ਗੁਰਦੀਪ ਸਿੰਘ ਟੱਕਰਮਾਛੀਵਾੜਾ, 20 ਦਸੰਬਰਮਾਛੀਵਾੜਾ ਕੌਂਸਲ ਚੋਣਾਂ ਸਬੰਧੀ 7 ਉਮੀਦਵਾਰਾਂ ਨੂੰ ਬਿਨਾ ਮੁਕਾਬਲਾ ਜੇਤੂ ਕਰਾਰ ਦੇਣ ਦੇ ਮਾਮਲੇ ਵਿੱਚ ਵਿਰੋਧੀ ਧਿਰ ਕਾਂਗਰਸ ਵੱਲੋਂ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਦੌਰਾਨ ਅੱਜ ਅਦਾਲਤ ਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ ਸਬੰਧੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 7 ਵਾਰਡਾਂ ਵਿੱਚ 23 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਮਗਰੋਂ 6 ‘ਆਪ’ ਉਮੀਦਵਾਰ ਤੇ ਇੱਕ ਆਜ਼ਾਦ ਉਮੀਦਵਾਰ ਬਿਨਾ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਸਨ।ਕਾਂਗਰਸ ਵੱਲੋਂ ਹਾਈਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ’ਤੇ ਕਈਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ। ਜੇਕਰ ਜੇਤੂ ਕਰਾਰ ਦੇਣ ਦੇ ਫ਼ੈਸਲੇ ’ਤੇ ਸਟੇਅ ਲੱਗ ਜਾਂਦੀ ਤਾਂ ਇਥੇ ਦੁਬਾਰਾ ਵੋਟਾਂ ਪੈ ਸਕਦੀਆਂ ਹਨ ਪਰ ਹਾਲ ਦੀ ਘੜੀ ਇਨ੍ਹਾਂ 7 ਉਮੀਦਵਾਰਾਂ ਦੇ ਸਿਰ ’ਤੇ ਲਟਕਦੀ ਇਹ ਤਲਵਾਰ ਹਟ ਗਈ ਹੈ। ਅਦਾਲਤ ਦੇ ਫ਼ੈਸਲੇ ਮਗਰੋਂ ਅੱਜ ਉਕਤ 7 ਉਮੀਦਵਾਰਾਂ ਨੇ ਸੁੱਖ ਦਾ ਸਾਹ ਲਿਆ।ਦੂਜੇ ਪਾਸੇ ਕਾਂਗਰਸ ਵੱਲੋਂ ਹੁਣ ਚੋਣ ਕਮਿਸ਼ਨ ਵਲ ਰੁਖ਼ ਕਬਦਿਆਂ ਪੂਰੀ ਸਖ਼ਤੀ ਨਾਲ ਇਸ ਮਾਮਲੇ ਵਿੱਚ ਲੜਾਈ ਲੜਨ ਦਾ ਮਨ ਬਣਾਇਆ ਗਿਆ ਹੈ। ਮਾਣਯੋਗ ਅਦਾਲਤ ਨੇ ਇਸ ਪਟੀਸ਼ਨ ਸਬੰਧੀ ਫਿਲਹਾਲ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਹੈ ਪਰ ਹੁਕਮਾਂ ਦੀ ਕਾਪੀ ਪ੍ਰਾਪਤ ਹੋਣ ਮਗਰੋਂ ਸਪੱਸ਼ਟ ਹੋ ਸਕੇਗਾ ਕਿ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਕਦੋਂ ਤੱਕ ਨਿਪਟਾਰਾ ਕਰੇਗਾ।