ਹਾਈਵੇਅ ’ਤੇ ਕੰਧ ਬਣਾਉਣ ਦਾ ਮਾਮਲਾ: ਕਿਸਾਨ ਦੀ ਹਮਾਇਤ ’ਚ ਆਈਆਂ ਜਥੇਬੰਦੀਆਂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਜੂਨ
ਕੁਰੂਕਸ਼ੇਤਰ ਤੋਂ ਪਿਹੋਵਾ ਸਟੇਟ ਹਾਈ ਵੇਅ-6 ’ਤੇ ਕੰਧ ਬਣਾਉਣ ਦਾ ਮਾਮਲਾ ਭਖ ਗਿਆ ਹੈ। ਕਿਸਾਨ ਵਿਰੁੱਧ ਕੀਤੀ ਗਈ ਕਾਰਵਾਈ ਖ਼ਿਲਾਫ਼ ਲੋਕ ਗੁੱਸੇ ਵਿਚ ਹਨ। ਇਸ ਦੇ ਤਹਿਤ ਅੱਜ ਜੇਜੇਪੀ ਦੇ ਨੌਜਵਾਨ ਆਗੂ ਜਸਵਿੰਦਰ ਸਿੰਘ ਖਹਿਰਾ ਦੀ ਅਗਵਾਈ ਵਿੱਚ ਕਈ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜ਼ਿਲ੍ਹਾ ਪੁਲੀਸ ਕਪਤਾਨ ਨਿਤਿਸ਼ ਅਗਰਵਾਲਨੂੰ ਮਿਲੇ। ਡਾ. ਜਸਵਿੰਦਰ ਖਹਿਰਾ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਪ੍ਰਸ਼ਾਸਨ ਤੇ ਪੁਲੀਸ ਨੇ ਕਿਸਾਨ ਖ਼ਿਲਾਫ਼ ਜਬਰੀ ਕੇਸ ਦਰਜ ਕੀਤਾ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਡਾ. ਖਹਿਰਾ ਨੇ ਕਿਹਾ ਕਿ ਕਿਸਾਨ ਬਲਵਿੰਦਰ ਸਿੰਘ ਦਾ ਸੜਕ ਰੋਕਣ ਦਾ ਕੋਈ ਇਰਾਦਾ ਨਹੀਂ ਸੀ, ਉਹ ਸਿਰਫ ਆਪਣੀ ਆਵਾਜ਼ ਪ੍ਰਸ਼ਾਸਨ ਦੇ ਕੰਨੀ ਪਾਉਣਾ ਚਾਹੁੰਦਾ ਸੀ। ਕੰਧ ਬਣਾਉਣ ਤੋਂ ਪਹਿਲਾਂ ਕਿਸਾਨ ਨੇ ਆਪਣੇ ਖੇਤ ਵਿੱਚੋਂ ਟਰੈਫਿਕ ਨੂੰ ਲੰਘਣ ਲਈ ਰਸਤਾ ਵੀ ਦਿੱਤਾ ਸੀ ਪਰ ਲੀਸ ਨੇ ਇਸ ਪਰਿਵਾਰ ਨਾਲ ਦੁਰਵਿਹਾਰ ਕੀਤਾ। ਇਸ ਲਈ ਅੱਜ ਪੀੜਤ ਕਿਸਾਨ, ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਤੇ ਕਿਸਾਨ ਜ਼ਿਲ੍ਹਾ ਪੁਲੀਸ ਕਪਤਾਨ ਨਿਤਿਸ਼ ਅਗਰਵਾਲ ਨੂੰ ਮਿਲਣ ਲਈ ਪੁੱਜੇ ਤੇ ਉਨ੍ਹਾਂ ਨੂੰ ਇਸ ਜ਼ਮੀਨ ਨਾਲ ਸਬੰਧਤ ਦਸਤਾਵੇਜ਼ ਦਿਖਾਏ ਤੇ ਪੁਲੀਸ ਮੁਲਾਜ਼ਮਾਂ ਵੱਲੋਂ ਧੱਕਾ ਤੇ ਦੁਰਵਿਹਾਰ ਕਰਨ ਦੀ ਸ਼ਿਕਾਇਤ ਕੀਤੀ। ਇਸ ਤੋਂ ਇਲਾਵਾਂ ਉਨ੍ਹਾਂ ਨੂੰ ਮੌਕੇ ਦੀ ਵੀਡੀਓ ਵੀ ਦਿਖਾਈ। ਖਹਿਰਾ ਨੇ ਜ਼ਿਲ੍ਹਾ ਪੁਲੀਸ ਕਪਤਾਨ ਤੋਂ ਮੰਗ ਕੀਤੀ ਹੈ ਕਿ ਦੁਰਵਿਹਾਰ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾਏ। ਖਹਿਰਾ ਨੇ ਕਿਹਾ ਕਿ ਪੁਲੀਸ ਕਪਤਾਨ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਾਉਣਗੇ, ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਏਗੀ। ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਡੰਪਿਗ ਜ਼ੋਨ ਦੇ ਨੇੜੇ ਹਾਈ ਵੇਅ ਦੇ ਵਿਚਕਾਰ 22 ਮਰਲੇ ਜ਼ਮੀਨ ਉਨ੍ਹਾਂ ਦੀ ਨਿੱਜੀ ਜਾਇਦਾਦ ਹੈ। ਅਦਾਲਤ ਨੇ ਤਿੰਨ ਵਾਰ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਵੀ ਦਿੱਤਾ ਹੈ। ਇਸ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਜ਼ਮੀਨ ਦਾ ਕਬਜ਼ਾ ਮਿਲਿਆ ਤੇ ਨਾ ਹੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਗਿਆ, ਜਦੋਂ ਉਨ੍ਹਾਂ ਨੇ 10 ਜੂਨ ਨੂੰ ਕੰਧ ਬਣਾਈ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਕੇਸ ਦਰਜ ਕਰ ਦਿੱਤਾ। ਬਲਵਿੰਦਰ ਸਿੰਘ ਦੇ ਅਨੁਸਾਰ ਉਹ ਕਿਸੇ ਵੀ ਰਾਹਗੀਰ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਹਾਈ ਵੇਅ ’ਤੇ ਕੰਧ ਬਣਾਉਣ ਤੋਂ ਪਹਿਲਾਂ ਆਪਣੇ ਖੇਤ ’ਚ ਆਵਾਜਾਈ ਲਈ ਵੱਖਰਾ ਰਸਤਾ ਬਣਾਇਆ ਸੀ। ਫਿਰ ਵੀ ਪੁਲੀਸ ਨੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ, ਹਾਈ ਵੇਅ ਨੂੰ ਰੋਕਣ ਸਣੇ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ।