ਹਸ਼ਮਤੇ ਬੇਗਮ
ਮਨਦੀਪ ਰਿੰਪੀ
ਹਸਰਤੇ ਬੇਗਮ ‘ਕਾਕੀ’... ਸਾਡੇ ਰੋਪੜ ਦੀ ਭੂਆ 76 ਸਾਲਾਂ ਬਾਅਦ ਆਪਣੇ ਵਤਨ ਪਰਤੀ। ਰੋਪੜ ਦੀ ਹੀ ਨਹੀਂ, ਜੇ ਸਾਡੇ ਪੰਜਾਬ ਦੀ ਭੂਆ ਆਖਾਂ ਤਾਂ ਵੀ ਗ਼ਲਤ ਨਹੀਂ। ਸੀਨੇ ’ਚ ਇੰਨੇ ਵਰ੍ਹਿਆਂ ਦੇ ਵਿਛੋੜੇ ਦਾ ਦਰਦ, ਪਰ ਆਪਣੇ ਏਧਰਲਿਆਂ ਨੂੰ ਵੇਖ ਕੇ ਉਸ ਦੇ ਚਿਹਰੇ ’ਤੇ ਮੁਸਕਾਨ, ਅੱਖਾਂ ’ਚ ਨੂਰ ਹੈ ਜਿਨ੍ਹਾਂ ਨੂੰ ਵੇਖਣ ਲਈ ਛਿਹੱਤਰ ਸਾਲ ਤਰਸੀ। ਵਰ੍ਹਿਆਂ ਲੰਮੀ ਉਡੀਕ ਮੁੱਕੀ ਤੇ ਉਹ ਇੰਨੇ ਵਰ੍ਹਿਆਂ ਤੋਂ ਤਪਦੇ ਆਪਣੇ ਕਾਲਜੇ ਨੂੰ ਠਾਰਨ ਲਈ ਆਪਣੇ ਵਤਨ ਪਰਤੀ।
ਜਦੋਂ ਮੈਂ ਤੇ ਮੇਰੀ ਧੀ ਉਸ ਨੂੰ ਮਿਲਣ ਲਈ ਪਹੁੰਚੀਆਂ ਤਾਂ ਭੂਆ ਨੇ ਸਾਨੂੰ ਦੋਵਾਂ ਨੂੰ ਖੁੱਲ੍ਹੀਆਂ ਬਾਹਾਂ ਨਾਲ ਆਪਣੀ ਬੁੱਕਲ ’ਚ ਭਰ ਲਿਆ। ਸਾਨੂੰ ਇੰਝ ਮਿਲੀ ਜਿਵੇਂ ਪਤਾ ਨਹੀਂ ਕਦੋਂ ਦੀ ਉਡੀਕਦੀ ਹੋਵੇ। ਮੈਨੂੰ ਵੀ ਇੰਜ ਲੱਗਿਆ ਜਿਵੇਂ ਭੂਆ ਮੇਰੇ ਲਈ ਭੋਰਾ ਵੀ ਓਪਰੀ ਨਹੀਂ ਤੇ ਨਾ ਹੀ ਮੈਂ ਭੂਆ ਲਈ। ਮੇਰੀਆਂ ਅੱਖਾਂ ’ਚੋਂ ਹੰਝੂ ਵਗਦੇ ਰਹੇ ਤੇ ਭੂਆ ਦੇ ਚਿਹਰੇ ’ਤੇ ਮੁਸਕਾਨ ਖੇਡਦੀ ਰਹੀ। ਮੇਰਾ ਪੁੱਛਣ ਦਾ ਹੀਆ ਨਾ ਪਵੇ ਕਿ ਭੂਆ ਨੂੰ ਕੀ ਪੁੱਛਾਂ? ਕਿਵੇਂ ਪੁੱਛਾਂ? ਮੈਨੂੰ ਇੰਜ ਲੱਗਿਆ ਕਿ ਭੂਆ ਨੂੰ ਉਹਦੇ ਅਤੀਤ ਬਾਰੇ ਕੁਝ ਵੀ ਪੁੱਛਿਆ ਤਾਂ ਉਹਦੇ ਬੁੱਲ੍ਹਾਂ ’ਤੇ ਖੇਡਦੀ ਮੁਸਕਾਨ ਕਿਧਰੇ ਰੁੱਸ ਨਾ ਜਾਵੇ...।
ਮੈਂ ਜੱਕੋ-ਤੱਕੀ ’ਚ ਸਾਂ ਗੱਲ ਛੇੜਾਂ ਕਿ ਨਾ। ਭੂਆ ਜਿਵੇਂ ਮੇਰੇ ਦਿਲ ਦੀ ਬੁੱਝ ਗਈ ਤੇ ਆਖਣ ਲੱਗੀ, ‘‘ਅੱਲ੍ਹਾ ਤਾਲਾ ਬਹੁਤ ਮਿਹਰਬਾਨ ਐ ਤੇ ਹਮੇਸ਼ਾ ਰਹਿਮਤ ਰਹੀ ਉਸਦੀ। ਇੱਕ ਪਰਿਵਾਰ ਖੁੱਸਿਆ ਸੀ ਤੇ ਵੇਖ ਖਾਂ ਕਿੰਨੇ ਜੀਆਂ ਦਾ ਭਰਿਆ ਭਰਾਇਆ ਪਰਿਵਾਰ ਮਿਲ ਗਿਆ। ਇਕ ਨਹੀਂ, ਦੋ-ਦੋ ਪੇਕੇ ਮਿਲ ਗਏ। ਸਭ ਉਸ ਦੀ ਰਹਿਮਤ ਐ! ਵੇਖ! ਉਦੋਂ ਮੇਰੇ ਪੇਕੇ ਖਡੂਰ ਸਾਹਿਬ ਵਸਦੇ ਸੀ ਤੇ ਹੁਣ ਵੇਖ ਮੇਰਾ ਭਤੀਜਾ ਤੁਹਾਡੇ ਸ਼ਹਿਰ ਆ ਵਸਿਆ... ਦਾਣਾ-ਪਾਣੀ ਖਿੱਚ ਲਿਆਇਆ ਇਹਨੂੰ ਏਥੇ। ਹੁਣ ਰੋਪੜ ਵੀ ਮੇਰਾ ਪੇਕਾ ਈ ਐ ਜਿਵੇਂ ਕਰਮਦੀਨ ਦੀ ਭੂਆ ਉਵੇਂ ਈ ਤੇਰੀ ਵੀ ਭੂਆ... ਬੇਟੀ! ਪੁੱਛ ਕੀ ਪੁੱਛਣਾ?’’
‘‘ਭੂਆ ਜੀ! ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕ ਤੁਸੀਂ ਆਪਣੀ ਧਰਤੀ ’ਤੇ ਮੁੜ ਪੈਰ ਧਰੇ ਜਿੱਥੋਂ ਤੁਸੀਂ ਕਦੇ ਅਜਿਹੇ ਮਾੜੇ ਹਾਲਾਤ ’ਚ ਗਏ ਸੀ ਜਿਸ ਬਾਰੇ ਕਿਆਸਦਿਆਂ ਵੀ ਮੇਰੀ ਰੂਹ ਕੰਬਦੀ ਐ।’’
‘‘ਹਾਂ! ਬੇਟੀ ਉਦੋਂ ਤਾਂ ਪੁੱਛ ਈ ਨਾ ਕੀ ਬੀਤੀ ਸਾਡੇ ਨਾਲ... ਮੈਂ ਤਾਂ ਚੌਦਾਂ ਕੁ ਸਾਲਾਂ ਦੀ ਸਾਂ ਮਸੀਂ। ਮੈਂ ਉੱਚੇ ਪਿੰਡ ਆਈ ਹੋਈ ਸਾਂ ਵਿਆਹ ’ਤੇ ਆਪਣੇ ਨਾਨਕੇ ਘਰ। ਨਾਨਕੇ ਪਿੰਡ ਦੇ ਲਾਗੇ ਈ ਮੇਰੀ ਭੈਣ ਦਾ ਸਹੁਰਾ ਘਰ ਸੀ... ਵਿਆਹ ਹੋ ਗਿਆ। ਉਹਨੇ ਮੈਨੂੰ, ਮੇਰੇ ਵੱਡੇ ਭਰਾ ਤੇ ਨਿੱਕੇ ਵੀਰ ਨੂੰ ਆਪਣੇ ਕੋਲ ਰੱਖ ਲਿਆ... ਅਖੇ, ਥੋੜ੍ਹੇ ਦਿਨ ਰਹਿ ਲਓ ਮੇਰੇ ਕੋਲ। ਅਸੀਂ ਰਹਿ ਪਏ। ਥੋੜ੍ਹੇ ਦਿਨ ਬਾਅਦ ਵੱਢ-ਟੁੱਕ ਸ਼ੁਰੂ ਹੋ ਗਈ। ਦਿਨਾਂ ’ਚ ਕਹਿੰਦੇ ਇਹ ਵਤਨ, ਇਹ ਸ਼ਹਿਰ ਤੇ ਪਿੰਡ ਗਰਾਂ ਹੁਣ ਤੁਹਾਡਾ ਕੁਝ ਨਹੀਂ ਰਿਹਾ ਇੱਥੇ... ਅਸੀਂ ਇੱਧਰਲਿਆਂ ਲਈ ਬੇਗਾਨੇ ਹੋ ਗਏ ਤੇ ਸਾਡੇ ਲਈ ਇਧਰਲੇ ਓਪਰੇ...। ਮੌਤ ਦਾ ਖ਼ੌਫ਼ ਏਨਾ ਤੂੰ ਬੇਟੀ ਪੁੱਛ ਨਾ...। ਸਮੇਂ ਦੇ ਹਾਕਮਾਂ ਨੇ ਧਰਤੀ ਦੀ ਹਿੱਕ ’ਤੇ ਜਿਹੜੀ ਲਕੀਰ ਖਿੱਚੀ, ਉਸ ਨੇ ਸਾਡੀਆਂ ਤਕਦੀਰਾਂ ’ਚ ਪਤਾ ਨਹੀਂ ਕਿੰਨੀਆਂ ਲਕੀਰਾਂ ਵਾਹ ਦਿੱਤੀਆਂ ਜਿਨ੍ਹਾਂ ਨਾਲ ਪਲਾਂ ’ਚ ਦਿਲਾਂ ’ਚ ਪਾੜ ਪੈ ਗਏ। ਉਨ੍ਹਾਂ ਵਾਵਰੋਲਿਆਂ ’ਚ ਅਸੀਂ ਰੁਲ ਗਏ। ਮੇਰੇ ਨਾਨਕੇ ਤੇ ਮੇਰੀ ਭੈਣ ਦਾ ਟੱਬਰ ਸਾਰੇ ਕਾਫ਼ਲੇ ਨਾਲ ਤੁਰ ਪਿਆ। ਸਾਰਾ ਪਿੰਡ ਈ ਉੱਜੜ ਗਿਆ... ਅਸੀਂ ਭੈਣ-ਭਰਾਵਾਂ ਨੇ ਵੀ ਨਾਲ ਈ ਤੁਰਨਾ ਸੀ... ਹੋਰ ਹੱਲ ਈ ਕੋਈ ਨਾ ਸੀ। ਰੋਂਦਿਆਂ, ਰੁਲਦਿਆਂ ਤੇ ਕੈਂਪਾਂ ਦੇ ਦੁੱਖ ਹੰਢਾਉਂਦਿਆਂ ਉੱਥੇ ਪੁੱਜਗੇ ਜਿੱਥੇ ਜਾਣ ਬਾਰੇ ਕਦੇ ਕਿਆਸਿਆ ਨਹੀਂ ਸੀ। ਉਸ ਧਰਤੀ ਨੇ ਵੀ ਆਪਣੀ ਬੁੱਕਲ ਦਾ ਨਿੱਘ ਦਿੱਤਾ ਸਾਨੂੰ।’’
ਭੂਆ ਆਪਣੀ ਹੱਡ-ਬੀਤੀ ਸੁਣਾ ਰਹੀ ਸੀ ਤੇ ਸਾਰੇ ਸਾਹ ਰੋਕੀ ਇੰਜ ਬੈਠੇ ਸਨ ਜਿਵੇਂ ਕੱਲ੍ਹ ਦੀ ਗੱਲ ਹੋਵੇ, ਸਭ ਕੁਝ ਸਾਡੇ ਸਾਹਮਣੇ ਵਾਪਰ ਰਿਹਾ ਹੋਵੇ। ਥੋੜ੍ਹੀ ਦੇਰ ਮਗਰੋਂ ਭੂਆ ਮੁੜ ਠੰਢਾ ਹਾਉਕਾ ਭਰ ਕੇ ਆਖਣ ਲੱਗੀ, ‘‘ਇਕ ਗੱਲ ਐ... ਅੱਲ੍ਹਾ ਤਾਲਾ ਨੇ ਹਮੇਸ਼ਾ ਚੰਗੇ ਬੰਦੇ ਭੇਜੇ ਮਦਦ ਲਈ। ਪਰ ਇਕ ਅਫ਼ਸੋਸ ਵੀ ਹੈ... ਸਾਰੀ ਉਮਰ ਭਾਰ ਰਿਹਾ ਮਨ ’ਤੇ ਤੇ ਮਰਦੇ ਵਕਤ ਤੱਕ ਰਹਿਣਾ ਏ। ਮੇਰਾ ਛੋਟਾ ਭਰਾ ਰਾਹ ’ਚ ਬਿਮਾਰ ਹੋ ਗਿਆ ਤੇ ਮੁੱਕ ਗਿਆ। ਉੱਥੇ ਈ ਟੋਆ ਪੁੱਟ ਕੇ ਦੱਬਤਾ... ਕੱਫਨ ਦੀ ਲੀਰ ਤੱਕ ਵੀ ਨਸੀਬ ਨਾ ਹੋਈ ਮਾਂ ਦੇ ਜਾਏ ਨੂੰ।
ਅਸੀਂ ਤਾਂ ਪੁੱਜ ਗਏ, ਪਰ ਹੁਣ ਪਿਛਲਿਆਂ ਦਾ ਫ਼ਿਕਰ ਜਾਨ ਨੂੰ ਵੱਢ-ਵੱਢ ਖਾਵੇ ਕਿ ਕੀ ਬੀਤੀ ਹੋਣੀ ਉਨ੍ਹਾਂ ਨਾਲ!’’ ਭੂਆ ਮੁੜ ਚੁੱਪ ਕਰ ਗਈ। ਮੈਂ ਚੁੱਪੀ ਤੋੜਦਿਆਂ ਅੱਗੇ ਗੱਲ ਸ਼ੁਰੂ ਕੀਤੀ, ‘‘ਭੂਆ! ਏਧਰ ਸਾਰੇ ਜੀਅ ਠੀਕ ਸੀ?’’
‘‘ਅੱਲ੍ਹਾ ਤਾਲਾ ਨੇ ਏਥੇ ਵੀ ਠੰਢ ਵਰਤਾਈ। ਮੇਰਾ ਬਾਪ ਤਾਂ ਪਹਿਲਾਂ ਦਾ ਈ ਮੁੱਕਿਆ ਹੋਇਆ ਸੀ। ਮੇਰੀ ਮਾਂ ਤੇ ਭਰਾ, ਭਰਜਾਈ ਸੀ ਘਰ। ਪਿੰਡ ਵਾਲਿਆਂ ਦਾ ਜਿਗਰਾ ਵੇਖ ਲਓ ਉਨ੍ਹਾਂ ਦੋ ਸਾਲਾਂ ਤਾਈਂ ਪਤਾ ਨਹੀਂ ਲੱਗਣ ਦਿੱਤਾ ਬਈ ਉਹ ਉੱਥੇ ਨੇ। ਪਿੰਡ ਦੇ ਲੋਕਾਂ ਨੇ ਆਪਣੇ ਘਰ ਲੁਕੋ ਕੇ ਰੱਖੇ। ਦੋ ਸਾਲ ਉਨ੍ਹਾਂ ਦਾ ਢਿੱਡ ਭਰਦੇ ਰਹੇ, ਪਰ ਪਿੱਠ ਨਹੀਂ ਦਿਖਾਈ।’’
‘‘ਭੂਆ! ਫੇਰ ਇਨ੍ਹਾਂ ਦੀ ਸੁੱਖ-ਸਾਂਦ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ?’’
