ਹਾਅ ਦਾ ਨਾਅਰਾ :ਭਾਜਪਾ ‘ਗਰੀਬ ਵਿਰੋਧੀ’ ਪਾਰਟੀ: ਆਤਿਸ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ (ਐੱਲਓਪੀ) ਆਤਿਸ਼ੀ ਨੇ ਅੱਜ ਕਾਲਕਾਜੀ ਖੇਤਰ ਦੇ ਭੂਮੀਹੀਣ ਕੈਂਪ ‘ਤੇ ਕੀਤੀ ਗਈ ਤੋੜ ਫੋੜ ਦੀ ਮੁਹਿੰਮ ‘ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਸਿਆਸੀ ਹੱਲਾ ਬੋਲਿਆ।
ਮੀਡੀਆ ਨਾਲ ਗੱਲ ਕਰਦੇ ਹੋਏ ਆਤਿਸ਼ੀ ਨੇ ਭਾਜਪਾ ਨੂੰ ‘ਗਰੀਬ ਵਿਰੋਧੀ’ ਪਾਰਟੀ ਕਿਹਾ ਅਤੇ ਦੋਸ਼ ਲਾਇਆ ਕਿ ਅਦਾਲਤ ਵਿੱਚ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਨੇ ਪੀੜਤ ਧਿਰਾਂ ਨੂੰ ਮਕਾਨ ਦੇਣ ਤੋਂ ਮਨ੍ਹਾਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਭਾਜਪਾ ਇੱਕ ‘ਗਰੀਬ ਵਿਰੋਧੀ’ ਪਾਰਟੀ ਹੈ। ਤਿੰਨ ਦਿਨ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਸੀ ਕਿ ਇੱਕ ਵੀ ਝੁੱਗੀ ਨਹੀਂ ਢਾਹੀ ਜਾਵੇਗੀ ਪਰ ਅੱਜ ਸਵੇਰੇ 5 ਵਜੇ ਤੋਂ ਬੁਲਡੋਜ਼ਰ ਚੱਲ ਰਹੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਡੰਡਿਆਂ ਨਾਲ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਖਾ ਗੁਪਤਾ ਦਾ ਦਾਅਵਾ ਹੈ ਕਿ ਇਹ ਅਦਾਲਤ ਦਾ ਹੁਕਮ ਹੈ ਪਰ ਅਦਾਲਤ ਕੋਲ ਕਿਸ ਨੇ ਪਹੁੰਚ ਕੀਤੀ। ਇਹ ਭਾਜਪਾ ਅਤੇ ਡੀਡੀਏ ਹੀ ਸੀ, ਜਿਸ ਨੇ ਹੁਕਮ ਲਿਆਂਦਾ ਸੀ। ਇਹ ਗਰੀਬ ਲੋਕ ਅਦਾਲਤ ਗਏ, ਪਰ ਭਾਜਪਾ ਅਤੇ ਡੀਡੀਏ ਉਨ੍ਹਾਂ ਦੇ ਵਿਰੁੱਧ ਖੜ੍ਹੇ ਹੋਏ। ਅਦਾਲਤ ਵਿੱਚ ਕਿਹਾ ਕਿ ਉਹ ਘਰ ਨਹੀਂ ਦੇਣਗੇ ਅਤੇ ਅਦਾਲਤ ਨੂੰ ਘਰ ਤੋੜਨ ਦੀ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਦਿੱਲੀ ਦੇ ਕਾਲਕਾਜੀ ਵਿੱਚ ਬੁਲਡੋਜ਼ਰ ਕਾਰਵਾਈ ਤਹਿਤ ਗੈਰ-ਕਾਨੂੰਨੀ ਉਸਾਰੀਆਂ ਢਾਹ ਦਿੱਤੀਆਂ ਗਈਆਂ। ਇਸ ਸਮੇਂ ਸਬੰਧਤ ਖੇਤਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ।
ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਭੂਮੀਹੀਣ ਕੈਂਪ ਦੇ ਸਾਰੇ ਨਿਵਾਸੀਆਂ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੂੰ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਗੈਰ-ਕਾਨੂੰਨੀ ਝੌਂਪੜੀਆਂ ਨੂੰ ਢਾਹੁਣ ਦੇ ਮੱਦੇਨਜ਼ਰ ਆਪਣੇ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਆਤਿਸ਼ੀ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਅਤੇ ਰੇਖਾ ਗੁਪਤਾ ਨੂੰ ਝੁੱਗੀਆਂ ਵਾਲੇ ਸਰਾਪ ਦੇਣਗੇ। ਡੀਡੀਏ ਨੇ ਵਸਨੀਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਇੱਕ ਸੁਚਾਰੂ ਅਤੇ ਵਿਵਸਥਿਤ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ।