ਹਸਪਤਾਲ ਸ਼ੁਰੂ ਕਰਵਾਉਣ ਲਈ ਭਾਜਪਾ ਆਗੂਆਂ ਵੱਲੋਂ ਭੁੱਖ ਹੜਤਾਲ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 27 ਨਵੰਬਰ
ਇਥੋਂ ਦੇ ਜਰਨੈਲੀ ਸੜਕ ਨੇੜਲੇ ਪਿਛਲੀ ਕਾਂਗਰਸ ਸਰਕਾਰ ਵੱਲੋਂ 8 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਸਰਕਾਰੀ ਹਸਪਤਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ। ਇਹ ਮਸਲਾ ਚਰਚਾ ਵਿੱਚ ਆਉਣ ’ਤੇ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਪੰਜਾਬ ਦੀ ਸਪੋਕਸਪਰਸਨ ਨੀਤੂ ਸਿੰਘ ਵੱਲੋਂ ਹਸਪਤਾਲ ਵਿਚ ਸਟਾਫ਼ ਭੇਜਣ ਦੀ ਮੰਗ ਸਬੰਧੀ ਕਰੀਬ 3 ਮਹੀਨੇ ਪਹਿਲਾਂ ਸੰਘਰਸ਼ ਆਰੰਭਿਆ ਗਿਆ ਸੀ ਤਾਂ ਉਸ ਸਮੇਂ ਐੱਸਐੱਮਓ ਵੱਲੋਂ ਲਿਖਤੀ ਤੌਰ ’ਤੇ ਹਸਪਤਾਲ ਵਿੱਚ ਸਟਾਫ਼ ਦੀ ਹਾਜ਼ਰੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਕੁਝ ਸਟਾਫ਼ ਵੀ ਆ ਗਿਆ ਸੀ।
ਦੂਜੇ ਦਿਨ ਹੀ ਸਟਾਫ਼ ਗੈਰਹਾਜ਼ਰ ਵੀ ਹੋ ਗਿਆ ਅਤੇ ਮੁੜ ਅੱਜ ਤੱਕ ਇਸ ਹਸਪਤਾਲ ਵਿਚ ਕੋਈ ਸਆਫ਼ ਨਹੀਂ ਮੁੜਿਆ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਬਿਲਡਿੰਗ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਇਸ ਮੌਕੇ ਭਾਜਪਾ ਆਗੂਆ ਨੇ ਮੁੜ ਤੋਂ ਭੁੱਖ ਹੜਤਾਲ ਆਰੰਭੀ। ਨੀਤੂ ਸਿੰਘ ਨੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਲਿਖਤੀ ਵਾਅਦਾ ਕੀਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿਚ ਇਲਾਕੇ ਦੇ ਸਾਰੇ ਲੋਕਾਂ ਨੇ ਇਲਾਜ ਕਰਵਾਉਣਾ ਹੈ ਅਤੇ ਮੁੱਖ ਮਾਰਗ ਤੇ ਹੋਣ ਕਾਰਨ ਹਾਦਸਿਆਂ ਵਿਚ ਪੀੜ੍ਰਤ ਹੋਏ ਲੋਕਾਂ ਨੂੰ ਮੁੱਢਲੀ ਸਹਾਇਤਾ ਦਾ ਸਹਾਰਾ ਵੀ ਬਣਨਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਮੈਡੀਕਲ ਕਾਲਜ ਖੋਲ੍ਹਣ ਦੇ ਦਾਅਵੇ ਕਰਦੀ ਹੈ ਪਰ ਪਿਛਲੀ ਸਰਕਾਰ ਵੱਲੋਂ ਮੁਕੰਮਲ ਰੂਪ ਵਿਚ ਤਿਆਰ ਕੀਤੇ ਗਏ ਇਸ ਹਸਪਤਾਲ ਵਿਚ ਸਟਾਫ਼ ਤੱਕ ਨਹੀਂ ਭੇਜਿਆ ਜਾ ਰਿਹਾ, ਜੋ ‘ਆਪ’ ਸਰਕਾਰ ਦੀ ਸਭ ਤੋਂ ਵੱਡੀ ਅਣਗਹਿਲੀ ਹੈ। ਇਸ ਮੌਕੇ ਚੰਦਨਪ੍ਰੀਤ ਸਿੰਘ, ਮਨੋਜ ਪੰਡਤ, ਚੰਦਰ ਮਾਨ, ਦਲਜੀਤ ਸਿੰਘ, ਕੀਮਤੀ ਲਾਲ, ਵਿਨੈ ਸੂਦ, ਦਿਨੇਸ਼ ਨਾਰਦ, ਬੂਵਨ ਦੋਰਾਹਾ, ਸਤਵਿੰਦਰ ਸਿੰਘ, ਹਰਬੰਤ ਸਿੰਘ ਤੇ ਹੋਰ ਹਾਜ਼ਰ ਸਨ।