‘‘ਜਦ ਕੁਝ ਠੰਢ-ਠੰਢੌਲਾ ਹੋ ਗਿਆ ਮੇਰੇ ਮਾਮੇ ਨੇ ਖ਼ਤ ਪਾਏ... ਖ਼ਤ ਪਾਇਆ ਤੇ ਉਡੀਕਦੇ ਰਹੇ... ਫੇਰ ਇੱਧਰੋਂ ਖ਼ਤ ਗਿਆ, ਬਈ, ਸਾਰੇ ਠੀਕ ਨੇ... ਫ਼ਿਕਰ ਨਹੀਂ ਕਰਨੀ।’’
‘‘ਭੂਆ! ਫੇਰ ਕਿੰਝ ਮੇਲ-ਗੇਲ ਸ਼ੁਰੂ ਹੋਏ?’’ ‘‘ਫੇਰ ਮੇਰੀ ਮਾਂ ਆਈ ਚਹੁੰ ਸਾਲਾਂ ਮਗਰੋਂ ਉੱਧਰ। ਉਹ ਤੜਫਦੀ, ਕਹਿੰਦੀ ਬਾਪ ਤਾਂ ਹੈ ਨਈਂ... ਮੈਂ ਤਾਂ ਹੈਗੀ... ਮੈਂ ਆਪਣੇ ਹੱਥੀਂ ਆਪਣੀ ਧੀ ਦੀ ਸ਼ਾਦੀ ਕਰਨੀ ਏ। ਮੇਰੀ ਮਾਂ ਮੇਰੀ ਸ਼ਾਦੀ ਕਰਨ ਲਈ ਗਈ ਸੀ ਓਧਰ... ਫੇਰ ਉਹਨੇ ਦੋ ਸਾਲਾਂ ਮਗਰੋਂ ਮੇਰੀ ਸ਼ਾਦੀ ਕੀਤੀ ਉੱਥੇ। ਮਾਂ ਨੂੰ ਤਾਂ ਇਹ ਸੀ, ‘ਮੈਂ ਕਿਹੜਾ ਪੱਕਾ ਜਾਣਾ ਏ, ਸ਼ਾਦੀ ਕਰਕੇ ਮੁੜ ਆਊਂ ਆਪਣੇ ਘਰ’ ਪਰ ਮੁੜ ਕੇ ਫੇਰ ਉਹ ਏਧਰ ਨਹੀਂ ਆ ਸਕੀ। ਓਧਰੇ ਰਹਿ ਗਈ। ਹੁਣ ਤਾਂ ਕਦ ਦੀ ਮਰ-ਮੁੱਕ ਗਈ।’’
‘‘ਭੂਆ! ਤੁਹਾਡਾ ਜੀਅ ਨਹੀਂ ਕੀਤਾ ਇੱਥੇ ਆਉਣ ਦਾ ਪਹਿਲਾਂ ਕਦੇ?’’ ‘‘ਧੀਏ! ਜੀਅ ਨੂੰ ਕੀ ਕਰਨਾ! ਬਥੇਰੀ ਵਾਰ ਕਾਗਜ਼-ਪੱਤਰ ਭਰੇ... ਹੁਣ ਜਾ ਕੇ ਅੱਲ੍ਹਾ-ਤਾਲਾ ਨੇ ਸੁਣੀ। ਨਾਲੇ ਹੁਣ ਓਧਰ ਵੀ ਬਥੇਰਾ ਟੱਬਰ ਏ ਮੇਰਾ। ਸੁਣ! ਮੇਰਾ ਇਕ ਪੁੱਤ, ਉਹਦੇ ਅੱਗੇ ਚਾਰ ਪੁੱਤ, ਮੇਰੇ ਪੋਤੇ-ਪੋਤੀਆਂ... ਸਾਰੇ ਬਹੁਤ ਕਰਦੇ ਐ ਮੇਰਾ... ਮੇਰੇ ਤਾਂ ਪੋਤੇ-ਪੋਤੀਆਂ ਦੀਆਂ ਵੀ ਸ਼ਾਦੀਆਂ ਹੋ ਗਈਆਂ। ਉਨ੍ਹਾਂ ਦੇ ਮੋਹ ’ਚ ਏਧਰਲਾ ਮੋਹ ਕਦੇ ਈ ਜਾਗਦੈ।’’
‘‘ਭੂਆ! ਇਕ ਮੁੰਡਾ ਤੇ ਧੀਆਂ ਕਿੰਨੀਆ?’’
‘‘ਧੀਆਂ ਵੀ ਸੁੱਖ ਨਾਲ ਦੋ ਐ ਮੇਰੀਆਂ। ਇਕ ਧੀ ਮੇਰੀ ਮੁਲਤਾਨ ਵਿਆਹੀ ਹੋਈ ਏ... ਸੁਣਿਆਂ ਕਦੇ ਮੁਲਤਾਨ ਦਾ ਨਾਂ?’’
‘‘ਹਾਂ ਜੀ ਭੂਆ ਜੀ, ਇੰਨਾ ਤਾਂ ਮਸ਼ਹੂਰ ਐ।’’
‘‘ਹਾਂ, ਮੇਰੀ ਛੋਟੀ ਬੇਟੀ ਮੁਲਤਾਨ ਐ, ਵੱਡੀ ਸਾਡੇ ਪਿੰਡ ਈ ਐ। ਉਹਦੇ ਦੋ ਬੇਟੀਆਂ, ਲੜਕਾ ਕੋਈ ਹੈ ਨਹੀਂ। ਫੇਰ ਮੈਂ ਆਪਣੀਆਂ ਉਹ ਦੋਵੇਂ ਦੋਹਤੀਆਂ ਆਪਣੇ ਦੋਵਾਂ ਪੋਤਿਆਂ ਨੂੰ ਮੰਗ ਲਈਆਂ। ਮੇਰੀਆਂ ਦੋਹਤੀਆਂ, ਮੇਰੀਆਂ ਪੋਤ ਨੂੰਹਾਂ ਬਣ ਗਈਆਂ।
ਮੇਰੀ ਜਿਹੜੀ ਭਰਜਾਈ ਸੀ ਏਧਰ... ਉਹ ਮੇਰੀ ਭੂਆ ਦੀ ਧੀ ਸੀ। ਨੂਰਾ ਸੀ ਉਹਦਾ ਨਾਂ। ਜਦ ਮੇਰੀ ਮਾਂ ਓਧਰ ਮੇਰੇ ਕੋਲ ਆਈ ਮੇਰੀ ਸ਼ਾਦੀ ਕਰਨ, ਉਹਤੋਂ ਮੁੜ ਕੇ ਏਧਰ ਨ੍ਹੀਂ ਆਇਆ ਗਿਆ। ਦੋ ਜੀਅ ਰਹਿ ਪਏ ਏਧਰ ਉਹ ਭਰਾ ਭਰਜਾਈ। ਮੇਰਾ ਪਿਓ ਤਾਂ ਕਦ ਦਾ ਮਰ ਮੁੱਕ ਗਿਆ ਸੀ ਵੰਡ ਤੋਂ ਪਹਿਲਾਂ ਈ। ਮੇਰੀ ਭਰਜਾਈ ਹੁਣ ਤਾਂ ਮਰ ਗਈ, ਪਰ ਉਹਨੂੰ ਮਰਨ ਵੇਲੇ ਤੱਕ ਇਹੋ ਹੌਸਲਾ ਰਿਹਾ, ਬਈ, ਮੇਰੇ ਮਾਮੇ ਮੇਰੇ ਨਾਲ ਈ ਆ।’’
‘‘ਦੇਖੋ! ਬੰਦੇ ਮੁੱਕ ਜਾਂਦੇ ਨੇ, ਪਰ ਉਨ੍ਹਾਂ ਦਾ ਹੌਸਲਾ ਵੀ ਬੰਦੇ ’ਚ ਨਵੀਂ ਰੂਹ ਫੂਕ ਦਿੰਦਾ ਏ।’’
‘‘ਹੋਰ ਧੀਏ! 2012 ’ਚ ਇੱਕ ਮੁੰਡਾ ਮੇਰੀ ਇੰਟਰਵਿਊ ਲੈਣ ਆਇਆ। ਮੈਨੂੰ ਪੁੱਛੇ, ਤੈਨੂੰ ਫਲਾਣੀ ਗੱਲ ਯਾਦ ਐ? ਫਲਾਣਾ ਸਮਾਂ ਯਾਦ ਐ?’’
‘‘ਮੈਂ ਕਿਹਾ, ਪੁੱਤ ਇਹ ਭੁੱਲਣ ਵਾਲੀਆਂ ਗੱਲਾਂ ਨੇ! ਬੁਢਾਪਾ ਆ ਗਿਆ, ਉਹ ਜਿਹੜੇ ਦੁੱਖਾਂ ਦੇ ਠੱਪੇ ਮੇਰੇ ਏਥੇ ਲੱਗੇ ਹੋਏ (ਆਪਣੇ ਦਿਲ ’ਤੇ ਹੱਥ ਰੱਖਦਿਆਂ) ਉਹ ਤਾਂ ਐਦਾਂ ਈ ਰਹਿਣੇ... ਉਹ ਮੁੰਡਾ ਵੀ ਰੋ ਪਿਆ ਗੱਲਾਂ ਸੁਣ ਕੇ।’’ ‘‘ਭੂਆ! ਆਪਾਂ ਐਨੀਆਂ ਗੱਲਾਂ ਕਰ ਲਈਆਂ, ਪਰ ਮੈਂ ਤੁਹਾਡਾ ਨਾਂ ਪੁੱਛਿਆ ਈ ਨ੍ਹੀਂ?’’
‘‘ਮੇਰਾ ਨਾਂ ਹਸ਼ਮਤੇ ਬੀਬੀ। ਉਂਜ ਕਹਿੰਦੇ ਸਾਰੇ ਕਾਕੀ ਬੀਬੀ ਨੇ।’’ ਭੂਆ ਦੀ ਗੱਲ ਸੁਣ ਸਾਰੇ ਹੱਸ ਪਏ ਤਾਂ ਭੂਆ ਆਪ ਵੀ ਹੱਸਦਿਆਂ ਆਖਣ ਲੱਗੀ, ‘‘ਹੋਰ! ਪੋਤੇ-ਪੜੋਤਿਆਂ, ਦੋਹਤੇ-ਦੋਹਤੀਆਂ ਆਲੀ ਹੋ ਗਈ, ਪਰ ਹਾਂ ਹਾਲੇ ਸਭ ਦੀ ਕਾਕੀ। ਹਾਂ! ਉਂਜ ਵੋਟਰ ਕਾਰਡ ਹੋਇਆ, ਹਸਪਤਾਲ ਦਾ ਕਾਰਡ ਜਾਂ ਹੋਰ ਕਿਤੇ ਜ਼ਰੂਰੀ ਕਾਗਜ਼ ਹੋਇਆ ਉੱਥੇ ਹਸ਼ਮਤੇ ਬੀਬੀ ਹੋ ਜਾਂਦੈ।’’ ਭੂਆ ਨਾਲ ਗੱਲਾਂ ਕਰਦਿਆਂ ਵਕਤ ਦਾ ਪਤਾ ਹੀ ਨਹੀਂ ਲੱਗਿਆ ਕਿਵੇਂ ਲੰਘ ਗਿਆ। ਜੀਅ ਤਾਂ ਕਰਦਾ ਸੀ ਭੂਆ ਕੋਲ ਬੈਠੀ ਰਹਾਂ ਤੇ ਹੋਰ ਗੱਲਾਂ ਕਰਾਂ, ਪਰ ਆਪਣਾ ਘਰ ਵੀ ਦੇਖਣਾ ਸੋਚ ਕੇ ਘਰ ਜਾਣ ਲਈ ਭੂਆ ਤੋਂ ਇਜਾਜ਼ਤ ਮੰਗੀ। ਉਸ ਨੇ ਦੋ-ਚਾਰ ਦਿਨ ਰੋਪੜ ਰਹਿ ਕੇ ਖਡੂਰ ਸਾਹਿਬ ਜਾਣਾ ਸੀ। ਫਿਰ ਆਪਣੇ ਪਰਿਵਾਰ ’ਚ ਪਾਕਿਸਤਾਨ ਕਿਉਂਕਿ ਹੁਣ ਭੂਆ ਦਾ ਵਤਨ ਉਹ ਹੈ। ਜਿੰਦ ਇੱਥੇ ਵੀ ਤੇ ਉੱਥੇ ਵੀ। ਘਰ ਇੱਥੇ ਵੀ ਹੈ, ਉੱਥੇ ਵੀ।
ਸੰਪਰਕ: 98143-85918