕਰ ਦਿੱਤਾ ਹੈ।
ਇਸ ਸਬੰਧੀ ਐੱਸਡੀਐੱਮ ਅਮਿਤ ਗੁਪਤਾ ਨੇ ਕਿਹਾ ਕਿ ਵੱਖ-ਵੱਖ ਇਮਾਰਤਾਂ ਵਿੱਚ ਰਿਕਾਰਡ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਦਾਲਤ ਜੋ ਵੀ ਫ਼ੈਸਲਾ ਸੁਣਾਵੇਗੀ, ਉਸ ਨੂੰ ਲਾਗੂ ਕੀਤਾ ਜਾਵੇਗਾ।